ਪੰਜਾਬ ਦੀਆਂ ਜੇਲ੍ਹਾਂ ‘ਚ ਵੀ ਕੈਦੀਆਂ ਨੂੰ ਯੋਗ ਦਾ ਚੜ੍ਹਿਆ ਰੰਗ

Yoga, Increased, Jails, Punjab

ਹਜ਼ਾਰਾਂ ਕੈਦੀਆਂ ਯੋਗ ਆਸਣਾਂ ਰਾਹੀਂ ਚੰਗੀ ਸਿਹਤ ਰੱਖਣ ਦਾ ਪੜ੍ਹਿਆ ਪਾਠ

ਪਟਿਆਲਾ ਜੇਲ੍ਹ ਅੰਦਰ 900 ਕੈਦੀਆਂ ਅਤੇ ਬੰਦੀਆਂ ਨੇ ਕੀਤੀਆਂ ਯੋਗ ਕਿਰਿਆਵਾਂ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜਿੱਥੇ ਅੱਜ ਪੂਰੇ ਭਾਰਤ ਤੇ ਲੋਕ ਯੋਗ ਆਸਣ ਕਰਦੇ ਦੇਖੇ ਗਏ, ਉੱਥੇ ਹੀ ਪੰਜਾਬ ਦੀਆਂ ਜੇਲ੍ਹਾਂ ‘ਚ ਬੰਦ ਕੈਦੀ ਅਤੇ ਬੰਦੀ ਵੀ ਯੋਗ ਦੇ ਰੰਗ ਵਿੱਚ ਰੰਗੇ ਗਏ। ਕੇਂਦਰੀ ਜੇਲ੍ਹ ਪਟਿਆਲਾ ਸਮੇਤ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਅੱਜ ਕੈਦੀਆਂ ਅਤੇ ਅਧਿਕਾਰੀਆਂ ਵੱਲੋਂ ਪ੍ਰਾਣਾਯਾਮ ਦੇ ਪਾਠ ਪੜ੍ਹੇ ਗਏ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਯੋਗ ਦਿਵਸ ਨੂੰ ਦੇਖਦਿਆ ਅੱਜ ਪੰਜਾਬ ਦੀਆਂ 26 ਜੇਲ੍ਹਾਂ ਅੰਦਰ ਵੀ ਯੋਗ ਦਿਵਸ ਮੌਕੇ ਵਿਸ਼ੇਸ ਸਮਾਗਮ ਰੱਖੇ ਗਏ ਸਨ। ਪਟਿਆਲਾ ਦੀ ਕੇਂਦਰੀ ਜੇਲ੍ਹ ਵਿਖੇ 900 ਕੈਦੀਆਂ ਵੱਲੋਂ ਯੋਗ ਕੈਂਪ ਵਿੱਚ ਹਿੱਸਾ ਲਿਆ ਗਿਆ। ਸਵੇਰ ਵੇਲੇ ਹੀ ਕੈਂਦੀ ਆਪਣੀਆਂ ਬੈਰਕਾਂ ਵਿੱਚੋਂ ਪ੍ਰਾਣਾਯਾਮ ਕਰਨ ਲਈ ਸਮਾਗਮ ਵਾਲੀ ਥਾਂ ਪੁੱਜ ਗਏ।

ਉਂਜ ਕੇਂਦਰੀ ਜੇਲ੍ਹ ਪਟਿਆਲਾ ਅੰਦਰ ਦੋ ਹਜ਼ਾਰ ਦੇ ਕਰੀਬ ਕੈਦੀ ਅਤੇ ਬੰਦੀ ਬੰਦ ਹਨ। ਇਸ ਦੇ ਨਾਲ ਹੀ ਨਾਭਾ ਜੇਲ੍ਹ ਅੰਦਰ ਵੀ ਕੈਦੀਆਂ ਉੱਪਰ ਯੋਗ ਦਾ ਅਸਰ ਦਿਖਾਈ ਦਿੱਤਾ ਅਤੇ ਇੱਥੇ ਸੈਂਕੜੇ ਕੈਦੀਆਂ ਵੱਲੋਂ ਯੋਗ ਅਭਿਆਸ ਵਿੱਚ ਹਿੱਸਾ ਲਿਆ ਗਿਆ । ਵਿਅਕਤੀ ਵਿਕਾਸ ਕੇਂਦਰ, ਆਰਟ ਆਫ਼ ਲਿਵਿੰਗ ਬੰਗਲੌਰ ਦੀ ਟੀਮ ਵੱਲੋਂ ਪਟਿਆਲਾ ਜੇਲ੍ਹ ਅੰਦਰ ਜੇਲ੍ਹ ਦੇ ਸਟਾਫ਼, ਕਰਮਚਾਰੀਆਂ ਅਤੇ ਕੈਦੀਆਂ ਨੂੰ ਯੋਗਾ ਕਰਵਾਇਆ ਗਿਆ। ਜੇਲ੍ਹ ਅੰਦਰ ਲੱਗੇ ਯੋਗਾ ਕੈਂਪ ਦਾ ਉਦਘਾਟਨ ਜੇਲ੍ਹ ਦੇ ਸੀਨੀਅਰ ਸੁਪਰਡੈਂਟ ਭੁਪਿੰਦਰਜੀਤ ਸਿੰਘ ਵਿਰਕ ਵੱਲੋਂ ਕੀਤਾ ਗਿਆ। ਇਸ ਮੌਕੇ ਅਡੀਸ਼ਨਲ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਯੋਗ ਆਸਣਾਂ ਲਈ ਕੈਦੀਆਂ ਵਿੱਚ ਭਾਰੀ ਉਤਸ਼ਾਹ ਸੀ ਅਤੇ 900 ਕੈਦੀਆਂ ਵੱਲੋਂ ਯੋਗ ਕੈਂਪ ਵਿੱਚ ਹਿੱਸਾ ਲਿਆ ਗਿਆ।

ਇਸ ਦੇ ਨਾਲ ਹੀ ਜੇਲ੍ਹ ‘ਚ ਬੰਦ 100 ਔਰਤ ਕੈਦੀਆਂ ਵੱਲੋਂ ਵੀ ਯੋਗ ਕੀਤਾ ਗਿਆ। ਇਸ ਮੌਕੇ ਕੈਦੀਆਂ ਨੂੰ ਸੰਬੋਧਨ ਕਰਦਿਆਂ ਯੋਗ ਸੰਚਾਲਕਾਂ ਨੇ ਕਿਹਾ ਕਿ ਉਹ ਯੋਗ ਕਿਰਿਆਵਾਂ ਰਾਹੀਂ ਆਪਣੇ ਮਨ ‘ਤੇ ਕਾਬੂ ਪਾ ਸਕਦੇ ਹਨ ਅਤੇ ਯੋਗ ਸਰੀਰਕ ਬਿਮਾਰੀਆਂ ਤੋਂ ਬਚਾਅ ਦਾ ਸਭ ਤੋਂ ਵੱਡਾ ਹਥਿਆਰ ਹੈ।  ਇੱਧਰ ਪੰਜਾਬ ਦੀਆਂ ਜੇਲ੍ਹਾਂ ਸੰਗਰੂਰ, ਬਠਿੰਡਾ, ਬਰਨਾਲਾ, ਲੁਧਿਆਣਾ ਆਦਿ ਵਿਖੇ ਵੀ ਹਜ਼ਾਰਾਂ ਕੈਦੀਆਂ ਅਤੇ ਅਧਿਕਾਰੀਆਂ ਵੱਲੋਂ ਯੋਗ ਆਸਣਾਂ ਰਾਹੀਂ ਸਰੀਰ ਨੂੰ ਤਰੋਤਾਜ਼ਾ ਕੀਤਾ ਗਿਆ। ਉਂਜ ਪਤਾ ਲੱਗਾ ਹੈ ਕਿ ਪਹਿਲਾਂ ਵੀ ਪੰਜਾਬ ਦੀਆਂ ਕਈ ਜੇਲ੍ਹਾਂ ਅੰਦਰ ਪਹਿਲਾਂ ਵੀ ਰੋਜਾਨਾ ਯੋਗ ਕੈਦੀਆਂ ਅਤੇ ਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ, ਪਰ ਇਸ ਦੌਰਾਨ ਗਿਣਤੀ ਘੱਟ ਹੁੰਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।