ਬਠਿੰਡਾ ਦੇ ਮਾਲ ਰੋੜ ’ਤੇ ਦੁਕਾਨਦਾਰਾਂ ਨੇ ਲਾਇਆ ਧਰਨਾ | Bathinda Murder
- ਕਿਹਾ, ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦਿਓ
ਬਠਿੰਡਾ (ਸੁਖਜੀਤ ਮਾਨ)। ਸਥਾਨਕ ਸ਼ਹਿਰ ਦੇ ਸਭ ਤੋਂ ਜ਼ਿਆਦਾ ਭੀੜ-ਭੜੱਕੇ ਵਾਲੇ ਇਲਾਕੇ ਮਾਲ ਰੋਡ ’ਤੇ ਕੱਲ੍ਹ ਦੇਰ ਸ਼ਾਮ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਕਰਕੇ ਅੱਜ ਐਤਵਾਰ ਨੂੰ ਬਠਿੰਡਾ ਦੇ ਮਾਲ ਰੋਡ ’ਤੇ ਦੁਕਾਨਦਾਰਾਂ ਵੱਲੋਂ ਪ੍ਰਦਰਸ਼ਨ ਕਰਕੇ ਬਾਜ਼ਾਰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਦੁਕਾਨਦਾਰਾਂ ਨਾਅਰੇਬਾਜ਼ੀ ਕਰ ਰਹੇ ਹਨ। ਦੁਕਾਰਨਦਾਰ ਘਟਨਾ ਸਥਾਨ ’ਤੇ ਪਹੁੰਚਣਾ ਸ਼ੁਰੂ ਹੋ ਗਏ ਹਨ। ਸਵੇਰੇ 8 ਵਜੇ ਹੀ ਵੱਡੀ ਗਿਣਤੀ ’ਚ ਵਪਾਰੀ ਮਾਲ ਰੋਡ ’ਤੇ ਪਹੁੰਚਣ ਲੱਗ ਗਏ ਸਨ। ਦੁਕਾਨਦਾਰਾਂ ਦੀਆਂ ਦੁਕਾਨਾਂ ’ਤੇ ਤਾਲੇ ਲੱਗੇ ਹੋਏ ਸਨ। ਵਪਾਰ ਮੰਡਲ ਵੱਲੋਂ ਅਨਾਉਸਮੈਂਟ ਵੀ ਕੀਤੀ ਜਾ ਰਹੀ ਹੈ ਕਿ ਕੋਈ ਵੀ ਵਪਾਰੀ ਜਾਂ ਦੁਕਾਨਦਾਰ ਅੱਜ ਆਪਣੀ ਦੁਕਾਨ ਨਾ ਖੋਲ੍ਹੇ। (Bathinda Murder)
ਇਹ ਵੀ ਪੜ੍ਹੋ : ਬਠਿੰਡਾ ’ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਵਪਾਰੀਆਂ ’ਚ ਰੋਸ
ਵਪਾਰੀਆਂ ਦੀ ਮੰਗ ਹੈ ਕਿ ਮ੍ਰਿਤਕ ਵਪਾਰੀ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਦੱਸ ਦੇਈਏ ਕਿ ਹਨੂੰਮਾਨ ਚੌਕ ਦੇ ਨਜ਼ਦੀਕ ਸਥਿਤ ਹਰਮਨ ਅੰਮ੍ਰਿਤਸਰੀ ਕੁਲਚਾ ਦੇ ਮਾਲਕ ਹਰਜਿੰਦਰ ਜੌਹਲ ਉਰਫ ਮੇਲਾ ਕੱਲ੍ਹ ਆਪਣੀ ਦੁਕਾਨ ਦੇ ਬਾਹਰ ਬੈਠਾ ਸੀ। ਇਸ ਦੌਰਾਨ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਆਏ, ਜਿੰਨ੍ਹਾਂ ਨੇ ਹਰਜਿੰਦਰ ਜੌਹਲ ਉੱਪਰ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ। ਫਾਇਰਿੰਗ ਕਾਰਨ ਜ਼ਖਮੀ ਨੌਜਵਾਨ ਨੂੰ ਫੌਰੀ ਤੌਰ ’ਤੇ ਸਰਕਾਰੀ ਸਿਵਲ ਹਸਪਤਾਲ ’ਚ ਲਿਆਂਦਾ ਗਿਆ ਜਿੱਥੇ ਉਸ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਅੱਗੇ ਇੱਕ ਪ੍ਰਾਈਵੇਟ ਹਸਪਤਾਲ ’ਚ ਰੈਫਰ ਕਰ ਦਿੱਤਾ, ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। (Bathinda Murder)
ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਪੁੱਜੇ
ਹਰਮਨ ਅੰਮ੍ਰਿਤਸਰੀ ਕੁਲਚਾ ਦੇ ਮਾਲਕ ਹਰਜਿੰਦਰ ਜੌਹਲ ਉਰਫ਼ ਮੇਲਾ ਦੇ ਕਤਲ ਮਾਮਲੇ ’ਚ ਲੋਕਾਂ ’ਚ ਲਗਾਤਾਰ ਰੋਹ ਵਧ ਰਿਹਾ ਹੈ। ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂ ਵੀ ਪੁੱਜੇ ਹੋਏ ਹਨ। ਇਸ ਤੋਂ ਇਲਾਵਾ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਧਰਨੇ ’ਚ ਸ਼ਾਮਲ ਹੋਏ, ਜਿੰਨ੍ਹਾਂ ਨੇ ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਕਾਰਨ ਰੋਜ਼ਾਨਾ ਹੋ ਰਹੇ ਕਤਲਾਂ ਦਾ ਜ਼ਿਕਰ ਕਰਦਿਆਂ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਲਈ ਕਿਹਾ।
ਨਵਜੋਤ ਸਿੰਘ ਸਿੱਧੂ ਵੀ ਪਹੁੰਚ ਰਹੇ ਹਨ ਬਠਿੰਡਾ
ਵਪਾਰੀਆਂ ਵੱਲੋਂ ਅੱਜ ਰੋਸ ਵਜੋਂ ਬਠਿੰਡਾ ਦੇ ਬਜ਼ਾਰ ਬੰਦ ਰੱਖੇ ਗਏ ਹਨ। ਇਸ ਬੰਦ ਨੂੰ ਸਮਰਥਨ ਦੇਣ ਅਤੇ ਧਰਨੇ ’ਚ ਸ਼ਾਮਲ ਹੋਣ ਲਈ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵੀ ਬਠਿੰਡਾ ਆ ਰਹੇ ਹਨ।
ਪੁਲਿਸ ਨੂੰ 24 ਘੰਟਿਆਂ ਦੀ ਮੋਹਲਤ
ਧਰਨੇ ਤੇ ਬੈਠੇ ਵਪਾਰੀਆਂ ਤੇ ਹੋਰਨਾਂ ਆਗੂਆਂ ਨੇ ਇਸ ਕਤਲ ਮਾਮਲੇ ’ਚ ਪੁਲਿਸ ਨੂੰ 24 ਘੰਟਿਆਂ ਦੀ ਮੋਹਲਤ ਦਿੱਤੀ ਹੈ। ਧਰਨਾਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਨੇ 24 ਘੰਟਿਆਂ ’ਚ ਕਾਤਲ ਗ੍ਰਿਫਤਾਰ ਨਾ ਕੀਤੇ ਤਾਂ ਧਰਨਾ ਮਰਨ ਵਰਤ ’ਚ ਤਬਦੀਲ ਕੀਤਾ ਜਾਵੇਗਾ। (Bathinda Murder)