ਸੇਵਾਮੁਕਤੀ ਤੋਂ ਪਹਿਲਾਂ ਸੈੱਟ ਹੋ ਸਕਦੇ ਹਨ ਐਨ. ਐਸ ਕਲਸੀ, ਬਣ ਸਕਦੇ ਹਨ ‘ਵਾਟਰ ਅਥਾਰਟੀ’ ਦੇ ਚੇਅਰਮੈਨ

Before, Retirement, N.S. Kalsi, Chairman, Water Authority

ਸਿਆਸੀ ਗਲਿਆਰਿਆਂ ਵਿੱਚ ਛਿੜੀ ਚਰਚਾ, ਕਰਨਗੇ ਪੰਜਾਬ ਦੇ ਪਾਣੀਆਂ ਦੀ ਰਾਖੀ

ਇਸੇ ਮਹੀਨੇ ਵਾਟਰ ਅਥਾਰਿਟੀ ਦਾ ਗਠਨ ਕਰ ਸਕਦੀ ਐ ਪੰਜਾਬ ਸਰਕਾਰ, ਪਿਛਲੇ ਸਮੇਂ ਤੋਂ ਚਲ ਰਿਹਾ ਮੀਟਿੰਗਾਂ ਦਾ ਦੌਰ

ਮੁੱਖ ਮੰਤਰੀ ਦੇ ਕਰੀਬੀ ਆਈ.ਏ.ਐਸ. ਅਧਿਕਾਰੀਆਂ ਵਿੱਚੋਂ ਇੱਕ ਹਨ ਗ੍ਰਹਿ ਸਕੱਤਰ ਐਨ.ਐਸ. ਕਲਸੀ

ਅਸ਼ਵਨੀ ਚਾਵਲਾ, ਚੰਡੀਗੜ੍ਹ

ਪੰਜਾਬ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਐਨ. ਐਸ. ਕਲਸੀ ਨੂੰ ਰਿਟਾਇਰਮੈਂਟ ਤੋਂ ਪਹਿਲਾਂ ਹੀ ਸੈਟ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਐਨ ਐਸ ਕਲਸੀ ਨੂੰ ਪੰਜਾਬ ਸਰਕਾਰ ਵੱਲੋਂ  ਸਥਾਪਤ ਕੀਤੀ ਜਾ ਰਹੀਂ ‘ਵਾਟਰ ਅਥਾਰਿਟੀ’ ਦਾ ਚੇਅਰਮੈਨ ਲਗਾਇਆ ਜਾ ਸਕਦਾ ਹੈ। ਸਿਆਸੀ ਗਲਿਆਰਿਆਂ ਵਿੱਚ ਹੁਣ ਤੋਂ ਹੀ ਇਸ ਗੱਲ ਦੀ ਪੁਸ਼ਟੀ ਕੀਤੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਜਿੰਮੇਵਾਰੀ ਐਨ ਐਸ ਕਲਸੀ ਦੇ ਮੋਢਿਆਂ ‘ਤੇ ਪਾਈ ਜਾ ਰਹੀ ਹੈ ਅਤੇ ਉਹ ਹੀ ਪਾਣੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਬਕਾਇਦਾ ਬਤੌਰ ਚੇਅਰਮੈਨ ਕੰਮ ਕਰਨਗੇ। ਹਾਲਾਂਕਿ ਐਨ ਐਸ ਕਲਸੀ ਇਸ ਸਮੇਂ ਗ੍ਰਹਿ ਵਿਭਾਗ ‘ਚ ਵਧੀਕ ਮੁੱਖ ਸਕੱਤਰ ਕੰਮ ਕਰ ਰਹੇ ਹਨ ਅਤੇ ਉਹ ਇਸੇ ਮਹੀਨੇ 30 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪਿਛਲੇ ਇੱਕ ਸਾਲ ਤੋਂ ਮੀਟਿੰਗਾਂ ਦਾ ਦੌਰ ਚਲਾਇਆ ਜਾ ਰਿਹਾ ਹੈ। ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਇਹ ਫਾਈਨਲ ਕਰ ਦਿੱਤਾ ਗਿਆ ਸੀ ਕਿ ‘ਵਾਟਰ ਅਥਾਰਿਟੀ’ ਦਾ ਗਠਨ ਕੀਤਾ ਜਾਵੇਗਾ। ਜਿਸ ਲਈ ਬਕਾਇਦਾ ਅਧਿਕਾਰੀਆਂ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ।

ਸ਼ੁੱਕਰਵਾਰ ਨੂੰ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਉੱਚ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਦੀਆਂ ਕਈ ਜਥੇਬੰਦੀਆਂ ਅਤੇ ਮਹਾਰਾਸ਼ਟਰਾਂ ਤੋਂ ਆਏ ਪਾਣੀ ਦੇ ਮਾਹਿਰਾਂ ਨਾਲ ਮੀਟਿੰਗ ਵੀ ਕੀਤੀ ਹੈ। ਜਿਥੇ ਕਿ ਇਹ ਫੈਸਲਾ ਹੋ ਗਿਆ ਕਿ ਅਗਲੇ ਇੱਕ ਅੱਧੇ ਮਹੀਨੇ ਵਿੱਚ ਹੀ ‘ਵਾਟਰ ਅਥਾਰਟੀ’ ਦਾ ਗਠਨ ਕਰ ਦਿੱਤਾ ਜਾਵੇਗਾ। ਇਹ ਅਥਾਰਟੀ ਸਿੱਧਾ ਮੁੱਖ ਮੰਤਰੀ ਅਮਰਿੰਦਰ ਸਿੰਘ ਹੇਠ ਹੀ ਕੰਮ ਕਰੇਗੀ ਅਤੇ ਉਨ੍ਹਾਂ ਨੂੰ ਹੀ ਰਿਪੋਰਟ ਕਰੇਗੀ। ਇਹ ‘ਵਾਟਰ ਅਥਾਰਿਟੀ’ ਪੰਜਾਬ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਹੋ ਰਹੀ ਪਾਣੀ ਦੀ ਵਰਤੋਂ ਤੋਂ ਲੈ ਕੇ ਪਾਣੀ ਨੂੰ ਬਚਾਉਣ ਤੱਕ ਢੁਕਵੇਂ ਪ੍ਰਬੰਧ ਕਰਨ ਦਾ ਜਿੰਮਾ ਆਪਣੇ ਸਿਰ ਲਵੇਗੀ। ਇਸ ਅਥਾਰਿਟੀ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਕਿਸੇ ਨਜਦੀਕੀ ਸੀਨੀਅਰ ਆਈ.ਏ.ਐਸ. ਅਧਿਕਾਰੀ ਨੂੰ ਹੀ ਚੇਅਰਮੈਨ ਲਾਉਣਾ ਚਾਹੁੰਦੇ ਹਨ ਅਤੇ ਮੁੱਖ ਮੰਤਰੀ ਦੇ ਖਾਸ ਅਧਿਕਾਰੀਆਂ ਵਿੱਚ ਐਨ ਐਸ ਕਲਸੀ ਦਾ ਨਾਅ ਕਾਫ਼ੀ ਜਿਆਦਾ ਉੱਪਰ ਹੈ ਅਤੇ ਐਨ ਐਸ ਕਲਸੀ ਕੁਝ ਦਿਨਾਂ ਬਾਅਦ ਹੀ ਸੇਵਾਮੁਕਤ ਵੀ ਹੋਣ ਜਾ ਰਹੇ ਹਨ। ਇਸ ਸਬੰਧੀ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਨੇ ਵੀ ਪੁਸ਼ਟੀ ਕਰ ਦਿੱਤੀ ਕਿ ‘ਵਾਟਰ ਅਥਾਰਿਟੀ’ ਬਣਾਉਣ ਤੋਂ ਬਾਅਦ ਚੇਅਰਮੈਨ ਐਨ ਐਸ ਕਲਸੀ ਨੂੰ ਲਾਇਆ ਜਾ ਸਕਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।