2000 ਕਰੋੜ ਦੇ ਟੈਂਡਰ ਘੁਟਾਲੇ ਦੇ ਲੱਗੇ ਦੋਸ਼
(ਰਘਬੀਰ ਸਿੰਘ) ਲੁਧਿਆਣਾ। ਸਾਬਕਾ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਜ਼ਮਾਨਤ ਅਰਜੀ (Bharat Bhushan Ashu Bail) ’ਤੇ ਬਹਿਸ ਨੂੰ ਸੁਣਦਿਆਂ ਵਧੀਕ ਸੈਸ਼ਨ ਜੱਜ ਡਾ. ਅਜੀਤ ਅੱਤਰੀ ਦੀ ਅਦਾਲਤ ਨੇ ਫੈਸਲਾ 9 ਸਤੰਬਰ ਲਈ ਸੁਰੱਖਿਅਤ ਰੱਖ ਲਿਆ ਹੈ। ਕਥਿਤ ਟਰਾਂਸਪੋਰਟ ਟੈਂਡਰ ਅਲਾਟਮੈਂਟ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਅੱਜ ਡੇਢ ਘੰਟੇ ਤੋਂ ਵੱਧ ਸਮੇਂ ਤੱਕ ਬਹਿਸ ਚੱਲੀ। ਆਸ਼ੂ 22 ਅਗਸਤ ਤੋਂ ਹਿਰਾਸਤ ਵਿੱਚ ਹੈ। ਉਹ ਕਰੀਬ 9 ਦਿਨ ਪੁਲਿਸ ਹਿਰਾਸਤ ਵਿੱਚ ਰਿਹਾ। ਇਸ ਦੇ ਬਾਅਦ ਵਿੱਚ ਸੀਜੇਐਮ ਸੁਮਿਤ ਮੱਕੜ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ।
ਇਸ ਤੋਂ ਪਹਿਲਾਂ ਆਸ਼ੂ ਨੂੰ ਲੁਧਿਆਣਾ ਕੇਂਦਰੀ ਜੇਲ੍ਹ ’ਚ ਤਬਦੀਲ ਕਰ ਦਿੱਤਾ ਗਿਆ ਸੀ। ਪਰ ਸੁਰੱਖਿਆ ਕਾਰਨਾਂ ਕਰਕੇ ਉਸ ਨੂੰ ਉਸੇ ਸ਼ਾਮ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਇਸਤਗਾਸਾ ਪੱਖ ਨੇ ਅੱਜ ਉਸ ਨੂੰ ਜ਼ਮਾਨਤ ਦੇਣ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ’ਤੇ ਹੈ ਅਤੇ ਜੇਕਰ ਜ਼ਮਾਨਤ ’ਤੇ ਰਿਹਾਅ ਹੋ ਜਾਂਦਾ ਹੈ ਤਾਂ ਮੁਲਜ਼ਮ ਇਸ ’ਚ ਰੁਕਾਵਟ ਪਾ ਸਕਦਾ ਹੈ। ਸ਼ਿਕਾਇਤਕਰਤਾ ਦੀ ਨੁਮਾਇੰਦਗੀ ਕਰ ਰਹੇ ਇੱਕ ਨਿੱਜੀ ਵਕੀਲ ਨੇ ਦੋਸ਼ ਲਾਇਆ ਕਿ ਸ਼ਿਕਾਇਤਕਰਤਾ ਨੂੰ ਵੱਖ-ਵੱਖ ਵਿਅਕਤੀਆਂ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਸਬੰਧੀ ਉਹ ਪਹਿਲਾਂ ਹੀ ਅਧਿਕਾਰੀਆਂ ਨੂੰ ਲਿਖਤੀ ਦਰਖਾਸਤ ਦੇ ਚੁੱਕੇ ਹਨ।
ਕੋਰਟ ਰੂਮ ਵਿੱਚ ਖੂਬ ਹੰਗਾਮਾ ਹੋਇਆ
ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਨੇ ਅਦਾਲਤ ਦੀ ਇਜਾਜ਼ਤ ਨਾਲ ਗੱਲ ਕਰਦਿਆਂ ਕਿਹਾ ਕਿ ਅਜਿਹੇ ਵਿਅਕਤੀ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦੀ ਲੋੜ ਨਹੀਂ ਹੈ। ਉਸ ਨੇ ਆਸ਼ੂ ’ਤੇ ਹੋਰ ਵੀ ਕਈ ਦੋਸ਼ ਲਾਏ। ਦੂਜੇ ਪਾਸੇ ਬਚਾਅ ਪੱਖ ਦੇ ਵਕੀਲਾਂ ਨੇ ਸਾਬਕਾ ਡੀਐਸਪੀ ਦੇ ਇਸ ਮਾਮਲੇ ਵਿੱਚ ਬੋਲਣ ’ਤੇ ਸਖ਼ਤ ਇਤਰਾਜ਼ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਸ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜਿਸ ਕਾਰਨ ਕੋਰਟ ਰੂਮ ਵਿੱਚ ਖੂਬ ਹੰਗਾਮਾ ਹੋਇਆ। ਬਚਾਅ ਪੱਖ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਲੰਬੇ ਪੁਲਿਸ ਰਿਮਾਂਡ ਦੌਰਾਨ ਨਾ ਤਾਂ ਕੋਈ ਕਥਿਤ ਰਿਸ਼ਵਤ ਦੀ ਰਕਮ ਅਤੇ ਨਾ ਹੀ ਕੋਈ ਅਪਰਾਧਕ ਦਸਤਾਵੇਜ਼ ਬਰਾਮਦ ਹੋਇਆ ਹੈ। ਇਹ ਸਾਰਾ ਮਾਮਲਾ ਸਿਆਸੀ ਬਦਲਾਖੋਰੀ ਕਾਰਨ ਸਾਬਕਾ ਮੰਤਰੀ ਨੂੰ ਕਿਸੇ ਜੁਰਮ ਨਾਲ ਜੋੜਨ ਵਾਲੇ ਸਬੂਤਾਂ ਤੋਂ ਬਿਨਾਂ ਹਵਾ ’ਚ ਲੱਗੀਆਂ ਧਾਰਾਵਾਂ ਅਤੇ ਅਨੁਮਾਨਾਂ ’ਤੇ ਆਧਾਰਿਤ ਹੈ।
ਇਹ ਵੀ ਪੜ੍ਹੋ : ਸਾਬਕਾ ਕਾਂਗਰਸੀ ਮੰਤਰੀ ਦੀ ਪਟੀਸ਼ਨ ’ਤੇ ਸਰਕਾਰ ਨੂੰ ਨੋਟਿਸ, ਭਾਰਤ ਭੂਸ਼ਨ ਆਸ਼ੂ ਦੇ ਮਾਮਲੇ ’ਤੇ ਮੰਗੀ ਸਟੇਟਸ ਰਿਪੋਰਟ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ