ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਾਣੀ ਦਾ ਪੱਧਰ ਕਈ-ਕਈ ਫੁੱਟ ਘਟਿਆ
ਪਾਣੀ ਦੀ ਘਾਟ ਕਾਰਨ ਬਿਜਲੀ ਉਤਪਾਦਨ ਵਿੱਚ ਆ ਰਹੀ ਐ ਕਮੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਇੱਕ ਪਾਸੇ ਪਾਵਰਕੌਮ ਜਿੱਥੇ ਕੋਲੇ ਦੀ ਘਾਟ ਨਾਲ ਜੂਝ ਰਹੀ ਹੈ, ਉੱਥੇ ਹੀ ਡੈਮਾਂ ਅੰਦਰ ਵੀ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ। ਪਾਣੀ ਦੇ ਪੱਧਰ ਘੱਟਣ ਨਾਲ ਪਾਵਰਕੌਮ ਦਾ ਬਿਜਲੀ ਉਤਪਾਦਨ ਘੱਟ ਰਿਹਾ ਹੈ। ਉਂਜ ਪਿਛਲੇ ਸਾਲ ਡੈਮਾਂ ਅੰਦਰ ਪਾਣੀ ਦਾ ਪੱਧਰ ਚੰਗੇ ਲੈਵਲ ‘ਤੇ ਸੀ, ਪਰ ਇਸ ਵਾਰ ਪਾਣੀ ਦੇ ਪੱਧਰ ਵਿੱਚ ਲਗਾਤਾਰ ਗਿਰਾਵਟ ਬਣੀ ਹੋਈ ਹੈ। ਜਾਣਕਾਰ ਅਨੁਸਾਰ ਸੂਬੇ ਅੰਦਰ ਕੋਲਾ ਸਪਲਾਈ ਨਾ ਹੋਣ ਕਾਰਨ ਪੰਜਾਬ ਦੇ ਥਰਮਲ ਪਲਾਟਾਂ ਵਿੱਚ ਕੋਲੇ ਦੀ ਵੱਡੀ ਘਾਟ ਪਾਈ ਜਾ ਰਹੀ ਹੈ। ਇਹ ਕੋਲੇ ਦੀ ਘਾਟ ਦਾ ਹੀ ਨਤੀਜ਼ਾ ਹੈ ਕਿ ਪ੍ਰਾਈਵੇਟ ਥਮਰਲ ਪਲਾਂਟ ਠੱਪ ਹੋਏ ਪਏ ਹਨ। ਪਾਵਰਕੌਮ ਨੂੰ ਪਿਛਲੀ ਵਾਰ ਆਪਣੇ ਡੈਮਾਂ ਤੋਂ ਪਣ ਬਿਜਲੀ ਪ੍ਰੋਜੈਕਟਾਂ ਰਾਹੀਂ ਚੌਖਾ ਬਿਜਲੀ ਉਤਪਾਦਨ ਹੋਇਆ ਸੀ, ਪਰ ਇਸ ਵਾਰ ਇਨ੍ਹਾਂ ਡੈਮਾਂ ਦਾ ਪਾਣੀ ਵੀ ਪਾਵਰਕੌਮ ਨੂੰ ਧੋਖਾ ਦੇ ਰਿਹਾ ਹੈ।
ਹਾਸਲ ਹੋਏ ਵੇਰਵਿਆ ਮੁਤਾਬਿਕ ਭਾਖੜਾ ਡੈਮ ਅੰਦਰ ਮੌਜੂਦਾ ਸਮੇਂ ਪਾਣੀ ਦਾ ਪੱਧਰ 1638.34 ਫੁੱਟ ਵਹਿ ਰਿਹਾ ਹੈ ਜਦਕਿ ਪਿਛਲੇ ਸਾਲ ਇਸ ਵਿੱਚ ਪਾਣੀ ਦਾ ਪੱਧਰ 1663.12 ਫੁੱਟ ਸੀ। ਇਸ ਤਰ੍ਹਾਂ ਭਾਖੜਾ ਡੈਮ ਅੰਦਰ ਹੀ 25 ਫੁੱਟ ਪਾਣੀ ਦਾ ਪੱਧਰ ਨੀਵਾਂ ਚੱਲ ਰਿਹਾ ਹੈ। ਜੇਕਰ ਪੋਗ ਡੈਮ ਦੀ ਗੱਲ ਕੀਤੀ ਜਾਵੇ ਤਾ ਇਸ ਡੈਮ ਵਿੱਚ ਪਿਛਲੇ ਸਾਲ ਪਾਣੀ ਦਾ ਪੱਧਰ 1381.14 ਫੁੱਟ ਸੀ ਜਦਕਿ ਇਸ ਵਾਰ 1362.49 ਫੁੱਟ ਹੀ ਚੱਲ ਰਿਹਾ ਹੈ।
ਇਸ ਤਰ੍ਹਾਂ ਇਸ ਡੈਮ ਵਿੱਚ ਵੀ 19 ਫੁੱਟ ਪਾਣੀ ਦਾ ਪੱਧਰ ਘੱਟ ਵਹਿ ਰਿਹਾ ਹੈ। ਰਣਜੀਤ ਸਾਗਰ ਡੈਮ ਅੰਦਰ ਦਾ ਪਾਣੀ ਦਾ ਪੱਧਰ ਸਭ ਤੋਂ ਘੱਟ ਮਾਤਰਾ ਵਿੱਚ ਚੱਲ ਰਿਹਾ ਹੈ। ਇਸ ਡੈਮ ਵਿੱਚ ਮੌਜੂਦਾ ਸਮੇਂ 510.40 ਮੀਟਰ ਹੈ ਜਦਕਿ ਪਿਛਲੇ ਸਾਲ ਇਸ ਵਿੱਚ 522.20 ਮੀਟਰ ਪਾਣੀ ਦਾ ਪੱਧਰ ਸੀ। ਇਸ ਡੈਮ ਵਿੱਚ ਹੀ 12 ਮੀਟਰ ਪਾਣੀ ਘੱਟ ਚੱਲ ਰਿਹਾ ਹੈ। ਡੈਮਾਂ ਵਿੱਚ ਜਿਵੇਂ ਜਿਵੇਂ ਪਾਣੀ ਦਾ ਪੱਧਰ ਘੱਟਦਾ ਜਾਵੇਗਾ ਤਾ ਪਾਵਰਕੌਮ ਨੂੰ ਬਿਜਲੀ ਉਤਾਪਾਦਨ ਵਿੱਚ ਘਾਟ ਪੈਦਾ ਹੁੰਦੀ ਜਾਵੇਗੀ।
ਸਿਰਫ਼ ਡੈਹਰ ਡੈਮ ਹੀ ਹੈ ਜਿੱਥੇ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਹੀ ਚੱਲ ਰਿਹਾ ਹੈ। ਜੇਕਰ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਵਹਿ ਰਿਹਾ ਹੁੰਦਾ ਤਾ ਪਾਵਰਕੌਮ ਲਈ ਇਸ ਕੋਲੇ ਦੀ ਘਾਟ ਵਿੱਚ ਬਿਜਲੀ ਪੈਦਾਵਾਰ ਵਿੱਚ ਚੰਗਾ ਸਹਾਈ ਹੋਣਾ ਸੀ, ਪਰ ਇਸ ਵਾਰ ਡੈਮਾਂ ਦਾ ਪਾਣੀ ਵੀ ਪਾਵਰਕੌਮ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕੋਲੇ ਦੀ ਘਾਟ ਕਾਰਨ ਪਾਵਰਕੌਮ ਨੂੰ ਐਕਸਚੇਜ਼ ਰਾਹੀਂ ਬਿਜਲੀ ਖਰੀਦਣੀ ਪੈ ਰਹੀ ਹੈ।
ਮੁੱਖ ਮੰਤਰੀ ਦੇ ਸ਼ਹਿਰ ‘ਚ ਵੀ ਲੱਗੇ ਕੱਟ
ਦਿਹਾਤੀ ਖੇਤਰਾਂ ਦੇ ਨਾਲ ਹੀ ਅੱਜ ਸ਼ਹਿਰੀ ਖੇਤਰਾਂ ਦੇ ਲੋਕਾਂ ਨੂੰ ਵੀ ਕੱਟਾਂ ਦਾ ਸਾਹਮਣਾ ਕਰਨਾ ਪਿਆ। ਮੁੱਖ ਮੰਤਰੀ ਦੇ ਸ਼ਹਿਰ ਅੰਦਰ ਵੀ ਅੱਜ ਇੱਕ ਤੋਂ ਦੋਂ ਘੰਟਿਆਂ ਤੱਕ ਦੇ ਕੱਟ ਲਗਾਏ ਗਏ। ਬਿਜਲੀ ਜਾਣ ਨਾਲ ਅੱਜ ਸ਼ਹਿਰਾਂ ਅੰਦਰ ਕਾਫ਼ੀ ਕੰਮ ਪ੍ਰਭਾਵਿਤ ਹੋਇਆ। ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਕੋਲੇ ਦੀ ਘਾਟ ਹੀ ਆ ਗਈ ਹੈ ਤਾ ਬਿਜਲੀ ਕੱਟਾਂ ਨਾਲ ਹੀ ਬਿਜਲੀ ਬਚਾਉਣੀ ਪੈ ਰਹੀ ਹੈ। ਉਂਜ ਉਨ੍ਹਾਂ ਆਖਿਆ ਕਿ ਪਾਵਰਕੌਮ ਵੱਲੋਂ ਬਿਜਲੀ ਖਰੀਦ ਕਰਕੇ ਇਸ ਘਾਟ ਨੂੰ ਪੂਰਾ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.