ਡੇਰਾ ਸੱਚਾ ਸੌਦਾ ਦੇ 150 ਸੇਵਾਦਾਰਾਂ ਨੇ ਡੇਂਗੂ ਪੀੜਤ ਮਰੀਜ਼ਾਂ ਲਈ ਸੈੱਲ ਕੀਤੇ ਦਾਨ

Cells Donated

ਐਮਰਜੈਂਸੀ ਮੌਕੇ ਡੇਂਗੂ ਪੀੜਤ ਮਰੀਜ਼ਾਂ ਦੀ ਜੀਵਨ ਰੇਖਾ ਬਣ ਰਹੇ ਨੇ ਡੇਰਾ ਸ਼ਰਧਾਲੂ

  • 50 ਤੋਂ ਵੱਧ ਸੇਵਾਦਾਰਾਂ ਵੱਲੋਂ ਕੀਤਾ ਗਿਆ ਖੂਨਦਾਨ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੌਜੂਦਾ ਸਮੇਂ ਡੇਂਗੂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਅੰਦਰ ਡੇਂਗੂ ਦੇ ਮਰੀਜ਼ ਵੱਡੀ ਗਿਣਤੀ ਵਿੱਚ ਭਰਤੀ ਹੋ ਰਹੇ ਹਨ, ਜਿਨ੍ਹਾਂ ’ਚ ਪਲੇਟਲੈਟਸ (ਸੈੱਲਾਂ) ਦੀ ਘਾਟ ਪਾਈ ਜਾ ਰਹੀ ਹੈ। ਐਮਰਜੈਂਸੀ ਹਾਲਾਤਾਂ ਮੌਕੇ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਇਨਸਾਨੀਅਤ ਤਹਿਤ ਆਪਣਾ ਫਰਜ਼ ਸਮਝਦਿਆਂ ਅੱਗੇ ਆ ਰਹੇ ਹਨ ਅਤੇ ਹੁਣ ਤੱਕ ਲਗਭਗ ਦੋ ਮਹੀਨਿਆਂ ’ਚ 150 ਦੇ ਕਰੀਬ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਡੇਂਗੂ ਪੀੜਤ ਮਰੀਜ਼ਾਂ ਲਈ ਆਪਣੇ ਸੈੱਲ ਦਾਨ (Cells Donated) ਕਰਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਚਾਇਆ ਗਿਆ ਹੈ। ਇਸ ਤੋਂ ਇਲਾਵਾ 50 ਤੋਂ ਜ਼ਿਆਦਾ ਸੇਵਾਦਾਰਾਂ ਵੱਲੋਂ ਐਮਰਜੈਂਸੀ ਹਾਲਾਤਾਂ ’ਚ ਖੂਨਦਾਨ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪਟਿਆਲਾ ਅੰਦਰ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ।

ਜ਼ਿਲ੍ਹੇ ਅੰਦਰ ਹੁਣ ਤੱਕ ਡੇਂਗੂ ਪੀੜਤ ਮਰੀਜ਼ਾਂ ਦਾ ਅੰਕੜਾ 900 ਨੂੰ ਪਾਰ ਹੋ ਚੁੱਕਾ ਹੈ। ਬਲੱਡ ਬੈਂਕਾਂ ਵਿੱਚ ਖੂਨ ਦੀ ਭਾਰੀ ਘਾਟ ਪਾਈ ਜਾ ਰਹੀ ਹੈ ਤੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਲੱਡ ਬੈਂਕਾਂ ਅੰਦਰ ਖੂਨ ਨਾ ਮਿਲਣ ਕਾਰਨ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੇਂਗੂ ਮਰੀਜ਼ ਨੂੰ ਬੁਖਾਰ ਜਕੜ ਲੈਂਦਾ ਹੈ ਤੇ ਉਹ ਕਮਜੋਰੀ ਮਹਿਸੂਸ ਕਰਨ ਲਗਦਾ ਹੈ। ਡੇਂਗੂ ਕਾਰਨ ਜਿਆਦਾਤਰ ਮਰੀਜ਼ਾਂ ਦੇ ਸੈੱਲ ਬਹੁਤ ਘਟ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਹਾਲਤ ਕਾਫ਼ੀ ਗੰਭੀਰ ਹੋ ਜਾਂਦੀ ਹੈ। ਇੱਧਰ ਅਜਿਹੇ ਹੀ ਐਮਰਜੈਂਸੀ ਕੇਸਾਂ ਅੰਦਰ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਇਨ੍ਹਾਂ ਮਰੀਜ਼ਾਂ ਦੀ ਜ਼ਿੰਦਗੀ ਦਾ ਸਹਾਰਾ ਬਣ ਰਹੇ ਹਨ।

50 ਸੇਵਾਦਾਰਾਂ ਵੱਲੋਂ ਮਰੀਜ਼ਾਂ ਲਈ ਖੂਨਦਾਨ

ਹੁਣ ਤੱਕ ਲਗਭਗ ਦੋ ਮਹੀਨਿਆਂ ਅਕਤੂਬਰ ਤੇ ਨਵੰਬਰ ’ਚ 150 ਸੇਵਾਦਾਰਾਂ ਵੱਲੋਂ ਗੰਭੀਰ ਹਾਲਤ ਵਿੱਚ ਪੁੱਜੇ ਡੇਂਗੂ ਪੀੜਤ ਮਰੀਜ਼ਾਂ ਨੂੰ ਆਪਣੇ ਸੈੱਲ ਦਾਨ ਕੀਤੇ ਜਾ ਚੁੱਕੇ ਹਨ। ਵੱਡੀ ਗੱਲ ਇਹ ਹੈ ਕਿ ਜਿਆਦਾਤਰ ਕੇਸਾਂ ਵਿੱਚ ਅੱਧੀ ਰਾਤ ਨੂੰ ਇਹ ਸੇਵਾਦਾਰ ਹਸਪਤਾਲ ਪੁੱਜ ਕੇ ਸੀਰੀਅਸ ਮਰੀਜ਼ਾਂ ਲਈ ਸੈੱਲ ਦਾਨ ਕਰਨ ਪੁੱਜੇ ਹਨ। ਇਸ ਦੇ ਨਾਲ ਹੀ ਐਮਰਜੈਂਸੀ ਹਾਲਾਤਾਂ ਵਿੱਚ 50 ਸੇਵਾਦਾਰਾਂ ਵੱਲੋਂ ਅਜਿਹੇ ਮਰੀਜ਼ਾਂ ਲਈ ਖੂਨਦਾਨ ਵੀ ਕੀਤਾ ਗਿਆ ਹੈ। ਸਮੇਂ ਸਿਰ ਸੈੈੱਲ ਅਤੇ ਖੂਨ ਮਿਲਣ ਕਾਰਨ ਇਨ੍ਹਾਂ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਡੇਰਾ ਸੱਚਾ ਸੌਦਾ ਸਮੇਤ ਫਰਿਸਤਾ ਬਣੇ ਇਨ੍ਹਾਂ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ ਹੈ।


ਖੂਨਦਾਨ ਸੰਮਤੀ ਦੇ ਜਿੰਮੇਵਾਰ ਸਾਗਰ ਅਰੋੜਾ ਨੇ ਦੱਸਿਆ ਕਿ ਸੈੱਲ ਦਾਨ ਸਮੇਤ ਖੂਨਦਾਨ ਕਰਨ ਵਾਲਿਆਂ ਵਿੱਚ ਰਿੰਸੀ ਇੰਸਾਂ, ਹਾਰਦਿਕ ਇੰਸਾਂ, ਹਰਵਿੰਦਰ ਇੰਸਾਂ, ਗੁਰਮੁੱਖ ਇੰਸਾਂ, ਰਾਜ ਕੁਮਾਰ ਬੱਲੀ, ਬਹਾਦਰ ਸਿੰਘ, ਕਮਲ ਇੰਸਾਂ, ਰਾਹੁਲ ਇੰਸਾਂ, ਦਿਨੇਸ਼ ਇੰਸਾਂ, ਅਰਸ, ਨਵਜੋਤ ਇੰਸਾਂ, ਘਣਸ਼ਾਮ, ਰੋਹਿਤ ਇੰਸਾਂ, ਕੈਰਵੀ ਇੰਸਾਂ, ਮਨੀਸ ਇੰਸਾਂ ਸਮੇਤ ਵੱਡੀ ਗਿਣਤੀ ਵਿੱਚ ਡੇਰਾ ਸ਼ਰਧਾਲੂ ਸ਼ਾਮਲ ਹਨ।

ਡੇਰਾ ਸ਼ਰਧਾਲੂਆਂ ਦਾ ਮਕਸਦ ਹੀ ਇਨਸਾਨੀਅਤ ਦੀ ਸੇਵਾ : ਹਰਮਿੰਦਰ ਨੋਨਾ

45 ਮੈਂਬਰ ਹਰਮਿੰਦਰ ਨੋਨਾ ਦਾ ਕਹਿਣਾ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਬਿਨਾ ਕਿਸੇ ਭੇਦ ਭਾਵ ਤੋਂ ਇਨਸਾਨੀਅਤ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਕੋਰੋਨਾ ਕਾਲ ਮੌਕੇ ਸੇਵਾਦਾਰਾਂ ਵੱਲੋਂ ਹਜ਼ਾਰਾਂ ਯੂਨਿਟ ਖੂਨਦਾਨ ਦਿੱਤਾ ਗਿਆ ਹੈ ਤੇ ਹੁਣ ਵੀ ਜਿੱਥੇ ਲੋੜਵੰਦ ਮਰੀਜ਼ ਨੂੰ ਖੂਨ ਜਾ ਸੈੱਲਾਂ ਦੀ ਲੋੜ ਹੁੰਦੀ ਹੈ ਤਾਂ ਡੇਰਾ ਸ਼ਰਧਾਲੂ ਦਿਨ-ਰਾਤ ਨਾ ਦੇਖਦਿਆਂ ਮਰੀਜ਼ ਦੀ ਜਾਨ ਬਚਾਉਣ ਲਈ ਪੁੱਜ ਜਾਂਦੇ ਹਨ।

ਖੂਨ ਦੀ ਕਾਫ਼ੀ ਘਾਟ, ਡੇਰਾ ਸ਼ਰਧਾਲੂ ਨਿਭਾ ਰਹੇ ਆਪਣਾ ਫਰਜ਼ : ਡਾ. ਰਿੰਮਪ੍ਰੀਤ ਵਾਲੀਆ

ਲਾਈਫ ਲਾਈਨ ਬਲੱਡ ਸੈਂਟਰ ਪਟਿਆਲਾ ਦੇ ਮੁਖੀ ਤੇ ਡਾ. ਰਿੰਮਪ੍ਰੀਤ ਵਾਲੀਆ ਦਾ ਕਹਿਣਾ ਹੈ ਕਿ ਬਲੱਡ ਦੀ ਕਾਫ਼ੀ ਕਮੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੂਨ ਲੈਣ ਵਾਲੇ ਜ਼ਿਆਦਾ ਹਨ ਜਦਕਿ ਖੂਨਦਾਨ ਕਰਨ ਵਾਲੇ ਘੱਟ ਆ ਰਹੇ ਹਨ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਐਮਰਜੈਂਸੀ ਹਾਲਾਤਾਂ ਮੌਕੇ ਮੋਰਚਾ ਸੰਭਾਲਿਆ ਹੋਇਆ ਹੈ।

ਇਨ੍ਹਾਂ ਵੱਲੋਂ ਮਰੀਜ਼ਾਂ ਲਈ ਆਪਣੇ ਸੈੱਲ ਸਮੇਤ ਖੂਨਦਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਅਜਿਹੇ ਕੇਸ ਹਨ, ਜਿਹੜੇ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਹੱਟੇੇ-ਕੱਟੇ ਹਨ, ਪਰ ਉਹ ਆਪਣੇ ਮਰੀਜ਼ ਨੂੰ ਹੀ ਖੂਨ ਦੇਣ ਤੋਂ ਪਾਸਾ ਵੱਟ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਤੋਂ ਇਲਾਵਾ ਸਹਿਯੋਗ ਵੈਲਫੇਅਰ ਸੰਸਥਾ, ਲੋਕ ਸੇਵਾ ਸੁਸਾਇਟੀ ਤੇ ਮਾਤਾ ਨੈਣਾ ਦੇਵੀ ਸੰਸਥਾ ਵੱਲੋਂ ਵੀ ਆਪਣਾ ਫਰਜ਼ ਨਿਭਾਇਆ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ