ਉਮੀਦਵਾਰੀ ਦਾ ਐਲਾਨ ਹੋਵੇ ਜਾਂ ਫਿਰ ਨਾ ਹੋਵੇ, ਚੋਣ ਕਮਿਸ਼ਨ ਨੇ ਚਾਲੂ ਕੀਤਾ ‘ਮੀਟਰ’

Whether, Candidature, Election, Commission, Meter

ਹੁਣ ਰੈਲੀ ਤੋਂ ਲੈ ਕੇ ਨੁੱਕੜ ਮੀਟਿੰਗ ਤੱਕ ਲਈ ਲੈਣੀ ਪਏਗੀ ਪ੍ਰਵਾਨਗੀ

ਚੰਡੀਗੜ੍ਹ (ਅਸ਼ਵਨੀ ਚਾਵਲਾ) | ਉਮੀਦਵਾਰੀ ਐਲਾਨ ਹੋਵੇ ਜਾਂ ਫਿਰ ਨਾ ਹੋਵੇ, ਜੇਕਰ ਛੋਟੀ ਮੋਟੀ ਰੈਲੀ ਤੋਂ ਲੈ ਕੇ ਆਮ ਜਿਹੀ ਨੁੱਕੜ ਮੀਟਿੰਗ ਵੀ ਕਰ ਲਈ ਤਾਂ ਸਮਝੋ ਤੁਹਾਡਾ ਖ਼ਰਚੇ ਦਾ ਮੀਟਰ ਚਾਲੂ ਹੋ ਗਿਆ ਹੈ। ਚੋਣ ਅਧਿਕਾਰੀ ਮੀਟਿੰਗ ਜਾਂ ਫਿਰ ਰੈਲੀ ਕਰਨ ਵਾਲੇ ਵਿਅਕਤੀ ਨੂੰ ਸੰਭਾਵੀ ਉਮੀਦਵਾਰ ਮੰਨਦੇ ਹੋਏ ਉਸ ਦਾ ਖ਼ਰਚਾ ਨੋਟ ਕਰਨਾ ਸ਼ੁਰੂ ਕਰ ਦੇਣਗੇ ਅਤੇ ਉਮੀਦਵਾਰੀ ਐਲਾਨ ਹੋਣ ਤੋਂ ਤੁਰੰਤ ਬਾਅਦ ਉਸ ਸਾਰੇ ਖ਼ਰਚੇ ਨੂੰ ਮੁੱਖ ਖ਼ਰਚੇ ਵਾਲੇ ਕਾਲਮ ਵਿੱਚ ਪਾ ਦਿੱਤਾ ਜਾਏਗਾ।

ਇਸ ਵਾਰ ਚੋਣ ਕਮਿਸ਼ਨ ਦੀ ਇਹ ਸਖ਼ਤ ਉਮੀਦਵਾਰਾਂ ‘ਤੇ ਕਾਫ਼ੀ ਜਿਆਦਾ ਭਾਰੀ ਪੈ ਸਕਦੀ ਹੈ, ਕਿਉਂਕਿ ਪਹਿਲਾਂ ਉਮੀਦਵਾਰੀ ਐਲਾਨ ਹੋਣ ਤੱਕ ਜਿਹੜਾ ਵੀ ਖ਼ਰਚਾ ਉਮੀਦਵਾਰ ਕਰਦਾ ਸੀ, ਉਸ ਨੂੰ ਮੁੱਖ ਖ਼ਰਚੇ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਸੀ, ਜਿਸ ਕਾਰਨ ਇਸ ਵਾਰ ਹੁਣ ਤੋਂ ਹੀ ਮੀਟਰ ਸ਼ੁਰੂ ਹੋਣ ਕਾਰਨ ਉਮੀਦਵਾਰਾਂ ਨੂੰ ਖ਼ਰਚ ਵੀ ਦੇਖ ਕੇ ਕਰਨਾ ਪਏਗਾ।

ਜਾਣਕਾਰੀ ਅਨੁਸਾਰ ਦੇਸ਼ ਭਰ ਵਿੱਚ ਆਮ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਤੇ ਉਮੀਦਵਾਰਾਂ ਵੱਲੋਂ ਵੀ ਆਪਣੇ ਪੱਧਰ ‘ਤੇ ਤਿਆਰੀਆਂ ਵੀ ਉਲੀਕ ਲਈ ਗਈਆਂ ਹਨ ਹਾਲਾਂਕਿ ਪਾਰਟੀਆਂ ਵੱਲੋਂ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਅੰਦਰਖਾਤੇ ਜ਼ਿਆਦਾਤਰ ਉਮੀਦਵਾਰਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਤਾਂ ਕਿ ਉਹ ਆਪਣਾ ਪ੍ਰਚਾਰ ਸ਼ੁਰੂ ਕਰ ਸਕਣ।

ਇਨ੍ਹਾਂ ਲੋਕ ਸਭਾ ਚੋਣਾਂ ‘ਚ ਚੋਣ ਕਮਿਸ਼ਨ ਨੇ ਉਮੀਦਵਾਰ ਵੱਲੋਂ ਖ਼ਰਚ ਕੀਤੇ ਜਾਣ ਵਾਲੇ ਪੈਸੇ ਦਾ ਹਿਸਾਬ ਹੁਣ ਤੋਂ ਹੀ ਰੱਖਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਤਾਂ ਕਿ ਉਮੀਦਵਾਰੀ  ਐਲਾਨੇ ਜਾਣ ਤੋਂ ਪਹਿਲਾਂ ਕੀਤਾ ਗਿਆ ਖ਼ਰਚ ਵੀ ਚੋਣ ਅਧਿਕਾਰੀਆਂ ਵੱਲੋਂ ਨੋਟ ਕੀਤਾ ਜਾਵੇ ਤਾਂ ਕਿ ਉਮੀਦਵਾਰੀ ਦਾ ਐਲਾਨ ਹੋਣ ਤੋਂ ਬਾਅਦ ਉਸ ਨੂੰ ਵੀ ਮੁੱਖ ਖ਼ਰਚ ‘ਚ ਸ਼ਾਮਲ ਕੀਤਾ ਜਾ ਸਕੇ। ਲੋਕ ਸਭਾ ਚੋਣਾਂ 7 ਪੜਾਅ ‘ਚ ਹੋਣ ਕਾਰਨ ਆਖ਼ਰੀਲੇ ਪੜਾਅ ਵਾਲੇ ਉਮੀਦਵਾਰ ਆਪਣੀ ਉਮੀਦਵਾਰੀ ਦੇ ਐਲਾਨ ਤੋਂ ਪਹਿਲਾਂ ਹੀ ਚੰਗਾ ਪ੍ਰਚਾਰ ਕਰਦੇ ਹੋਏ ਮੋਟੇ ਪੈਸੇ ਖ਼ਰਚ ਕਰ ਲੈਂਦੇ ਸਨ, ਜਿਸ ਨੂੰ ਕਿ ਉਮੀਦਵਾਰ ਵੱਲੋਂ ਖ਼ਰਚ ਕੀਤੇ ਜਾਣ ਵਾਲੀ ਤੈਅ ਸੀਮਾ ‘ਚ ਸ਼ਾਮਲ ਨਹੀਂ ਕੀਤਾ ਜਾਂਦਾ ਸੀ ਪਰ ਇਸ ਵਾਰ ਇੰਜ ਨਹੀਂ ਹੋਵੇਗਾ, ਜਿਸ ਕਾਰਨ ਸੰਭਾਵੀ ਉਮੀਦਵਾਰਾਂ ਨੂੰ ਵੀ ਹੁਣ ਕਿਸੇ ਤਰ੍ਹਾਂ ਦਾ ਖਰਚ ਕਰਨ ਤੋਂ ਪਹਿਲਾਂ ਸੋਚ ਵਿਚਾਰ ਕਰਨਾ ਪਏਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।