(ਅਨਿਲ ਲੁਟਾਵਾ) ਅਮਲੋਹ। ਐਨ.ਆਰ.ਆਈ ਸਪੋਰਟਸ ਕਲੱਬ ਰਜਿ: ਅਮਲੋਹ ਵੱਲੋਂ 12ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ ਅੱਜ ਸ਼ੁਰੂ ਹੋ ਗਿਆ, ਜਿਸ ਦਾ ਉਦਘਾਟਨ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਗੈਰੀ ਬੜਿੰਗ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿਚ ਸੰਗਰੂਰ ਅਕੈਡਮੀ ਨੇ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਨੂੰ 2-1 ਨਾਲ ਹਰਾਇਆ ਜਦੋਂਕਿ ਦੂਜੇ ਮੈਚ ਵਿਚ ਐਐੱਸਜੀਐਨਪੀ ਅਕੈਡਮੀ ਸਾਹਬਾਦ ਮਾਰਕੰਡਾ ਨੇ ਪਟਿਆਲਾ ਇਲੈਵਨ ਦੀ ਟੀਮ ਨੂੰ 4-3 ਨਾਲ ਮਾਤ ਦਿੱਤੀ।
ਹਰਿਆਣਾ ਇਲੈਵਨ ਅਕੈਡਮੀ ਦੀ ਟੀਮ 2-1ਨਾਲ ਰਹੀ ਜੇਤੂ
ਇਸੇ ਤਰ੍ਹਾਂ ਪਹਿਲੇ ਦਿਨ ਦੇ ਅੰਤਿਮ ਮੈਚ ਵਿਚ ਐਸਜੀਪੀਸੀ ਅੰਮ੍ਰਿਤਸਰ ਅਤੇ ਹਰਿਆਣਾ ਇਲੈਵਨ ਅਕੈਡਮੀ ਵਿੱਚ ਖੇਡਿਆ ਗਿਆ। ਜਿਸ ਵਿੱਚ ਟੀਮਾਂ ਪੂਰੇ ਸਮੇਂ ਤੱਕ ਬਰਾਬਰ ਰਹੀਆਂ ਅਤੇ ਸੂਟ ਆਉਟ ਰਾਹੀ ਹਰਿਆਣਾ ਇਲੈਵਨ ਅਕੈਡਮੀ ਦੀ ਟੀਮ 2-1ਨਾਲ ਜੇਤੂ ਰਹੀ। ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕੱਲ੍ਹ ਲੜਕੀਆਂ ਦੇ ਮੈਚ ਵੀ ਕਰਵਾਏ ਜਾਣਗੇ ਅਤੇ ਲੜਕਿਆਂ ਵਿਚੋਂ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 55 ਹਜ਼ਾਰ ਰੁਪਏ, ਦੂਜੇ ਸਥਾਨ ਵਾਲੀ ਟੀਮ ਨੂੰ 35 ਹਜ਼ਾਰ ਰੁਪਏ ਅਤੇ ਲੜਕੀਆਂ ਵਿਚੋਂ ਪਹਿਲੇ ਸਥਾਨ ਵਾਲੀ ਟੀਮ ਨੂੰ 25 ਹਜ਼ਾਰ ਰੁਪਏ ਅਤੇ ਦੂਜੇ ਸਥਾਨ ਵਾਲੀ ਟੀਮ ਨੂੰ 15 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਅਤੇ ਯਾਦਗਾਰੀ ਕੱਪ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਭਗਵਾਨ ਦਾਸ ਮਾਜਰੀ ਨੇ ਬਾਖ਼ੂਬੀ ਨਿਭਾਈ ਅਤੇ ਕਲੱਬ ਮੈਂਬਰਾਂ ਨੇ ਆਏ ਪਤਵੰਤਿਆਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਸ਼ਿੰਦਰ ਮੋਹਨ ਪੁਰੀ, ਮੀਤ ਪ੍ਰਧਾਨ ਅਨਿਲ ਲੁਟਾਵਾ, ਸਰਪ੍ਰਸਤ ਵਿਨੋਦ ਮਿੱਤਲ, ਸਤਵਿੰਦਰ ਬਾਂਸਲ, ਵਾਈਸ ਪ੍ਧਾਨ ਰੁਪਿੰਦਰ ਹੈਪੀ, ਖਜ਼ਾਨਚੀ ਪਵਨ ਕਾਲੀਆ, ਪ੍ਰੈਸ ਸਕੱਤਰ ਹੈਪੀ ਸੂਦ, ਸਕੱਤਰ ਪਰਮਜੀਤ ਸੂਦ, ਸਹਾਇਕ ਸਕੱਤਰ ਡਾ. ਅਸ਼ੋਕ ਬਾਤਿਸ਼, ਮਾਸਟਰ ਭਗਵਾਨ ਦਾਸ ਮਾਜਰੀ, ਸਿਕੰਦਰ ਸਿੰਘ ਗੋਗੀ,ਡਾ. ਸੇਵਾ ਰਾਮ, ਚਰਨ ਰੈਹਿਲ, ਕੌਂਸਲਰ ਹੈਪੀ ਸੇਢਾ, ਵਿੱਕੀ ਡੱਲਾ, ਬਲਜੀਤ ਸਿੰੰਘ, ਅਤੇ ਡਾ਼ ਯਾਦਵਿੰਦਰ ਸਰਮਾ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ