ਅਧਿਕਾਰੀਆਂ ਨੇ ਪੁੱਟੇ ਬਿਜਲੀ ਮੀਟਰ ਵਾਪਿਸ ਕੀਤੇ
ਪੱਪੂ ਗਰਗ, ਨਿਹਾਲ ਸਿੰਘ ਵਾਲਾ:ਅੱਜ ਪਿੰਡ ਰਾਮਾਂ ਵਿਖੇ ਡਿਫਾਲਟਰ ਮਜ਼ਦੂਰਾਂ ਦੇ ਬਿਜਲੀ ਮੀਟਰ ਪੁੱਟਣ ਆਈ ਪਾਵਰਕਾਮ ਸਬ ਡਵੀਜਨ ਬਿਲਾਸਪੁਰ ਦੀ ਟੀਮ ਦਾ ਵੱਖ-ਵੱਖ ਜਨਤਕ ਜਥੇਬੰਦੀਆਂ ਦੀ ਆਵਾਈ ਵਿੱਚ ਕਿਸਾਨਾਂ-ਮਜ਼ਦੂਰਾਂ ਵੱਲੋਂ ਜਬਰਦਸਤ ਘਿਰਾਓ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ । ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਬ ਡਵੀਜਨ ਬਿਲਾਸਪੁਰ ਦੀ ਪੰਜਾਬ ਰਾਜ ਪਾਵਰ ਕਾਰਪੋਰੇਸਨ ਦੀ ਇੱਕ ਟੀਮ ਐਸ.ਡੀ.ਓ. ਮਹਿੰਦਰ ਸਿੰਘ ਭੋਲਾ ਦੀ ਅਗਵਾਈ ਵਿੱਚ ਡਿਫਾਲਟਰ ਮਜ਼ਦੂਰਾਂ ਦੇ ਬਿਜਲੀ ਮੀਟਰ ਪੁੱਟਣ ਲਈ ਪਹੁੰਚੀ ਸੀ ।
ਕਿਸਾਨ ਜਥੇਬੰਦੀਆਂ ਦੀ ਅਗਵਾਈ ‘ਚ ਕੀਤਾ ਅਧਿਕਾਰੀਆਂ ਦਾ ਘਿਰਾਓ
ਇਸ ਟੀਮ ਵੱਲੋਂ 5 ਮਜ਼ਦੂਰਾਂ ਦੇ ਬਿਜਲੀ ਮੀਟਰ ਪੁੱਟ ਲਏ ਗਏ ਜਿਸ ਦੀ ਭਿਣਕ ਜਨਤਕ ਜਥੇਬੰਦੀਆਂ ਨੂੰ ਮਿਲਣ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾਂ,ਇਕਾਈ ਪ੍ਰਧਾਨ ਹਰਨੇਕ ਸਿੰਘ,ਰਣਜੀਤ ਸਿੰਘ,ਤਰਸੇਮ ਰਾਮਾਂ,ਪੇਡੂ ਮਜ਼ਦੂਰ ਯੂਨੀਅਨ ਦੇ ਆਗੂ ਭਰਭੂਰ ਸਿੰਘ ਰਾਮਾਂ,ਨੌਜਵਾਨ ਭਾਰਤ ਸਭਾ ਦੇ ਆਗੂ ਕਰਮ ਰਾਮਾਂ ਅਤੇ ਨਿਰਮਲ ਸਿੰਘ ਹਿੰਮਤਪੁਰਾ ਦੀ ਅਗਵਾਈ ਵਿੱਚ ਕਿਸਾਨ-ਮਜ਼ਦੂਰ ਵੱਡੀ ਗਿਣਤੀ ਵਿੱਚ ਘਟਨਾ ਸਥਾਨ ਤੇ ਪਹੁੰਚ ਗਏ ਅਤੇ ਉਨਾਂ ਪਾਵਰ ਕਾਮ ਦੀ ਟੀਮ ਦਾ ਘਿਰਾਓ ਸੁਰੂ ਕਰ ਦਿੱਤਾ । ਇਸ ਮੌਕੇ ਘਿਰਾਓ ਵਿੱਚ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਵੀ ਪਹੁਚ ਗਏ ਜਿਨਾਂ ਮਜ਼ਦੂਰਾਂ ਕਿਸਾਨਾਂ ਦੇ ਸੰਘਰਸ ਦੀ ਹਮਾਇਤ ਕਰਦਿਆਂ ਪੰਜਾਬ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਦੀ ਨਿੰਦਾ ਕੀਤੀ
ਸੂਚਨਾ ਮਿਲਦੇ ਹੀ ਥਾਣਾ ਬੱਧਨੀ ਕਲਾਂ ਦੇ ਥਾਣੇਦਾਰ ਕਿੱਕਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁਚ ਗਏ ਅਤੇ ਉਨਾਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ । ਲੋਕਾਂ ਦੀ ਮੰਗ ਤੇ ਪਾਵਰਕਾਮ ਦੇ ਅਧਿਕਾਰੀਆਂ ਨੇ ਪੁੱਟੇ ਹੋਏ ਬਿਜਲੀ ਮੀਟਰ ਵਾਪਿਸ ਕਰਨ ਤੇ ਹੀ ਲੋਕਾਂ ਨੇ ਪਾਵਰਕਾਮ ਦੇ ਅਧਿਕਾਰੀਆਂ ਦਾ ਘੇਰਾਓ ਖਤਮ ਕੀਤਾ।
ਇਸ ਸਬੰਧੀ ਐਸ.ਡੀ.ਓ. ਬਿਲਾਸਪੁਰ ਮਹਿੰਦਰ ਸਿੰਘ ਭੋਲਾ ਨੇ ਕਿਹਾ ਕਿ ਕੁਝ ਮਜ਼ਦੂਰਾ ਵੱਲੋਂ ਆਪਣਾ ਰਿਕਾਰਡ ਦਫਤਰ ਪੇਸ਼ ਨਹੀਂ ਕੀਤਾ ਜੋ ਕਿ ਬਿਜਲੀ ਮੁਆਫੀ ਦੀ ਸਕੀਮ ਦੇ ਘੇਰੇ ਵਿੱਚੋਂ ਬਾਹਰ ਹਨ । ਇਨਾਂ ਮਜ਼ਦੂਰਾਂ ਵੱਲ ਪਾਵਰਕਾਮ ਦਾ 50-50 ਹਜਾਰ ਦਾ ਬਕਾਇਆ ਖੜਾ ਹੈ । ਉਨਾਂ ਕਿਹਾ ਕਿ ਇਨਾਂ ਮਜ਼ਦੂਰਾਂ ਨੂੰ ਵਾਰ-ਵਾਰ ਬਿੱਲ ਭਰਨ ਦੀਆਂ ਹਦਾਇਤਾ ਦੇਣ ਤੇ ਵੀ ਇਨਾਂ ਬਕਾਇਆ ਰਾਸੀ ਨਹੀਂ ਭਰੀ ਜਿਸ ਕਾਰਨ ਉਨਾਂ ਨੂੰ ਇਹ ਕਦਮ ਚੁੱਕਣਾ ਪਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।