9 ਸਤੰਬਰ ਦੀ ਸਵੇਰ ਨੂੰ ਮੰਡੀ ਜਾਣਗੇ ਭਗਵੰਤ ਮਾਨ, ਸ਼ਾਮ ਨੂੰ ਚੰਡੀਗੜ੍ਹ ਵਿਖੇ ਕਰਨਗੇ ਕੈਬਨਿਟ ਮੀਟਿੰਗ

Bagwant maan, CM Bhagwant Mann

ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਭਗਵੰਤ ਮਾਨ ਦੇਣਗੇ ਪੰਜਵੀਂ ਗਰੰਟੀ, ਮਨੀਸ਼ ਸਸੋਦੀਆ ਵੀ ਰਹਿਣਗੇ ਮੌਜੂਦ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਇੱਕ ਵਾਰ ਫਿਰ ਤੋਂ ਹਿਮਾਚਲ ਪ੍ਰਦੇਸ਼ ਦੇ ਦੌਰੇ ‘ਤੇ ਜਾ ਰਹੇ ਹਨ। ਪਿਛਲੇ 1 ਮਹੀਨੇ ਵਿੱਚ ਭਗਵੰਤ ਮਾਨ ਦਾ ਇਹ ਤੀਜਾ ਗੇੜਾ ਹਿਮਾਚਲ ਪ੍ਰਦੇਸ਼ ਦਾ ਦੌਰਾ ਹੋਵੇਗਾ। ਭਗਵੰਤ ਮਾਨ 9 ਸਤੰਬਰ ਨੂੰ ਸਵੇਰੇ ਮੰਡੀ ਜਾਣਗੇ ਅਤੇ ਦੁਪਹਿਰ ਨੂੰ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਹਿਮਾਚਲ ਦੇ ਲੋਕਾਂ ਆਮ ਆਦਮੀ ਪਾਰਟੀ ਵੱਲੋਂ ਪੰਜਵੀਂ ਗਰੰਟੀ ਦੇਣਗੇ। ਮੰਡੀ ਵਿਖੇ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਭਗਵੰਤ ਮਾਨ ਸ਼ਾਮ ਨੂੰ 4 ਵਜੇ ਚੰਡੀਗੜ੍ਹ ਵਿਖੇ ਕੈਬਨਿਟ ਮੀਟਿੰਗ ਵੀ ਕਰਨਗੇ।

ਇਸ ਕੈਬਨਿਟ ਮੀਟਿੰਗ ਵਿੱਚ ਕੁਝ ਨਵੇਂ ਫੈਸਲੇ ਲੈਣ ਦੀ ਕੋਸ਼ਿਸ਼ ਮੁੱਖ ਮੰਤਰੀ (CM Bhagwant Mann) ਵੱਲੋਂ ਕੀਤੀ ਜਾਏਗੀ ਤਾਂ ਕਿ ਇਸ ਦਾ ਫਾਇਦਾ ਆਮ ਲੋਕਾਂ ਨੂੰ ਮਿਲ ਸਕੇ। ਭਗਵੰਤ ਮਾਨ ਦੇ ਨਾਲ ਦਿੱਲੀ ਤੋਂ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਵੀ ਹਿਮਾਚਲ ਪ੍ਰਦੇਸ਼ ਦੇ ਦੌਰੇ ‘ਤੇ ਜਾਣਗੇ ਅਤੇ ਮੰਡੀ ਵਿਖੇ ਦੋਵਾਂ ਵੱਲੋਂ ਹੀ ਮਿਲ ਕੇ ਪ੍ਰਦੇਸ਼ ਦੇ ਲੋਕਾਂ ਨੂੰ ਪੰਜਵੀਂ ਗਰੰਟੀ ਦਿੱਤੀ ਜਾਏਗੀ।

ਹਿਮਾਚਲ ਪ੍ਰਦੇਸ਼ ਵਿੱਚ ਪਾਰਟੀ ਨੂੰ ਜਿਤਾਉਣ ਦੀ ਜਿੰਮੇਵਾਰੀ ਭਗਵੰਤ ਮਾਨ ’ਤੇ

ਜਾਣਕਾਰੀ ਅਨੁਸਾਰ ਅਗਲੇ ਕੁਝ ਮਹੀਨੇ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਆਮ ਆਦਮੀ ਪਾਰਟੀ ਇਸ ਸਮੇਂ ਹਿਮਾਚਲ ਪ੍ਰਦੇਸ਼ ਵਿੱਚ ਕਾਫ਼ੀ ਜਿਆਦਾ ਕੰਮ ਕਰ ਰਹੀ ਹੈ ਤਾਂ ਕਿ ਪੰਜਾਬ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਵਿੱਚ ਵੀ ਫਤਿਹ ਕੀਤੀ ਜਾ ਸਕੇ। ਪੰਜਾਬ ਦੇ ਬਾਰਡਰ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦਾ ਕਾਫ਼ੀ ਲੰਬਾ ਹਿੱਸਾ ਲਗਦਾ ਹੈ ਅਤੇ ਪੰਜਾਬ ਸਰਕਾਰ ਵਿੱਚ ਲਏ ਜਾਣ ਵਾਲੇ ਕਾਫ਼ੀ ਫੈਸਲੇ ਹਿਮਾਚਲ ਪ੍ਰਦੇਸ਼ ਵਿੱਚ ਵੀ ਅਸਰ ਦਿਖਾਉਂਦੇ ਹਨ। ਜਿਸ ਕਾਰਨ ਹੀ ਆਮ ਆਦਮੀ ਪਾਰਟੀ ਵੱਲੋਂ ਹਿਮਾਚਲ ਪ੍ਰਦੇਸ਼ ਵਿੱਚ ਪਾਰਟੀ ਨੂੰ ਜਿਤਾਉਣ ਦਾ ਵੱਡੇ ਪੱਧਰ ’ਤੇ ਜਿੰਮਾ ਭਗਵੰਤ ਮਾਨ ਨੂੰ ਵੀ ਦਿੱਤਾ ਗਿਆ ਹੈ।

ਭਗਵੰਤ ਮਾਨ ਪਿਛਲੇ ਇੱਕ-ਡੇਢ ਮਹੀਨੇ ਤੋਂ ਹਿਮਾਚਲ ਪ੍ਰਦੇਸ਼ ਵਿੱਚ ਕਾਫ਼ੀ ਜਿਆਦਾ ਸਰਗਰਮ ਹਨ ਅਤੇ ਹਿਮਾਚਲ ਪ੍ਰਦੇਸ਼ ਵਿੱਚ ਗਰੰਟੀਆਂ ਦਿੰਦੇ ਵੀ ਨਜ਼ਰ ਆ ਰਹੇ ਹਨ। ਅਰਵਿੰਦ ਕੇਜਰੀਵਾਲ ਖ਼ੁਦ ਜਿਆਦਾ ਫੋਕਸ ਗੁਜਰਾਤ ’ਤੇ ਦੇ ਰਹੇ ਹਨ, ਜਿਸ ਕਾਰਨ ਭਗਵੰਤ ਮਾਨ ਦੀ ਜਿੰਮੇਵਾਰੀ ਹਿਮਾਚਲ ਪ੍ਰਦੇਸ਼ ਵਿੱਚ ਜਿਆਦਾ ਹੁੰਦੀ ਨਜ਼ਰ ਆ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ