ਵਿਜੀਲੈਂਸ ਨੇ ਪਟਵਾਰੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ ਕੀਤਾ

Bribe

(ਰਜਨੀਸ਼ ਰਵੀ) ਜਲਾਲਾਬਾਦ। ਅੱਜ ਸਵੇਰੇ ਵਿਜੀਲੈਂਸ ਦੀ ਟੀਮ ਵੱਲੋਂ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਪਟਵਾਰਖਾਨੇ ਵਿਖੇ ਪੱਕਾ ਕਾਲੇ ਵਾਲਾ ਸਰਕਲ ਦੇ ਪਟਵਾਰੀ ਬਸਤੀ ਰਾਮ ਨੂੰ ਜ਼ਮੀਨ ਦੀ ਤਕਸੀਮ ਕਰਨ ਦੇ ਲਈ 7500 ਰੁਪਏ ਦੀ ਕਥਿਤ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਸਤਵੰਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਧੀਰ ਸਿੰਘ  ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਪੱਕਾ ਕਾਲੇ ਵਾਲਾ ਨੇ ਟੀਮ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਪੱਕੇ ਕਾਲਾ ਵਾਲਾ ਸਰਕਲ ਦਾ ਪਟਵਾਰੀ ਬਸਤੀ ਰਾਮ ਜ਼ਮੀਨ ਦੀ ਤਕਸੀਮ ਕਰਨ ਦੇ ਲਈ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਜਿਸ ਤੋਂ ਬਾਅਦ ਅੱਜ ਵਿਜੀਲੈਂਸ ਦੀ ਟੀਮ ਵੱਲੋਂ ਉਕਤ ਪਟਵਾਰੀ ‘ਤੇ ਛਾਪੇਮਾਰੀ ਕੀਤੀ ਗਈ ਤਾਂ ਉਕਤ ਪਟਵਾਰੀ ਵੱਲੋਂ ਰਿਸ਼ਵਤ ਦੇ ਤੌਰ ‘ਤੇ ਗੁਰਧੀਰ ਸਿੰਘ ਤੋਂ ਜ਼ਮੀਨ ਦੀ ਤਕਸੀਮ ਲਈ ਗਈ 7500 ਰੁਪਏ ਦੀ ਰਾਸ਼ੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮੌਕੇ ‘ਤੇ ਐਕਸੀਅਨ ਵਾਟਰ ਸੈਨੀਟੇਸ਼ਨ ਹਰਬੀਰ ਸਿੰਘ ਅਤੇ ਜੇ.ਈ ਜਸਪ੍ਰੀਤ ਸਿੰਘ ਨੂੰ ਸਰਕਾਰੀ ਗਵਾਹ ਦੇ ਤੌਰ ‘ਤੇ ਨਾਲ ਲਿਆਂਦਾ ਗਿਆ ਸੀ।

ਇਸ ਨਾਲ ਤਹਿਸੀਲ ਕੰਪਲੈਕਸ ਵਿੱਚ ਬਣੇ ਪਟਵਾਰਖਾਨੇ ਵਿੱਚ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ, ਜਦੋਂ ਵਿਜੀਲੈਂਸ ਦੀ ਟੀਮ ਵੱਲੋਂ ਰਿਸ਼ਵਤ ਸਮੇਤ ਕਾਬੂ ਕੀਤੇ ਗਏ ਪਟਵਾਰੀ ਨੂੰ ਆਪਣੇ ਨਾਲ ਲਿਜਾਣ ਲੱਗੀ ਤਾਂ ਵਿਜੀਲੈਂਸ ਟੀਮ ਦੀ ਗੱਡੀ ਅੱਗੇ ਧਰਨਾ ਲਾ ਕੇ ਰੋਕੀ ਰੱਖਿਆ। ਪਟਵਾਰੀਆਂ ਦਾ ਕਹਿਣਾ ਸੀ ਕਿ ਪਟਵਾਰੀ ਬਸਤੀ ਰਾਮ ਨੂੰ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ