Artificial Intelligence: ਆਰਟੀਫੀਸ਼ੀਅਲ ਇੰਟੈਲੀਜੈਂਸ, ਸੁਵਿਧਾ ਦਾ ਵਰਦਾਨ ਜਾਂ ਕਦਰਾਂ-ਕੀਮਤਾਂ ਦਾ ਸੰਕਟ

ਟੈਕਨੋਲੋਜੀ ਦੇ ਨਾਲ ਨੈਤਿਕਤਾ ਦੀ ਚੁਣੌਤੀ

Khushdeep Singh Picture
Published On

ਮਨੁੱਖੀ ਸੱਭਿਅਤਾ ਦੇ ਵਿਕਾਸ ਦਾ ਇਤਿਹਾਸ ਜੇਕਰ ਵੇਖਿਆ ਜਾਵੇ ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਹਰ ਨਵੀਂ ਤਕਨੀਕ ਆਪਣੇ ਨਾਲ ਸੰਭਾਵਨਾਵਾਂ ਤੇ ਸੰਕਟਾਂ ਦਾ ਇੱਕ ਮੁਕਾਬਲਾ ਲੈ ਕੇ ਆਉਂਦੀ ਹੈ। ਅੱਜ ਦਾ ਸਮਾਂ ਵੀ ਇਸੇ ਮੁਕਾਬਲੇ ’ਚੋਂ ਲੰਘ ਰਿਹਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰੂਪ ਵਿਚ ਵਿਕਸਿਤ ਹੋ ਰਹੀ ਨਵੀਂ ਤਕਨੀਕ ਨੇ ਜੀਵਨ ਨੂੰ ਸਰਲ, ਤੀਬਰ ਅਤੇ ਸੁਵਿਧਾਜਨਕ ਬਣਾ ਦਿੱਤਾ ਹੈ, ਪਰ ਇਸ ਦੇ ਨਾਲ ਹੀ ਇਹ ਮਨੁੱਖੀ ਕਰਦਾਂ-ਕੀਮਤਾਂ, ਨੈਤਿਕਤਾ ਤੇ ਸਮਾਜਿਕ ਸੰਤੁਲਨ ਲਈ ਇੱਕ ਗੰਭੀਰ ਚੁਣੌਤੀ ਵੀ ਬਣ ਕੇ ਉੱਭਰ ਰਹੀ ਹੈ। ਸਮਾਜ ਦੇ ਚਿੰਤਕਾਂ, ਦਾਰਸ਼ਨਿਕਾਂ ਅਤੇ ਆਧਿਆਤਮਕ ਆਗੂਆਂ ਨੇ ਸਮੇਂ-ਸਮੇਂ ’ਤੇ ਇਸ ਵਿਸ਼ੇ ’ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਹਾਲ ਹੀ ਵਿਚ ਪੋਪ ਲੀਓ 14 ਵੱਲੋਂ ਪ੍ਰਗਟ ਕੀਤੀਆਂ ਸੰਭਾਵਨਾਵਾਂ ਨੇ ਇਸ ਚਿੰਤਾ ਨੂੰ ਵਿਸ਼ਵ-ਪੱਧਰੀ ਵਿਚਾਰ-ਵਟਾਂਦਰੇ ਦਾ ਕੇਂਦਰ ਬਣਾ ਦਿੱਤਾ ਹੈ।

Read Also : ਫਿਰੋਜ਼ਪੁਰ ਤੋਂ ਦੁਬਈ ਲਈ 15 ਟਨ ਹਰੀ ਮਿਰਚ ਦੀ ਪਹਿਲੀ ਖੇਪ ਰਵਾਨਾ

ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਜੇਕਰ ਇਸ ਤਕਨੀਕ ਦੀ ਵਰਤੋਂ ਨੈਤਿਕ ਮਰਿਆਦਾਵਾਂ ਤੋਂ ਪਰੇ ਜਾ ਕੇ ਕੀਤੀ ਗਈ ਤਾਂ ਇਹ ਵਿਸ਼ਵ ਵਿਚ ਵੰਡ, ਭੈਅ, ਹਿੰਸਾ ਅਤੇ ਸੰਘਰਸ਼ ਨੂੰ ਵਧਾ ਸਕਦੀ ਹੈ। ਇਹ ਚਿਤਾਵਨੀ ਸਿਰਫ ਇੱਕ ਧਾਰਮਿਕ ਆਗੂ ਦੀ ਭਾਵਨਾਤਮਕ ਪ੍ਰਤੀਕਿਰਿਆ ਨਹੀਂ ਹੈ, ਸਗੋਂ ਇਹ ਉਸ ਡੂੰਘੀ ਚਿੰਤਾ ਦਾ ਸੰਕੇਤ ਹੈ ਜੋ ਅੱਜ ਪੂਰੀ ਮਾਨਵਤਾ ਦੇ ਅੰਦਰ ਕਿਤੇ ਨਾ ਕਿਤੇ ਮੌਜ਼ੂਦ ਹੈ। ਤਕਨੀਕ ਆਪਣੇ-ਆਪ ਵਿਚ ਨਾ ਤਾਂ ਨੈਤਿਕ ਹੁੰਦੀ ਹੈ ਅਤੇ ਨਾ ਹੀ ਅਨੈਤਿਕ, ਪਰ ਉਸ ਦੀ ਵਰਤੋਂ ਇਸ ਨੂੰ ਕਿਸੇ ਵੀ ਦਿਸ਼ਾ ਵਿਚ ਲਿਜਾ ਸਕਦੀ ਹੈ। ਵਰਤਮਾਨ ਸਮੇਂ ਵਿਚ ਇਹ ਵੇਖਿਆ ਜਾ ਰਿਹਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਸਿਰਫ ਰਚਨਾਤਮਕ ਅਤੇ ਸਕਾਰਾਤਮਕ ਕੰਮਾਂ ਤੱਕ ਸੀਮਤ ਨਹੀਂ ਰਹੀ।

ਇਸ ਦੇ ਮਾਧਿਅਮ ਰਾਹੀਂ ਝੂਠੀਆਂ ਸੂਚਨਾਵਾਂ ਦਾ ਨਿਰਮਾਣ, ਨਕਲੀ ਤਸਵੀਰਾਂ ਤੇ ਆਵਾਜ਼ਾਂ ਦੀ ਸਿਰਜਣਾ ਤੇ ਜਨਤਕ ਰਾਏ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਤੇਜੀ ਨਾਲ ਵਧ ਰਹੀਆਂ ਹਨ। ਚੋਣਾਵੀ ਪ੍ਰਕਿਰਿਆਵਾਂ ਵਿਚ ਇਸ ਦੀ ਵਰਤੋਂ ਲੋਕਤੰਤਰ ਦੀਆਂ ਜੜ੍ਹਾਂ ਨੂੰ ਕਮਜ਼ੋਰ ਕਰ ਸਕਦੀ ਹੈ। ਜਦੋਂ ਕੋਈ ਵੋਟਰ ਇਹ ਸਮਝ ਹੀ ਨਹੀਂ ਪਾਉਂਦਾ ਕਿ ਜੋ ਉਹ ਵੇਖ ਰਿਹਾ ਹੈ ਜਾਂ ਸੁਣ ਰਿਹਾ ਹੈ ਉਹ ਸੱਚ ਹੈ ਜਾਂ ਸਿਰਜਿਆ ਭਰਮ, ਉਦੋਂ ਉਸ ਦੀ ਫੈਸਲਾ ਲੈਣ ਦੀ ਯੋਗਤਾ ਪ੍ਰਭਾਵਿਤ ਹੁੰਦੀ ਹੈ। ਇਹ ਸਥਿਤੀ ਲੋਕਤੰਤਰੀ ਸੰਸਥਾਵਾਂ ਪ੍ਰਤੀ ਵਿਸ਼ਵਾਸ ਨੂੰ ਕਮਜ਼ੋਰ ਕਰਦੀ ਹੈ। ਅੱਜ ਸੋਸ਼ਲ ਮੀਡੀਆ ’ਤੇ ਅਜਿਹੀਆਂ ਅਨੇਕਾਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜਿੱਥੇ ਕਿਸੇ ਵਿਅਕਤੀ ਨੂੰ ਨਰਿੰਦਰ ਮੋਦੀ ਵਰਗੇ ਵੱਡੇ ਆਗੂਆਂ ਦੇ ਨਾਲ ਵਿਖਾਇਆ ਜਾਂਦਾ ਹੈ, ਜਦੋਂਕਿ ਅਸਲ  ਵਿੱਚ ਅਜਿਹਾ ਕਦੇ ਹੋਇਆ ਹੀ ਨਹੀਂ ਹੁੰਦਾ।

ਇਹ ਸਿਰਫ ਵਿਅਕਤੀਗਤ ਭਰਮ ਨਹੀਂ, ਸਗੋਂ ਸਮਾਜਿਕ ਪੱਧਰ ’ਤੇ ਵਿਸ਼ਵਾਸ ਦੀ ਬਣਤਰ ਨੂੰ ਕਮਜ਼ੋਰ ਕਰਨ ਵਾਲਾ ਪ੍ਰਵਾਹ ਹੈ। ਜਦੋਂ ਝੂਠ ਤੇ ਸੱਚ ਵਿਚਕਾਰ ਦੀ ਰੇਖਾ ਧੁੰਦਲੀ ਹੋ ਜਾਂਦੀ ਹੈ, ਉਦੋਂ ਸਮਾਜ ਵਿਚ ਸੰਸਾ, ਅਵਿਸ਼ਵਾਸ ਤੇ ਅਸਥਿਰਤਾ ਦਾ ਮਾਹੌਲ ਬਣਦਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇੱਕ ਹੋਰ ਚਿੰਤਾਜਨਕ ਪਹਿਲੂ ਹੈ ਸਾਈਬਰ ਅਪਰਾਧਾਂ ਵਿਚ ਇਸ ਦੀ ਵਧਦੀ ਵਰਤੋਂ। ਅੱਜ ਅਪਰਾਧੀ ਕਿਸੇ ਵਿਅਕਤੀ ਦੀ ਆਵਾਜ਼ ਦੀ ਨਕਲ ਕਰਕੇ ਉਸ ਦੇ ਆਪਣਿਆਂ ਨੂੰ ਧੋਖਾ ਦੇਣ ਵਿਚ ਸਮਰੱਥ ਹੋ ਗਏ ਹਨ। ਪਰਿਵਾਰ ਦੇ ਮੈਂਬਰ ਜਾਂ ਅਧਿਕਾਰੀ ਬਣ ਕੇ ਧਨ ਦੀ ਠੱਗੀ ਕਰਨਾ ਹੁਣ ਬਹੁਤ ਸੌਖਾ ਹੋ ਗਿਆ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਅਨੇਕ ਲੋਕਾਂ ਦੀ ਜੀਵਨ ਭਰ ਦੀ ਕਮਾਈ ਨੂੰ ਪਲ ਭਰ ਵਿਚ ਖਤਮ ਕਰ ਦਿੱਤਾ ਹੈ। ਇਹ ਸਿਰਫ ਆਰਥਿਕ ਨੁਕਸਾਨ ਨਹੀਂ, ਸਗੋਂ ਵਿਸ਼ਵਾਸ ਅਤੇ ਸੁਰੱਖਿਆ ਦੀ ਭਾਵਨਾ ’ਤੇ ਡੂੰਘਾ ਵਾਰ ਹੈ।

ਵਿੱਤੀ ਖੇਤਰ ਵਿਚ ਵੀ ਇਸ ਤਕਨੀਕ ਦੀ ਦੁਰਵਰਤੋਂ ਗੰਭੀਰ ਸੰਕਟ ਪੈਦਾ ਕਰ ਸਕਦੀ ਹੈ। ਆਟੋਮੈਟਿਕ ਹਮਲਿਆਂ ਰਾਹੀਂ ਬੈਂਕਿੰਗ ਵਿਵਸਥਾ ਦੀਆਂ ਕਮਜ਼ੋਰੀਆਂ ਦਾ ਲਾਭ ਉਠਾਇਆ ਜਾ ਸਕਦਾ ਹੈ। ਜੇਕਰ ਇਸ ਤਰ੍ਹਾਂ ਦੇ ਹਮਲੇ ਵਿਆਪਕ ਪੱਧਰ ’ਤੇ ਹੋਣ ਤਾਂ ਇਹ ਸਿਰਫ ਵਿਅਕਤੀਗਤ ਨੁਕਸਾਨ ਤੱਕ ਸੀਮਤ ਨਹੀਂ ਰਹਿਣਗੇ, ਸਗੋਂ ਰਾਸ਼ਟਰੀ ਅਤੇ ਵਿਸ਼ਵ-ਪੱਧਰੀ ਆਰਥਿਕਤਾ ਨੂੰ ਵੀ ਅਸਥਿਰ ਕਰ ਸਕਦੇ ਹਨ। ਇਹ ਸਥਿਤੀ ਉਸ ਵੇਲੇ ਹੋਰ ਵੀ ਗੰਭੀਰ ਹੋ ਜਾਂਦੀ ਹੈ ਜਦੋਂ ਰੈਗੂਲੇਟਰੀ ਸੰਸਥਾਵਾਂ ਇਨ੍ਹਾਂ ਗੁੰਝਲਦਾਰ ਤਕਨੀਕਾਂ ਦੀ ਗਤੀ ਅਤੇ ਸਵਰੂਪ ਨੂੰ ਸਮਝਣ ਵਿਚ ਪਿੱਛੇ ਰਹਿ ਜਾਂਦੀਆਂ ਹਨ। ਵਾਤਾਵਰਨ ਨਜ਼ਰੀਏ ਨਾਲ ਵੀ ਇਹ ਤਕਨੀਕ ਪੂਰੀ ਤਰ੍ਹਾਂ ਨਿਰਦੋਸ਼ ਨਹੀਂ ਹੈ।

ਵਿਸ਼ਾਲ ਡਾਟਾ ਸੈਂਟਰਾਂ ਦੀ ਸਥਾਪਨਾ, ਊਰਜਾ ਦੀ ਅਤਿਅੰਤ ਖਪਤ ਅਤੇ ਖਣਿੱਜ ਸਰੋਤਾਂ ਦੀ ਲੁੱਟ- ਇਹ ਸਭ ਕੁਦਰਤ ’ਤੇ ਵਾਧੂ ਦਬਾਅ ਪਾਉਂਦੇ ਹਨ। ਕੋਬਾਲਟ ਅਤੇ ਲੀਥੀਅਮ ਵਰਗੇ ਖਣਿੱਜਾਂ ਦੀ ਵਧਦੀ ਮੰਗ ਵਾਤਾਵਰਨ ਅਸੰਤੁਲਨ ਅਤੇ ਮਨੁੱਖੀ ਸ਼ੋਸ਼ਣ ਦੋਵਾਂ ਨੂੰ ਜਨਮ ਦਿੰਦੀ ਹੈ। ਇਸ ਤਰ੍ਹਾਂ ਇਹ ਤਕਨੀਕ ਸਿਰਫ ਸਮਾਜਿਕ ਜਾਂ ਨੈਤਿਕ ਹੀ ਨਹੀਂ, ਸਗੋਂ ਵਾਤਾਵਰਨ ਚੁਣੌਤੀ ਵੀ ਬਣ ਰਹੀ ਹੈ। ਇਨ੍ਹਾਂ ਸਾਰੀਆਂ ਚਿੰਤਾਵਾਂ ਵਿਚਕਾਰ ਇਹ ਸਮਝਣਾ ਲਾਜ਼ਮੀ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਨਕਾਰਿਆ ਨਹੀਂ ਜਾ ਸਕਦਾ। ਇਹ ਆਧੁਨਿਕ ਜੀਵਨ ਦਾ ਅਨਿੱਖੜਵਾਂ ਅੰਗ ਬਣ ਚੁੱਕੀ ਹੈ ਅਤੇ ਮੈਡੀਕਲ, ਸਿੱਖਿਆ, ਆਫ਼ਤ ਪ੍ਰਬੰਧਨ ਅਤੇ ਉਤਪਾਦਨ ਦੇ ਖੇਤਰ ਵਿਚ ਇਸ ਦੇ ਯੋਗਦਾਨ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਸਮੱਸਿਆ ਤਕਨੀਕ ਵਿਚ ਨਹੀਂ, ਸਗੋਂ ਉਸ ਦੀ ਵਰਤੋਂ ਦੇ ਸਵਰੂਪ ਵਿਚ ਹੈ।

ਜੇਕਰ ਇਸ ਨੂੰ ਮਨੁੱਖੀ ਕਦਰਾਂ-ਕੀਮਤਾਂ, ਨੈਤਿਕਤਾ ਤੇ ਸਮਾਜਿਕ ਜਿੰਮੇਵਾਰੀ ਨਾਲ ਜੋੜਿਆ ਜਾਵੇ ਤਾਂ ਇਹ ਇੱਕ ਵਰਦਾਨ ਸਾਬਤ ਹੋ ਸਕਦੀ ਹੈ। ਇਸ ਲਈ ਸਭ ਤੋਂ ਪਹਿਲਾਂ ਲਾਜ਼ਮੀ ਹੈ ਕਿ ਇਸ ਦੇ ਵਿਕਾਸ ਅਤੇ ਵਰਤੋਂ ਲਈ ਸਪੱਸ਼ਟ ਤੇ ਮਜ਼ਬੂਤ ਨਿਯਮ ਬਣਾਏ ਜਾਣ। ਸਰਕਾਰਾਂ ਤੇ ਸੰਸਥਾਵਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇਸ ਤਕਨੀਕ ਦੀ ਵਰਤੋਂ ਪਾਰਦਰਸ਼ੀ, ਸੁਰੱਖਿਅਤ ਅਤੇ ਜਿੰਮੇਵਾਰ ਤਰੀਕੇ ਨਾਲ ਹੋਵੇ। ਕੰਪਨੀਆਂ ਨੂੰ ਆਪਣੇ ਤੰਤਰ ਵਿਚ ਅਜਿਹੇ ਪ੍ਰਬੰਧ ਵਿਕਸਿਤ ਕਰਨੇ ਚਾਹੀਦੇ ਹਨ, ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਭਰਮਾਉਣ ਵਾਲੀ ਸਮੱਗਰੀ ਦੀ ਪਛਾਣ ਤੇ ਕੰਟਰੋਲ ਸੰਭਵ ਹੋ ਸਕੇ। ਨਾਲ ਹੀ ਨਾਗਰਿਕਾਂ ਦੀ ਜਾਗਰੂਕਤਾ ਵੀ ਬਹੁਤ ਮਹੱਤਵਪੂਰਨ ਹੈ।

ਡਿਜ਼ੀਟਲ ਸਾਖਰਤਾ ਤੋਂ ਬਿਨਾਂ ਕੋਈ ਵੀ ਸਮਾਜ ਇਸ ਚੁਣੌਤੀ ਦਾ ਸਾਹਮਣਾ ਨਹੀਂ ਕਰ ਸਕਦਾ। ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੋ ਕੁਝ ਉਹ ਵੇਖ ਜਾਂ ਸੁਣ ਰਹੇ ਹਨ, ਉਹ ਹਮੇਸ਼ਾ ਸੱਚ ਨਹੀਂ ਹੋ ਸਕਦਾ। ਵੈਰੀਫਿਕੇਸ਼ਨ ਦੇ ਰੁਝਾਨ ਨੂੰ ਵਿਕਸਿਤ ਕਰਨਾ ਸਮੇਂ ਦੀ ਲੋੜ ਹੈ। ਨੈਤਿਕਤਾ ਦੇ ਪੱਧਰ ’ਤੇ ਇਹ ਵੀ ਲਾਜ਼ਮੀ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਟ੍ਰੇਨਿੰਗ ਲਈ ਵਰਤੇ ਜਾਣ ਵਾਲੇ ਅੰਕੜੇ ਨਿਰਪੱਖ ਅਤੇ ਉੱਚ ਗੁਣਵੱਤਾ ਵਾਲੇ ਹੋਣ। ਜੇਕਰ ਆਧਾਰ ਹੀ ਪੱਖਪਾਤੀ ਹੋਵੇਗਾ ਤਾਂ ਨਤੀਜੇ ਵੀ ਪੱਖਪਾਤੀ ਹੋਣਗੇ।

Artificial Intelligence

ਇਸ ਨਾਲ ਸਮਾਜਿਕ ਅਸਮਾਨਤਾ ਤੇ ਭੇਦਭਾਵ ਨੂੰ ਹੁਲਾਰਾ ਮਿਲ ਸਕਦਾ ਹੈ। ਇਸ ਲਈ ਨਿਰਪੱਖਤਾ, ਪਾਰਦਰਸ਼ਿਤਾ, ਗੋਪਨੀਅਤਾ ਅਤੇ ਜਿੰਮੇਵਾਰੀ ਵਰਗੇ ਸਿਧਾਂਤਾਂ ਨੂੰ ਇਸ ਦੇ ਵਿਕਾਸ ਦਾ ਆਧਾਰ ਬਣਾਉਣਾ ਹੋਵੇਗਾ। ਸੱਭਿਆਚਾਰਕ ਨਜ਼ਰੀਏ ਤੋਂ ਵੀ ਇਹ ਧਿਆਨ ਰੱਖਣਾ ਲਾਜ਼ਮੀ ਹੈ ਕਿ ਤਕਨੀਕੀ ਵਿਕਾਸ ਸਾਡੀਆਂ ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ ਨਾਲ ਸੰਤੁਲਨ ਬਣਾਈ ਰੱਖੇ। ਸਾਡੀ ਸੱਭਿਆਚਾਰਕ ਵਿਰਾਸਤ ਦਾ ਡਿਜ਼ੀਟਲੀਕਰਨ ਅਤੇ ਸੰਭਾਲ ਇਸ ਦਿਸ਼ਾ ਵਿਚ ਇੱਕ ਸਕਾਰਾਤਮਕ ਕਦਮ ਹੋ ਸਕਦਾ ਹੈ, ਪਰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਇਸ ਦੀ ਵਰਤੋਂ ਸਤਿਕਾਰਪੂਰਵਕ ਅਤੇ ਸੰਵੇਦਨਸ਼ੀਲਤਾ ਨਾਲ ਕੀਤੀ ਜਾਵੇ।

ਸਾਰ ਰੂਪ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਸ਼ਕਤੀਸ਼ਾਲੀ ਸਾਧਨ ਹੈ, ਜੋ ਮਨੁੱਖੀ ਜੀਵਨ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ। ਪਰ ਜੇਕਰ ਇਸ ਨੂੰ ਨੈਤਿਕਤਾ ਤੋਂ ਵੱਖ ਕਰ ਦਿੱਤਾ ਗਿਆ ਤਾਂ ਇਹ ਉਸੇ ਗਤੀ ਨਾਲ ਤਬਾਹੀ ਦਾ ਕਾਰਨ ਵੀ ਬਣ ਸਕਦੀ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਤਕਨੀਕ ਦੇ ਵਿਕਾਸ ਦੇ ਨਾਲ-ਨਾਲ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਵੀ ਮਜ਼ਬੂਤ ਕਰੀਏ। ਵਿਗਿਆਨ ਅਤੇ ਮਨੁੱਖੀ ਸੰਵੇਦਨਾ ਵਿਚਕਾਰ ਸੰਤੁਲਨ ਹੀ ਉਹ ਰਾਹ ਹੈ, ਜੋ ਸਾਨੂੰ ਸੁਰੱਖਿਅਤ ਅਤੇ ਖੁਸ਼ਹਾਲ ਭਵਿੱਖ ਵੱਲ ਲਿਜਾ ਸਕਦਾ ਹੈ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਲਲਿਤ ਗਰਗ

About The Author

Related Posts