ਕੋਰੋਨਾ ਦੇ ਡਰ ਦੇ ਨਾਲ ਕਿਸਾਨਾਂ ਨੂੰ ਹਾੜੀ ਦੀ ਫਸਲ ਦਾ ਵੀ ਡਰ ਸਤਾਉਣ ਲੱਗਾ

ਕਿਰਤੀ ਕਿਸਾਨ ਯੂਨੀਅਨ ਨੇ ਪਿੰਡਾਂ ਦੇ ਦੁੱਧ ਦੀ ਸਪਲਾਈ,ਦਵਾਈਆਂ ਦੀਆਂ ਦੁਕਾਨਾਂ ਤੇ ਕਰਿਆਨਾਂ ਸਟੋਰਾਂ ਨੂੰ ਕਰਫਿਊ ਤੋਂ ਛੋਟ ਦੇਣ ਦੀ ਮੰਗ ਕੀਤੀ

ਅੰਮ੍ਰਿਤਸਰ, (ਰਾਜਨ ਮਾਨ) ਕੋਰੋਨਾ ਵਾਇਰਸ ਕਾਰਨ ਸਰਕਾਰ ਵੱਲੋਂ 14 ਅਪ੍ਰੈਲ ਤੱਕ ਭਾਰਤ ਵਿੱਚ ਲਾਕ ਡਾਊਨ ਕਰਨ ਤੇ ਪੰਜਾਬ ਵਿੱਚ ਕਰਫਿਊ ਲੱਗਣ ਕਾਰਨ ਹੁਣ ਕਿਸਾਨਾਂ ਨੂੰ ਕੋਰੋਨਾ ਦੇ ਨਾਲ-ਨਾਲ ਸਿਰ ‘ਤੇ ਆਈ ਹਾੜੀ ਦੀ ਫਸਲ ਦਾ ਵੀ ਡਰ ਸਤਾਉਣ ਲੱਗਾ ਹੈ ਕਿਸਾਨ ਆਪਣੇ ਖੇਤੀ ਸੰਦਾਂ ਦੀ ਮੁਰੰਮਤ ਕਰਵਾਉਣ ਤੇ ਹੋਰ ਸਾਮਾਨ ਖਰੀਦਣ ਲਈ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਛੇ ਮਹੀਨਿਆਂ ਤੋਂ ਦੁਆਵਾਂ ਕਰ ਕਰ ਕੇ ਪੁੱਤਾਂ ਵਾਂਗ ਪਾਲੀ ਹਾੜੀ ਦੀ ਫਸਲ ਬਰੂਹਾਂ ‘ਤੇ ਖੜੀ ਹੈ ਅਤੇ ਉਤੋਂ ਕੋਰੋਨਾ ਦੇ ਕਹਿਰ ਨੇ ਸਾਰਿਆਂ ਦੇ ਸਾਹ ਸੂਤੇ ਹੋਏ ਹਨ ਕਿਸਾਨ ਦੀ ਹਾਲਤ ਦੂਸਰੇ ਲੋਕਾਂ ਤੋਂ ਜਿਆਦਾ ਤਰਸਯੋਗ ਨਜ਼ਰ ਆ ਰਹੀ ਹੈ ਕਿਸਾਨਾਂ ਦੇ ਚਿਹਰੇ ‘ਤੇ ਆਪਣੀ ਫਸਲ ਨੂੰ ਘਰ ਲਿਆਉਣ ਦਾ ਡਰ ਵੀ ਸਾਫ ਨਜ਼ਰ ਆ ਰਿਹਾ ਹੈ

ਕਿਸਾਨਾਂ ਨੂੰ ਆਪਣੀ ਹਾੜੀ ਉਪਰ ਇਸ ਵਾਰ ਕੋਰੋਨਾ ਦੇ ਬੱਦਲ ਵਰ੍ਹਦੇ ਨਜ਼ਰ ਆ ਰਹੇ ਹਨ ਸਰਕਾਰ ਨੂੰ ਕਿਸਾਨਾਂ ਦੇ ਇਸ ਮਾਮਲੇ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਵਿੱਚ ਕਰਫਿਊ ਦੌਰਾਨ ਪਿੰਡਾਂ ਤੋਂ ਆਉਣ ਵਾਲੇ ਕਿਸਾਨਾਂ ਦੇ ਦੁੱਧ ਦੀ ਸਪਲਾਈ, ਦਵਾਈਆਂ ਦੀਆਂ ਦੁਕਾਨਾਂ ਅਤੇ ਕਰਿਆਨਾ ਸਟੋਰਾਂ ਨੂੰ ਛੋਟ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਨੂੰ ਰੋਜ਼ ਵਰਤੋਂ ਵਾਲੀਆਂ ਚੀਜ਼ਾਂ ਮਿਲਣ ਦੇ ਨਾਲ ਨਾਲ ਕਿਸਾਨਾਂ ਨੂੰ ਦੁੱਧ ਤੋਂ ਹੁੰਦੀ ਆਮਦਨ ਵੀ ਜਾਰੀ ਰਹੇ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਕੋਰੋਨਾਵਾਇਰਸ ਕਾਰਨ ਫੈਲਣ ਵਾਲੀ ਬਿਮਾਰੀ ਕਾਰਨ ਪਹਿਲਾਂ ਪੰਜਾਬ ਸਰਕਾਰ ਵੱਲੋਂ 31 ਮਾਰਚ ਤੱਕ ਕਰਫਿਊ ਕਰਨ ਤੇ ਹੁਣ ਮੋਦੀ ਸਰਕਾਰ ਵੱਲੋਂ ਇਸਨੂੰ 21 ਦਿਨਾਂ ਤੱਕ ਵਧਾਉਣ ‘ਤੇ ਅਫਸਰਸ਼ਾਹੀ ਵੱਲੋਂ ਜਿਸ ਤਰ੍ਹਾਂ ਦੀਆਂ ਗੈਰ-ਜਿੰਮੇਵਾਰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ,

ਉਸ ਨਾਲ ਕਿਸਾਨਾਂ-ਮਜ਼ਦੂਰ ਤੇ ਹੋਰ ਮਿਹਨਤਕਸ਼ਾਂ ਨੂੰ ਰੋਜੀ-ਰੋਟੀ ਦੇ ਲਾਲੇ ਪੈ ਜਾਣ ਦੀ ਸੰਭਾਵਨਾ ਬਣ ਗਈ ਹੈ ਉਹਨਾਂ ਕਿਹਾ ਕਿ ਕਰਫਿਊ ਦੌਰਾਨ ਜ਼ਰੂਰੀ ਵਸਤਾਂ, ਮੈਡੀਕਲ ਸਟੋਰਾਂ, ਕਰਿਆਨਾ ਦੁਕਾਨਦਾਰਾਂ ਤੇ ਫ਼ਲ-ਸਬਜ਼ੀਆਂ ਲੋਕਾਂ ਦੇ ਘਰਾਂ ਵਿੱਚ ਪਹੁੰਚਾਉਣ ਦੇ ਜੋ ਗੈਰ-ਅਮਲੀ ਫੁਰਮਾਨ ਜਾਰੀ ਕੀਤੇ ਗਏ ਹਨ

ਉਹ ਅਫਸਰਸ਼ਾਹੀ ਦੀ ਨਾਕਾਬਲੀਅਤ ਅਤੇ ਲੋਕ ਵਿਰੋਧੀ ਵਤੀਰੇ ਨੂੰ ਦਰਸਾਉਂਦਾ ਹੈ ਉਹਨਾਂ ਪ੍ਰਸਾਸ਼ਨ ਨੂੰ ਸੁਆਲ ਕੀਤਾ ਕਿ ਕੀ ਉਪਰੋਕਤ ਦੁਕਾਨਦਾਰਾਂ ਕੋਲ ਦਵਾਈਆਂ, ਕਰਿਆਨੇ ਦਾ ਸਮਾਨ ਤੇ ਫ਼ਲ-ਸਬਜ਼ੀਆਂ ਘਰ-ਘਰ ਪਹੁੰਚਾਉਣ ਜੋਗੀ ਮਨੁੱਖੀ ਸ਼ਕਤੀ ਹੈ, ਕੀ ਦਵਾਈਆਂ ਦਾ ਸਮੱਚੇ ਜ਼ਿਲ੍ਹੇ ਵਿੱਚ ਜਾਰੀ ਚਾਰ ਮੋਬਾਇਲ ਨੰਬਰਾਂ ਨਾਲ ਬਿਮਾਰ ਵਿਅਕਤੀਆਂ ਲਈ ਸਮੇਂ ਸਿਰ ਪ੍ਰਬੰਧ ਹੋ ਜਾਵੇਗਾ ਉਨ੍ਹਾਂ ਮੰਗ ਕੀਤੀ ਕਿ ਮੈਡੀਕਲ ਸਟੋਰ, ਕਰਿਆਨਾ ਸਟੋਰ ਅਤੇ ਫ਼ਲ-ਸਬਜ਼ੀਆਂ ਦੀਆਂ ਦੁਕਾਨਾਂ ਨੂੰ ਸਾਰਾ ਦਿਨ ਖੋਲ੍ਹਿਆ ਜਾਵੇ ਤੇ ਸਗੋਂ ਇਨ੍ਹਾਂ ਦੀ ਗਿਣਤੀ ਵਧਾਉਣ ਦਾ ਪ੍ਰਸਾਸ਼ਨ ਪ੍ਰਬੰਧ ਕਰੇ

ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਇਸ ਨਾਦਰਸ਼ਾਹੀ ਫੁਰਮਾਨ ਨੇ ਕਿਸਾਨਾਂ ਦੀ ਆਰਥਿਕਤਾ ਨੂੰ ਫੌਰੀ ਤੌਰ ‘ਤੇ ਭਾਰੀ ਸੱਟ ਮਾਰੀ ਹੈ ਤੇ ਹਾੜੀ ਦੇ ਸੰਭਾਲਣ ਵਿੱਚ ਭਾਰੀ ਦਿੱਕਤਾਂ ਪੈਦਾ ਹੋਣ ਦੀਆਂ ਸੰਭਾਵਨਾਵਾਂ ਪੈਦਾ ਕਰ ਦਿੱਤੀਆਂ ਹਨ ਉਨ੍ਹਾਂ ਕਿਹਾ ਕਿ ਇਸ ਕਰਫਿਊ ਨੇ ਕਿਸਾਨਾਂ ਦੀ ਦੁੱਧ ਤੋਂ ਹੁੰਦੀ ਕਮਾਈ ਦਾ ਲੱਕ ਤੋੜ ਦਿੱਤਾ ਹੈ

ਦੁੱਧ ਦਾ ਰੇਟ 10 ਤੋਂ 12 ਰੁ. ਪ੍ਰਤੀ ਕਿਲੋ ਡਿੱਗ ਗਿਆ ਹੈ ਤੇ ਵੱਡੀਆਂ ਪ੍ਰਾਈਵੇਟ ਡੇਅਰੀਆਂ ਨੇ ਕਰਫਿਊ ਕਰਕੇ ਕਿਸਾਨਾਂ ਤੋਂ ਦੁੱਧ ਖਰੀਦਣਾ ਬੰਦ ਕਰ ਦਿੱਤਾ ਹੈ ਇੱਥੋਂ ਤੱਕ ਕਿ ਵੇਰਕਾ ਮਿਲਕ ਪਲਾਂਟ ਤੇ ਅਮੂਲ ਵਰਗੀਆਂ ਕੰਪਨੀਆਂ ਨੇ ਵੀ ਕਿਸਾਨਾਂ ਕੋਲੋਂ ਦੁੱਧ ਦੀ ਖਰੀਦ ਘਟਾ ਦਿੱਤੀ ਹੈ

ਹਰ ਥਾਂ ਹਲਵਾਈਆਂ ਦੀ ਦੁਕਾਨਾਂ ਬੰਦ ਹੋਣ ਕਰਕੇ ਵੀ ਦੁੱਧ ਦੀ ਮੰਗ ਘਟ ਗਈ ਹੈ ਉਨ੍ਹਾਂ ਕਿਹਾ ਕਿ ਦੁੱਧ ਦੇ ਜੋ ਪੈਸੇ ਕਿਸਾਨਾਂ ਨੂੰ ਆਉਂਦੇ ਸਨ, ਉਹ ਬੰਦ ਹੋ ਗਏ ਹਨ ਤੇ ਕਿਸਾਨ ਆਪਣੀਆਂ ਲੋੜਾਂ 21 ਦਿਨਾਂ ਲਈ ਕਿਸ ਤਰ੍ਹਾਂ ਪੂਰੀਆਂ ਕਰਨਗੇ ਦੂਰ-ਦੁਰਾਡੇ ਪਿੰਡਾਂ ਵਿੱਚ ਕਿਸਾਨਾਂ-ਮਜ਼ਦੂਰਾਂ ਨੂੰ ਪੈਸਿਆਂ ਤੋਂ ਬਿਨਾਂ ਦਵਾਈਆਂ, ਕਰਿਆਨਾ ਕਿਸ ਤਰ੍ਹਾਂ ਮਿਲੇਗਾ ਤੇ ਕਿਸਾਨ ਆਪਣਾ ਗੁਜ਼ਾਰਾ ਕਿਵੇਂ ਕਰਨਗੇ ਉਨ੍ਹਾਂ ਸਰਕਾਰ  ਕੋਲੋਂ ਮੰਗ ਕੀਤੀ ਕਿ ਦੁੱਧ ਉਤਪਾਦਨ ਦੀ ਯੋਗ ਵਰਤੋਂ ਲਈ ਵੱਡੀਆਂ ਫੈਕਟਰੀਆਂ ਨੂੰ ਚਲਾਇਆ ਜਾਵੇ ਤੇ ਦੁੱਧ ਦੀ ਢੋਆ-ਢੁਆਈ ਨੂੰ ਪਾਬੰਦੀਆਂ ਤੋਂ ਮੁਕਤ ਕੀਤਾ ਜਾਵੇ

ਉਨ੍ਹਾਂ ਕਿਹਾ ਕਿ ਪੰਦਰਾਂ ਦਿਨਾਂ ਬਾਅਦ ਕਣਕ ਦੀ ਕਟਾਈ ਸ਼ੁਰੂ ਹੋਣੀ ਹੈ, ਕਿਸਾਨ ਆਪਣੀ ਮਸ਼ੀਨਰੀ ਦੀ ਰਿਪੇਅਰ ਕਰਕੇ ਇਸ ਦੀ ਤਿਆਰੀ ਕਰ ਰਹੇ ਹਨ ਪਰ ਸਰਕਾਰ ਤੇ ਅਧਿਕਾਰੀਆਂ ਨੇ ਕਰਫਿਊ ਲਾ ਕੇ ਇਹ ਸਾਰੀ ਪ੍ਰਕਿਰਿਆ ਬੰਦ ਕਰ ਦਿੱਤੀ ਹੈ ਤਾਂ ਕੰਬਾਇਨਾਂ ਤੇ ਰੀਪਰ ਵਗੈਰਾ ਸੰਦ ਕਣਕ ਵੱਢਣ ਲਈ ਕਿਸ ਤਰ੍ਹਾਂ ਤਿਆਰ ਹੋਣਗੇ ਅਧਿਕਾਰੀਆਂ ਨੂੰ ਇਸ ਪਾਸੇ ਵੀ ਸੋਚਣਾ ਚਾਹੀਦਾ ਹੈ ਤੇ ਯੋਗ ਪ੍ਰਬੰਧ ਕਰਨੇ ਚਾਹੀਦੇ ਹਨ

ਪਰਵਾਸੀ ਮਜ਼ਦੂਰਾਂ ਦੇ ਨਾ ਆਉਣ ਦਾ ਵੀ ਫਿਕਰ

ਸਾਰੇ ਦੇਸ਼ ਵਿੱਚ ਲਾਕ ਡਾਊਨ ਲੱਗਣ ਕਾਰਨ ਕਿਸਾਨ ਆਪਣੀ ਹਾੜੀ ਦੀ ਫਸਲ ਨੂੰ ਲੈ ਕੇ ਫਿਕਰਾਂ ਵਿੱਚ ਹਨ ਕਿਉਂਕਿ ਜਿੱਥੇ ਉਹ ਹਾੜੀ ਵੱਢਣ ਵਾਲੇ ਸੰਦਾਂ ਦੀ ਰਿਪੇਅਰ ਨਹੀਂ ਕਰਵਾ ਪਾ ਰਹੇ ਉੱਥੇ ਵਾਢੀ ਲਈ ਬਾਹਰਲੇ ਰਾਜਾਂ ਤੋਂ ਆਉਂਦੇ ਮਜ਼ਦੂਰਾਂ ਦੇ ਦਾਖਲੇ ‘ਤੇ ਵੀ ਹੁਣ ਰੋਕ ਲੱਗ ਗਈ ਹੈ ਜਿਸ ਕਾਰਨ ਕਿਸਾਨਾਂ ਨੂੰ ਵੱਡੀ ਆਰਥਿਕ ਸੱਟ ਦੇ ਨਾਲ ਅੰਨ ਸੰਕਟ ਖੜਾ ਹੋਣ ਦਾ ਵੀ ਡਰ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।