ਸਿੱਖਿਆ ਮੰਤਰੀ ਨਾ ਮਿਲੇ ਅਧਿਆਪਕਾਂ ਸਕੱਤਰੇਤ ‘ਚ ਲਾਇਆ ਧਰਨਾ

Teachers, Secretariat, Dharna

ਸਿਵਲ ਸਕੱਤਰੇਤ ਵਿਖੇ ਪਹਿਲੀਵਾਰ ਕੈਬਨਿਟ ਮੰਤਰੀ ਦੇ ਦਫ਼ਤਰ ਬਾਹਰ ਲਾਇਆ ਧਰਨਾ

ਚੰਡੀਗੜ੍ਹ (ਅਸ਼ਵਨੀ ਚਾਵਲਾ) | ਸਿੱਖਿਆ ਮੰਤਰੀ ਓ. ਪੀ. ਸੋਨੀ ਨੂੰ ਸਿਵਲ ਸਕੱਤਰੇਤ ਵਿਖੇ ਸਥਿਤ ਉਨ੍ਹਾਂ ਦੇ ਦਫ਼ਤਰ ‘ਚ ਮਿਲਣ ਲਈ ਆਏ ਈ.ਟੀ.ਟੀ. ਪਾਸ ਅਧਿਆਪਕ ਤੇ ਕੁੱਕ ਬੀਬੀਆਂ ਨੇ ਨਾ ਸਿਰਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ, ਸਗੋਂ ਮੌਕੇ ‘ਤੇ ਹੀ ਧਰਨਾ ਦਿੰਦੇ ਹੋਏ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਨੂੰ ਦੇਖ ਕੇ ਸਿਵਲ ਸਕੱਤਰੇਤ ਦੀ ਸੁਰੱਖਿਆ ਏਜੰਸੀ ਨੂੰ ਭਾਜੜਾਂ ਪੈ ਗਈਆਂ, ਇਹ ਪਹਿਲੀਵਾਰ ਹੋਇਆ ਹੈ, ਜਦੋਂ ਸਿਵਲ ਸਕੱਤਰੇਤ ਦੇ ਅੰਦਰ ਹੀ ਕੈਬਨਿਟ ਮੰਤਰੀ ਦੇ ਦਫ਼ਤਰ ਬਾਹਰ ਕਿਸੇ ਯੂਨੀਅਨ ਵੱਲੋਂ ਧਰਨਾ ਲਗਾ ਦਿੱਤਾ ਹੋਵੇ ਤੇ ਸੁਰੱਖਿਆ ਏਜੰਸੀਆਂ ਨੂੰ ਖ਼ਬਰ ਤੱਕ ਨਾ ਲੱਗੀ ਹੋਵੇ।

ਧਰਨਾ ਪ੍ਰਦਰਸ਼ਨ ਕਰ ਰਹੇ ਈ.ਟੀ.ਟੀ. ਪਾਸ ਅਧਿਆਪਕਾਂ ਤੇ ਕੁੱਕ ਬੀਬੀਆਂ ਨੂੰ ਸਮਝਾਉਂਦੇ ਹੋਏ ਸਕੱਤਰੇਤ ਪ੍ਰਸ਼ਾਸਨ ਨੇ ਬਾਹਰ ਭੇਜ ਦਿੱਤਾ ਜੇਕਰ ਉਹ ਆਪਣਾ ਧਰਨਾ ਪ੍ਰਦਰਸ਼ਨ ਜਾਰੀ ਕਰਦੇ ਤਾਂ ਵੀਵੀਆਈਪੀ ਏਰੀਆ ਹੋਣ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ।

ਇਸ ਮੌਕੇ ਈ.ਟੀ.ਟੀ. ਅਧਿਆਪਕ ਯੂਨੀਅਨ ਵੱਲੋਂ ਦੀਪਕ ਕੁਮਾਰ ਕੰਬੋਜ ਨੇ ਦੱਸਿਆ ਕਿ ਸਿੱਖਿਆ ਮੰਤਰੀ ਓ.ਪੀ. ਸੋਨੀ ਵੱਲੋਂ ਉਨ੍ਹਾਂ ਨੂੰ ਅੱਜ ਦਾ ਸਮਾਂ ਦਿੱਤਾ ਗਿਆ ਸੀ, ਉਹ 12 ਵਜੇ ਦੀ ਬਜਾਇ ਪਹਿਲਾਂ ਹੀ ਅੱਧਾ ਘੰਟਾ ਮੌਕੇ ‘ਤੇ ਪੁੱਜ ਗਏ ਸਨ ਪਰ ਸਕੱਤਰੇਤ ਵਿਖੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਉਹ ਤਾਂ ਦਿੱਲੀ ਗਏ ਹੋਏ ਹਨ ਅਤੇ ਦਫ਼ਤਰ ‘ਚ ਆਏ ਹੀ ਨਹੀਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 2 ਸਾਲ ਤੋਂ ਲਗਾਤਾਰ ਧਰਨਾ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਨਾਲ ਕਈ ਵਾਰ ਗੱਲਬਾਤ ਵੀ ਹੋਈ ਪਰ ਅਜੇ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਬਹਾਦਰਗੜ੍ਹ ਪਟਿਆਲਾ ਵਿਖੇ ਉਨ੍ਹਾਂ ਦੇ ਸਾਥੀ ਟੈਂਕੀ ‘ਤੇ ਚੜ੍ਹੇ ਹੋਏ ਹਨ। ਸਿੱਖਿਆ ਮੰਤਰੀ ਵੱਲੋਂ ਟੈਂਕੀ ‘ਤੇ ਚੜ੍ਹੇ ਸਾਥੀਆਂ ਨੂੰ ਹੇਠਾਂ ਲੈ ਕੇ ਆਉਣ ਲਈ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਪਰ ਖ਼ੁਦ ਸਿੱਖਿਆ ਮੰਤਰੀ ਹੀ ਮੌਕੇ ‘ਤੇ ਮੌਜੂਦ ਨਹੀਂ ਸਨ, ਜਿਸ ਤੋਂ ਪਤਾ ਚਲਦਾ ਹੈ ਕਿ ਉਹ ਮੰਗਾਂ ਪ੍ਰਤੀ ਕਿੰਨਾ ਕੁ ਜ਼ਿਆਦਾ ਗੰਭੀਰ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀ ਭਰਤੀ ਸਬੰਧੀ ਕੋਈ ਇਸ਼ਤਿਹਾਰ ਜਾਰੀ ਨਹੀਂ ਕਰ ਦਿੱਤਾ ਜਾਂਦਾ ਹੈ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਸ ਸਮੇਂ ਪੰਜਾਬ ‘ਚ 12 ਹਜ਼ਾਰ ਤੋਂ ਜਿਆਦਾ ਪੋਸਟਾਂ ਖਾਲੀ ਪਈਆਂ ਹਨ ਪਰ ਸਰਕਾਰ ਉਨ੍ਹਾਂ ਨੂੰ ਭਰ ਹੀ ਨਹੀਂ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।