ਰੁਜ਼ਗਾਰ ਮੇਲੇ ‘ਚ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਪਾਇਆ ਭੜਥੂ

Unemployed, Teachers, Found, Job fair

ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ, ਆਈ ਹੱਥੋ-ਪਾਈ ਦੀ ਨੌਬਤ

ਪੰਜਾਬੀ ‘ਵਰਸਿਟੀ ਦੇ ਗੇਟ ਅੱਗੇ ਵੀ ਕੀਤਾ ਸਰਕਾਰ ਖਿਲਾਫ਼ ਪ੍ਰਦਰਸ਼ਨ

ਖੁਸ਼ਵੀਰ ਸਿੰਘ ਤੂਰ/ਪਟਿਆਲਾ

ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਅੱਜ ਬਹੁ ਤਕਨੀਕੀ ਕਾਲਜ ਵਿਖੇ ਲੱਗੇ ਰੁਜ਼ਗਾਰ ਮੇਲੇ ਦੌਰਾਨ ਅਚਨਚੇਤ ਪੁੱਜ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਭੜਥੂ ਪਾ ਦਿੱਤਾ ਗਿਆ, ਜਿਸ ਕਾਰਨ ਉੱਥੇ ਪੁਲਿਸ ਪ੍ਰਸ਼ਾਸਨ ਨੂੰ ਭਾਜੜ ਪੈ ਗਈ। ਇਸ ਤੋਂ ਪਹਿਲਾਂ ਉਕਤ ਯੂਨੀਅਨ ਵੱਲੋਂ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੇਟ ਅੱਗੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਪੁਤਲਾ ਫੂਕ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਬੇਰੁਜ਼ਗਾਰ ਈਟੀਟੀ ਅਧਿਆਪਕਾਂ ‘ਤੇ ਪਾਣੀ ਦੀਆਂ ਬੁਛਾੜਾਂ ਮਾਰਨ ਤੇ ਲਾਠੀਚਾਰਜ ਕਰਨ ਦੇ ਰੋਸ ਵਜੋਂ ਹੀ ਇਨ੍ਹਾਂ ਥਾਵਾਂ ‘ਤੇ ਆਪਣਾ ਰੋਅ ਪ੍ਰਗਟ ਕੀਤਾ ਗਿਆ ਹੈ। ਇਸ ਮੌਕੇ ਬੀਐੱਡ ਅਧਿਆਪਕ ਯੂਨੀਅਨ ਦੇ ਸੂਬਾ ਆਗੂ ਅਮਨ ਸੇਖਾ, ਪ੍ਰਧਾਨ ਪੰਜਾਬ ਸਟੂਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਨਦਾਮਪੁਰ, ਰਣਬੀਰ ਸਿੰਘ ਨਦਾਮਪੁਰ ਆਦਿ ਨੇ ਕਿਹਾ ਕਿ ਹੱਕੀ ਮੰਗਾਂ ਲਈ ਜੇਲ੍ਹਾਂ ‘ਚ ਭੇਜ ਕੇ ਤੇ ਲਾਠੀਚਾਰਜ ਕਰਕੇ ਅਧਿਆਪਕਾਂ ਦੇ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ।

ਉਨ੍ਹਾਂ ਕਿਹਾ ਕਿ ਵਿਧਾਨ ਸਭਾ-2017 ਵੇਲੇ ‘ਘਰ-ਘਰ ਨੌਕਰੀ’ ਦਾ ਵਾਅਦਾ ਕਰਕੇ ਸੱਤਾ ‘ਚ ਆਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਅਦੇ ਲਾਗੂ ਕਰਨ ਤੋਂ ਭੱਜ ਰਹੇ ਹਨ ਅਤੇ ਸਰਕਾਰ ਸੰਘਰਸ਼ ਕਰਦੇ ਲੋਕਾਂ ਨੂੰ ਜ਼ਬਰ ਰਾਹੀਂ ਦਬਾਉਣਾ ਚਾਹੁੰਦੀ ਹੈ ਟੈਸਟ ਪਾਸ ਕਰਕੇ ਵੀ ਉਮੀਦਵਾਰ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ ਉਹਨਾਂ ਕਿਹਾ ਕਿ ਦੋਵੇਂ ਜਥੇਬੰਦੀਆਂ ਪਿਛਲੇ ਦੋ ਹਫ਼ਤਿਆਂ ਤੋਂ ਸੰਗਰੂਰ ਪੱਕੇ ਧਰਨੇ ‘ਤੇ ਬੈਠੀਆਂ ਹਨ, ਪਰ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਆਗੂਆਂ ਨੇ ਕਿਹਾ ਕਿ ਨਵੀਂ ਭਰਤੀ ਕਰਨ ਤੋਂ ਟਾਲਾ ਵੱਟਦਿਆਂ ਇੱਕ ਪਾਸੇ ਖਾਲੀ ਖਜ਼ਾਨੇ ਦੀ ਦੁਹਾਈ ਪਾਈ ਜਾ ਰਹੀ ਹੈ, ਦੂਜੇ ਪਾਸੇ ਹਾਕਮ ਆਪਣੇ ਵਿਧਾਇਕਾਂ, ਮੰਤਰੀਆਂ ਦੀਆਂ ਸਹੂਲਤਾਂ ਲਈ ਖਜਾਨੇ ਨੱਕੋ-ਨੱਕ ਭਰੇ ਪਏ ਹਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਖਤ ਸ਼ਬਦਾਂ ‘ਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਹੱਕ ਮੰਗਦੇ ਲੋਕਾਂ ਨੂੰ ਅਧਿਆਪਕਾਂ ਦੇ ਸੰਘਰਸ਼ਾਂ ਨੂੰ ਜਾਬਰ ਹੱਥ ਕੰਡਿਆਂ ਰਾਹੀਂ ਰੋਕਣਾ ਮਹਿੰਗਾ ਪੈਂਦਾ ਰਿਹਾ ਹੈ ਯੂਨੀਵਰਸਿਟੀ ਦੇ ਗੇਟ ਅੱਗੇ ਪ੍ਰਦਰਸ਼ਨ ਕਰਨ ਤੋਂ ਬਾਅਦ ਉਕਤ ਯੂਨੀਅਨਾਂ ਦੇ ਕਾਰਕੁੰਨਾਂ ਵੱਲੋਂ ਰੁਜ਼ਗਾਰ ਮੇਲੇ ਦੀ ਥਾਂ ਪੁੱਜ ਕੇ ਪੁਲਿਸ ਪ੍ਰਸ਼ਾਸਨ ਨੂੰ ਭਾਜੜ ਪਾ ਦਿੱਤੀ ਅਤੇ ਕਾਲਜ ਦੇ ਮੁੱਖ ਗੇਟ ਪੁਲਿਸ ਨਾਲ ਧੱਕਾ ਮੁੱਕੀ ਵਾਲੀ ਨੌਬਤ ਪੁੱਜ ਗਈ।

ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਮੇਲੇ ਅੰਦਰ ਗਏ ਤਾਂ ਪਰਚੇ ਦਰਜ਼ ਕਰ ਦਿੱਤੇ ਜਾਣਗੇ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਮੁੱਖ ਗੇਟ ਅੱਗੇ ਹੀ ਧਰਨਾ ਠੋਕ ਦਿੱਤਾ। ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਮੇਲੇ ਸਿਰਫ਼ ਪਰਚੇ ਦਰਜ਼ ਕਰਨ ਲਈ ਹੀ ਦਿੱਤੇ ਜਾ ਰਹੇ ਹਨ। ਇਸ ਮੌਕੇ ਸੂਬਾ ਆਗੂ ਸੁਖਵੀਰ ਦੁਗਾਲ, ਕੁਲਦੀਪ ਰਾਮਨਗਰ, ਵਿਨੋਦ, ਸੁਸ਼ੀਲ ਸੁਨਾਮੀ, ਸਿਕੰਦਰ ਸਿੰਘ, ਸੰਦੀਪ ਸਿੰਘ, ਗੁਰਧਿਆਨ ਸਿੰਘ, ਸੰਦੀਪ ਸੋਖਲ, ਸੰਦੀਪ ਕੌਰ ਝਾੜੋਂ, ਵਿਕਰਮ ਬਾਗੀ, ਲਖਵਿੰਦਰ ਸਿੰਘ ਪੀਐੱਸਯੂ, ਹਰਪ੍ਰੀਤ ਸਿੰਘ ਪੀਐੱਸਯੂ (ਲਲਕਾਰ) ਨੇ ਵੀ ਸੰਬੋਧਨ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।