ਕਿੱਥੇ ਗਾਇਬ ਹੋ ਗਿਆ ਬਚਪਨ ਵਾਲਾ ਨਲਕਾ?

ਕਿੱਥੇ ਗਾਇਬ ਹੋ ਗਿਆ ਬਚਪਨ ਵਾਲਾ ਨਲਕਾ?

ਬਹੁਤ ਸਾਰਿਆਂ ਦਾ ਬਚਪਨ ਨਲਕੇ ਦੇ ਸੰਗ ਬੀਤਿਆ ਹੋਵੇਗਾ। ਮੇਰਾ ਬਚਪਨ ਵੀ ਨਲਕੇ ਦੇ ਸੰਗ ਹੀ ਬੀਤਿਆ ਹੈ। ਨਲਕਾ ਪੁਰਾਤਨ ਸਮੇਂ ਵਿੱਚ ਧਰਤੀ ਵਿੱਚੋਂ ਪਾਣੀ ਕੱਢਣ ਦਾ ਆਮ ਸਰੋਤ ਸੀ। ਪੁਰਾਤਨ ਸਮੇਂ ਵਿੱਚ ਇਹ ਹਰ ਘਰ ਵਿੱਚ ਲਾਇਆ ਜਾਂਦਾ ਸੀ। ਇਹ ਧਰਤੀ ਤੋਂ ਤਿੰਨ ਕੁ ਫੁੱਟ ਉੱਚਾ ਹੁੰਦਾ ਹੈ। ਇਸਦੇ ਇੱਕ ਹੱਥੀ ਹੁੰਦੀ ਹੈ ਜੋ ਕਿ ਚਿਮਟੇ ਅਤੇ ਸਰੀਏ ਨਾਲ ਲੱਗੀ ਚਿੜੀ ਨਾਲ ਜੁੜੀ ਹੁੰਦੀ ਹੈ। ਇਸ ਨੂੰ ਦੱਬ ਕੇ ਸਰੀਆ ਉੱਪਰ ਉੱਠਦਾ ਹੈ ਅਤੇ ਪਾਣੀ ਨਿੱਕਲਦਾ ਹੈ। ਪਾਣੀ ਬਹੁਤ ਉੱਪਰ ਹੁੰਦਾ ਸੀ ਜਦੋਂ ਅਸੀਂ ਨਲਕੇ ਦੀ ਡੰਡੀ ਦੱਬਦੇ ਤਾਂ ਪਾਣੀ ਆ ਜਾਂਦਾ ਸੀ। ਇਹ ਨਜ਼ਾਰਾ ਬਹੁਤ ਵਧੀਆ ਹੁੰਦਾ ਸੀ ਜਦੋਂ ਬਚਪਨ ਵਿੱਚ ਖੇਡਦੇ-ਖੇਡਦੇ ਥੱਕ ਜਾਂਦੇ ਸੀ ਤਾਂ ਝੱਟ ਭੱਜ ਕੇ ਨਲਕੇ ਦੀ ਵਾਰੀ ਬੰਨ੍ਹ ਲੈਂਦੇ ਸੀ। ਇੱਕ ਜਣਾ ਨਲਕਾ ਗੇੜਦਾ ਤੇ ਦੂਜਾ ਓਕ ਰਾਹੀਂ ਪਾਣੀ ਪੀਂਦਾ ਸੀ।

ਨਲਕੇ ਹੇਠਾਂ ਨਹਾਉਣਾ ਤੇ ਵਾਰੀ-ਵਾਰੀ ਨਲਕੇ ਨੂੰ ਗੇੜਨਾ ਬਹੁਤ ਚੰਗਾ ਲੱਗਦਾ ਸੀ।ਸਾਡੇ ਘਰ ਕੱਪੜੇ ਧੋਣ ਵਾਲੇ ਫਰਸ਼ ਕੋਲ ਇੱਕ ਨਲਕਾ ਹੁੰਦਾ ਸੀ। ਜੋ ਸਾਡੇ ਘਰ ਦਾ ਮੁੱਖ ਮੈਂਬਰ ਹੁੰਦਾ ਸੀ ਜਿਸ ਦਿਨ ਉਹ ਖੜ੍ਹ ਜਾਂਦਾ ਸੀ ਤਾਂ ਕਿਸੇ ਦਾ ਵੀ ਜੀ ਨਹੀਂ ਲੱਗਦਾ ਸੀ। ਸ਼ਾਮ ਨੂੰ ਜਦੋਂ ਪਾਪਾ ਡਿਊਟੀ ਤੋਂ ਘਰ ਆਉਂਦੇ ਤਾਂ ਨਲਕੇ ਵਾਲੇ ਗਾਮੇ ਅੰਕਲ ਨੂੰ ਬੁਲਾ ਕੇ ਲੈ ਕੇ ਆਉਂਦੇ ਜੋ ਉਸ ਸਮੇਂ ਨਲਕੇ ਨੂੰ ਠੀਕ ਕਰਨ ਦਾ ਕੰਮ ਕਰਦੇ ਸਨ। ਉਸ ਸਮੇਂ ਫੋਨ ਕਿਸੇ-ਕਿਸੇ ਦੇ ਘਰ ਹੀ ਹੁੰਦਾ ਸੀ। ਖੁਦ ਜਾ ਕੇ ਅੰਕਲ ਨੂੰ ਬੁਲਾਉਣਾ ਪੈਂਦਾ ਸੀ।

ਜਦੋਂ ਘਰ ਵਿੱਚ ਨਵਾਂ ਨਲਕਾ ਲੱਗਦਾ ਸੀ ਜਾਂ ਖਰਾਬ ਨਲਕਾ ਠੀਕ ਹੋ ਜਾਂਦਾ ਸੀ ਤਾਂ ਮੇਰੇ ਦਾਦੀ ਗੁੜ ਵਾਲੇ ਚੌਲ ਬਣਾ ਕੇ ਵੰਡਦੇ ਸਨ। ਅਸੀਂ ਸਾਰੇ ਨਲਕੇ ਦੇ ਚਾਅ ਵਿੱਚ ਚਾਈਂ-ਚਾਈਂ ਚੌਲ ਖਾਂਦੇ।ਉਹ ਵੀ ਸਮਾਂ ਸੀ ਜਦੋਂ ਨਲਕੇ ’ਤੇ ਮੋਟਰ ਨੂੰ ਸਟੇਟਸ ਸਿੰਬਲ ਮੰਨਿਆ ਜਾਂਦਾ ਸੀ, ਕਈਆਂ ਦੇ ਰਿਸ਼ਤੇ ਇਸੇ ਕਰਕੇ ਹੋ ਜਾਂਦੇ ਸਨ ਕਿ ਉਨ੍ਹਾਂ ਦੇ ਘਰ ਨਲਕੇ ’ਤੇ ਮੋਟਰ ਲੱਗੀ ਹੈ ਨਵੀਂ ਪੀੜ੍ਹੀ ਨੂੰ ਤਾਂ ਕੀ ਪਤਾ ਲੱਗਣਾ ਕਿਉਂਕਿ ਹੁਣ ਤਾਂ ਇਨ੍ਹਾਂ ਦੀ ਥਾਂ ਸਬਮਰਸੀਬਲ ਮੋਟਰਾਂ ਨੇ ਲੈ ਲਈ ਹੈ। ਪਹਿਲਾਂ ਸੁਆਣੀਆਂ ਸਾਰਾ-ਸਾਰਾ ਦਿਨ ਨਲਕੇ ਨਾਲ ਹੀ ਰੁੱਝੀਆਂ ਰਹਿੰਦੀਆਂ ਸਨ। ਕਿਉਂਕਿ ਪਾਣੀ ਦਾ ਇੱਕੋ-ਇੱਕ ਸਾਧਨ ਨਲਕਾ ਹੁੰਦਾ ਸੀ। ਨਲਕੇ ਨੂੰ ਹੱਥੀਂ ਗੇੜਿਆ ਜਾਂਦਾ ਸੀ। ਪਸ਼ੂਆਂ ਨੂੰ ਪਾਣੀ ਵੀ ਨਲਕੇ ਰਾਹੀਂ ਪਿਲਾਇਆ ਜਾਂਦਾ ਸੀ।

ਕਈ ਵਾਰ ਘਰ ਤੋਂ ਦੂਰ ਸਾਂਝਾ ਨਲਕਾ ਹੁੰਦਾ ਸੀ। ਔਰਤਾਂ ਨੇ ਛੇਤੀ ਤੋਂ ਛੇਤੀ ਘੜੇ ਪਾਣੀ ਭਰ ਕੇ ਵਾਪਿਸ ਪਰਤਣਾ ਹੁੰਦਾ ਸੀ ਤਾਂ ਜੋ ਘਰ ਦਾ ਬਾਕੀ ਕੰਮ ਕਰ ਸਕਣ। ਇੱਕ ਦਿਨ ਵਿੱਚ ਤਿੰਨ ਵਾਰ ਕਰੀਬ ਦੋ ਕਿਲੋਮੀਟਰ ਦੂਰ ਸਥਿਤ ਨਲਕੇ ਤੋਂ ਪਾਣੀ ਭਰਨਾ ਉਨ੍ਹਾਂ ਦਾ ਹਰ ਰੋਜ਼ ਦਾ ਕੰਮ ਹੁੰਦਾ ਸੀ।ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਰ ਥੱਲੇ ਜਾਣ ਕਰਕੇ ਕਿਸੇ ਸਮੇਂ ਪੀਣ ਵਾਲੇ ਪਾਣੀ ਦਾ ਮੁੱਖ ਸਰੋਤ ਰਹੇ ਨਲਕੇ ਲਗਭਗ ਗਾਇਬ ਹੋ ਗਏ ਹਨ ਜਦਕਿ ਖੂਹਾਂ ਦੇ ਤਾਂ ਨਾਮੋ-ਨਿਸ਼ਾਨ ਹੀ ਮਿਟ ਚੁੱਕੇ ਹਨ। ਪਿੰਡਾਂ ਵਿੱਚ ਬਣੇ ਖੂਹ ਕਿਸੇ ਦੁਰਘਟਨਾ ਦੇ ਡਰੋਂ ਲੋਕਾਂ ਨੇ ਹੀ ਪੂਰ/ਭਰ ਕੇ ਬੰਦ ਕਰ ਦਿੱਤੇ ਹਨ।

ਘਰਾਂ ਵਿੱਚ ਧਰਤੀ ਹੇਠਲਾ ਪਾਣੀ ਪੀਣਯੋਗ ਨਾ ਹੋਣ ਕਰਕੇ ਜਲਘਰ ਦੀਆਂ ਟੂਟੀਆਂ ਜਾਂ ਸਬਮਰਸੀਬਲ ਮੋਟਰਾਂ ਨੇ ਹੱਥ ਨਲਕਿਆਂ ਦੀ ਥਾਂ ਲੈ ਲਈ ਸੀ। ਪਹਿਲਾਂ ਪੰਚਾਇਤਾਂ ਅਤੇ ਆਮ ਲੋਕ ਦਾਨ ਵਜੋਂ ਜਨਤਕ ਥਾਵਾਂ ’ਤੇ ਨਲਕੇ ਲਵਾਉਣ ਨੂੰ ਪੁੰਨ ਸਮਝਿਆ ਜਾਂਦਾ ਸੀ ਪਰ ਹੁਣ ਨਲਕੇ ਥੋੜ੍ਹੇ ਹੀ ਸਮੇਂ ਬਾਅਦ ਪਾਣੀ ਛੱਡ ਦਿੰਦੇ ਹਨ, ਜਿਸ ਕਾਰਨ ਬੇਕਾਰ ਹੋਣ ਕਰਕੇ ਜਨਤਕ ਥਾਂ ’ਤੇ ਵਿਰਲੇ ਹੀ ਦੇਖਣ ਨੂੰ ਮਿਲਦੇ ਹਨ। ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾਣ ਅਤੇ ਮਸ਼ੀਨੀਕਰਨ ਨੇ ਨਲਕੇ ਨੂੰ ਲਗਭਗ ਨਿਗਲ ਲਿਆ ਹੈ ਅਤੇ ਨਵੀਂ ਪੀੜ੍ਹੀ ਲਈ ਕਿਸੇ ਸਮੇਂ ਪੀਣ ਵਾਲੇ ਪਾਣੀ ਦਾ ਮੁੱਖ ਸਰੋਤ ਰਹੇ ਨਲਕੇ ਅਤੇ ਖੂਹ ਸਿਰਫ਼ ਇਤਿਹਾਸ ਵਿੱਚ ਪੜ੍ਹਨ ਨੂੰ ਮਿਲਣਗੇ। ਮੈਨੂੰ ਅੱਜ ਵੀ ਮੇਰੇ ਬਚਪਨ ਵਾਲਾ ਨਲਕਾ ਯਾਦ ਆ ਜਾਂਦਾ ਹੈ। ਜਿਸ ’ਤੇ ਕੁੱਝ ਸਮੇਂ ਬਾਅਦ ਮੋਟਰ ਵੀ ਲਵਾ ਦਿੱਤੀ ਸੀ ਪਰ ਪਾਣੀ ਦਾ ਪੱਧਰ ਹੇਠਾਂ ਜਾਣ ਕਰਕੇ ਉਹ ਵੀ ਗਾਇਬ ਹੋ ਗਿਆ। ਹੁਣ ਮੇਰੇ ਬਚਪਨ ਵਾਲਾ ਨਲਕਾ ਇੱਕ ਯਾਦ ਬਣ ਕੇ ਰਹਿ ਗਿਆ।

ਗਗਨਦੀਪ ਧਾਲੀਵਾਲ, ਝਲੂਰ, ਬਰਨਾਲਾ।

ਜਨਰਲ ਸਕੱਤਰ, ਮਹਿਲਾ ਕਾਵਿ ਮੰਚ, ਪੰਜਾਬ।

ਮੋ. 99889-33161

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।