ਡੈਪਥ ਮੁਹਿੰਮ ਲਿਆ ਰਹੀ ਹੈ ਰੰਗ ਪਿੰਡ ਡਗਰੂ ਦੀ ਪੰਚਾਇਤ ਨੇ ਵੀ ਨਸ਼ਿਆਂ ਖਿਲਾਫ਼ ਕਸੀ ਕਮਰ, ਨਹੀਂ ਵਿਕੇਗਾ ਨਸ਼ਾ
(ਵਿੱਕੀ ਕੁਮਾਰ) ਮੋਗਾ। ਡੇਰਾ ਸੱਚਾ ਸੌਦਾ, ਪੰਜਾਬ ਸਰਕਾਰ, ਸਮਾਜਸੇਵੀ ਸੰਸਥਾਵਾਂ, ਸਮਾਜ ਨੂੰ ਸਮਰਪਿਤ ਨੇਤਾਵਾਂ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ (Depth Campaign) ਨੂੰ ਹੁਣ ਆਮ ਲੋਕ ਵੀ ਲਗਾਤਾਰ ਅਪਣਾਉਣ ਲੱਗੇ ਹਨ, ਕਿਉਂਕਿ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ ਜਿੱਥੇ ਪਵਿੱਤਰ ਗੁਰਬਾਣੀ ਦੀ ਵਰਖਾ ਹੋਣੀ ਚਾਹੀਦੀ ਸੀ ਉੱਥੇ ਚਿੱਟੇ ਦੀ ਵਰਖਾ ਹੋ ਰਹੀ ਹੈ ਜੋ ਬੇਹੱਦ ਦੁਖਦਾਈ ਹੈ। ਵਿਧਾਨ ਸਭਾ ਹਲਕਾ ਮੋਗਾ ਅੰਦਰ ਪੈਂਦੇ ਪਿੰਡ ਡਗਰੂ ਦੇ ਸਰਪੰਚ ਸੁਖਜਿੰਦਰ ਸਿੰਘ ਤੇ ਸਤਨਾਮ ਸਿੰਘ ਸੱਤਾ ਦੀ ਅਗਵਾਈ ’ਚ ਵੀ ਵੇਖਣ ਨੂੰ ਮਿਲ ਰਿਹਾ ਹੈ। ਪਿੰਡ ਪੰਚਾਇਤ ਨੇ ਆਪਣੇ ਪੱਧਰ ’ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਪਿੰਡ ਦੇ ਕਲੱਬਾਂ ਤੇ ਨਗਰ ਵਾਸੀਆਂ ਦਾ ਇਕੱਠ ਕਰਕੇ ਪਿੰਡ ’ਚ ਨਸ਼ਾ ਵੇਚਣ ਤੇ ਨਸ਼ਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਮਤਾ ਪਾਸ ਕੀਤਾ ਹੈ।
ਇਹ ਵੀ ਪੜ੍ਹੋ : ਅਸਪਾਲ ਕਲਾਂ ਤੇ ਸ਼ਹਿਣਾ ਦੀਆਂ ਪੰਚਾਇਤਾਂ ਨੇ ਨਸ਼ੇ ਵੇਚਣ/ਵਰਤਣ ਵਾਲਿਆਂ ਖਿਲਾਫ ਪਾਏ ਮਤੇ
ਇਸ ਮੌਕੇ ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਤੇ ਪੰਚ ਸਤਪਾਲ ਸਿੰਘ ਸੱਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਛੇੜੀ ਮੁਹਿੰਮ ਤਹਿਤ ਸੋਮਵਾਰ ਨੂੰ ਪਿੰਡ ਪੱਧਰ ’ਤੇ ਮੀਟਿੰਗ ਬੁਲਾਈ ਗਈ। ਮੀਟਿੰਗ ’ਚ ਪੰਚਾਇਤ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਾਂਝੇ ਤੌਰ ’ਤੇ ਲਿਖਿਤ ਮਤਾ ਪਾਸ ਕੀਤਾ ਗਿਆ ਕਿ ਪਿੰਡ ’ਚ ਨਾ ਤਾਂ ਕੋਈ ਨਸ਼ਾ ਵੇਚੇਗਾ ਤੇ ਨਾ ਹੀ ਨਸ਼ਾ ਕਰੇਗਾ।
ਨਸ਼ਾ ਵੇਚਣ ਵਾਲੇ ਅਤੇ ਉਸ ਦਾ ਸਾਥ ਦੇਣ ਵਾਲੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ
ਨਸ਼ਾ ਕਰਨ ਤੇ ਵੇਚਣ ਵਾਲੇ ਦੋਵੇਂ ਹੀ ਜੁਰਮ ਦੇ ਅਪਰਾਧੀ ਹਨ। ਉਨ੍ਹਾਂ ਕਿਹਾ ਕਿ ਇਹੀ ਨਹੀਂ ਇਸ ਤੋਂ ਇਲਾਵਾ ਪਿੰਡ ’ਚ ਜੇਕਰ ਬਾਹਰ ਤੋਂ ਕੋਈ ਨਸ਼ਾ ਵੇਚਣ ਆਉਂਦਾ ਹੈ, ਉਸ ’ਤੇ ਅਤੇ ਉਸ ਦਾ ਸਾਥ ਦੇਣ ਵਾਲੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਕਮਾਲ ਪੱਤੀ ਦੇ ਗੁਰਦੁਆਰਾ ਸਾਹਿਬ ’ਚ ਅਨਾਊਂਸਮੈਂਟ ਕਰਵਾਈ ਗਈ ਕਿ ਇਸ ਫੈਸਲੇ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਨੂੰ ਦਸ ਹਜ਼ਾਰ ਰੁਪਏ ਜੁਰਮਾਨਾ ਤੇ ਇੱਕ ਮਹੀਨਾ ਉਸ ਦੀ ਦੁਕਾਨ ਨਹੀਂ ਖੋਲ੍ਹਣ ਦਿੱਤੀ ਜਾਵੇਗੀ। ਇਸ ਮੌਕੇ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ’ਚ ਕੋਈ ਵੀ ਸ਼ਰਾਬ ਦਾ ਠੇਕਾ ਵੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪਿੰਡ ਦੀ ਸੱਥ ਬੱਸ ਸਟੈਂਡ, ਸਕੂਲ ਤੇ ਸਾਂਝੀਆਂ ਥਾਵਾਂ ’ਤੇ ਬੀੜੀ ਸਿਗਰਟ ਸ਼ਰਾਬ ਤੇ ਚਿੱਟੇ ਪੀਣ ਵਾਲੇ ਤੇ ਸਮੈਕ ਵੇਚਣ ਵਾਲੇ, ਪਿੰਡ ਦੇ ਲੋਕਲ ਡਾਕਟਰਾਂ ਕੋਲੋਂ ਕੋਈ ਵੀ ਨਸ਼ੇ ਦੀ ਗੋਲੀ ਤੇ ਇਹ ਕੋਈ ਹੋਰ ਨਸ਼ੀਲੇ ਪਦਾਰਥ ਵੇਚਣ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਸਰਪੰਚ ਸੁਖਜਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਕਰਨ ਦਾ ਆਦੀ ਹੈ ਤਾਂ ਉਹ ਪਿੰਡ ਪੱਧਰ ’ਤੇ ਪੰਚਾਇਤ ਨਾਲ ਸੰਪਰਕ ਕਰ ਸਕਦਾ ਹੈ ਤੇ ਉਸ ਨੂੰ ਨਸ਼ਾ ਛਡਾਊ ਕੇਂਦਰ ਵਿਚ ਭੇਜ ਕੇ ਉਸ ਦੇ ਨਸ਼ਾ ਦੀ ਲਤ ਨੂੰ ਛੁਡਾਇਆ ਜਾ ਸਕਦਾ ਹੈ। ਇਸ ਮੌਕੇ ਗੁਰਮੀਤ ਸਿੰਘ ਗੀਤਾ, ਰਜਿੰਦਰ ਕੌਰ, ਦਵਿੰਦਰਪਾਲ ਸਿੰਘ, ਰੋਸ਼ਨ ਲਾਲ, ਹਰਜਿੰਦਰ ਸਿੰਘ, ਰਜਿੰਦਰ ਕੁਮਾਰ, ਨਵਦੀਪ ਕੌਰ, ਗੁਰਵਿੰਦਰ ਸਿੰਘ, ਸੂਬਾ ਸਿੰਘ ਆਦਿ ਹਾਜ਼ਰ ਸਨ।
ਨਸ਼ੇ ਕਾਰਨ ਕਈ ਪਰਿਵਾਰ ਉੱਜੜ ਗਏ ਤੇ ਕਈਆਂ ਮਾਵਾਂ ਦੀਆਂ ਕੁੱਖਾਂ ਉਜੜ ਗਈਆਂ ਹਨ : ਸੂਬਾ ਸਿੰਘ
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੂਬਾ ਸਿੰਘ ਨੇ ਕਿਹਾ ਕਿ ਪੰਜਾਬ ਭਰ ’ਚ ਨਸ਼ੇ ਕਾਰਨ ਕਈ ਪਰਿਵਾਰ ਉੱਜੜ ਗਏ ਤੇ ਕਈਆਂ ਮਾਵਾਂ ਦੀਆਂ ਕੁੱਖਾਂ ਉਜੜ ਗਈਆਂ ਹਨ। ਬੇਸ਼ੱਕ ਸਰਕਾਰਾਂ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਉਨ੍ਹਾਂ ਵੱਲੋਂ ਨਸ਼ਾ ਸਮੱਗਲਰਾਂ ਤੇ ਨਸ਼ਿਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜ਼ੂਦ ਵੀ ਨਸ਼ਿਆਂ ਕਾਰਨ ਆਏ ਦਿਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਸੇ ਨੂੰ ਦੇਖਦੇ ਹੋਏ ਹੁਣ ਪਿੰਡਾਂ ਦੇ ਲੋਕਾਂ ਨੇ ਨਸ਼ਾ ਸਮੱਗਲਰਾਂ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਸ ਮੌਕੇ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਪੰਜਾਬ ’ਚੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਪਿੰਡਾਂ ਦੀਆਂ ਪੰਚਾਇਤ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਪੰਚਾਇਤਾਂ ਪਿੰਡਾਂ ’ਚੋਂ ਨਸ਼ਿਆਂ ਖਿਲਾਫ਼ ਸਰਕਾਰ ਦਾ ਸਾਥ ਦੇਣਗੀਆਂ, ਉਨ੍ਹਾਂ ਪੰਚਾਇਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ