ਪਿੰਡ ਬੜਾ ਰਾਈ ਮਾਜਰਾ ਤੇ ਗੋਪਾਲ ਕਲੋਨੀ ਦੇ 300 ਘਰ ਕਰਵਾਏ ਖਾਲੀ

Village Bara Rai Majra, Gopal Colony, 300 Home, Empty

ਵੱਡੀ ਨਦੀ ‘ਚ ਪਾਣੀ ਭਰਨ ਤੋਂ ਬਾਅਦ ਨਾਲ ਲੱਗਦੇ ਖੇਤਰਾਂ ‘ਚ ਪਾਣੀ ਵੜਿਆ

ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ

ਲੋਕਾਂ ਦੇ ਘਰਾਂ ਅੰਦਰ ਫਰਿੱਜ, ਟੀਵੀ, ਬੈੱਡ ਆਦਿ ਸਮਾਨ ਪਾਣੀ ‘ਚ ਡੁੱਬਿਆ, ਲੋਕਾਂ ‘ਚ ਰੋਸ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਮੀਂਹ ਦਾ ਪਾਣੀ ਆਪਣਾ ਰੰਗ ਦਿਖਾਉਣ ਲੱਗਾ ਹੈ ਤੇ ਕਈ ਖੇਤਰਾਂ ਵਿੱਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇੱਥੋਂ ਤੱਕ ਕਿ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਨਾਲ ਲੰਘਦੀ ਵੱਡੀ ਨਦੀ ਦੀ ਸਫ਼ਾਈ ਨਾ ਹੋਣ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਅੱਜ ਸਵੇਰੇ ਵੱਡੀ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਇਸਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਜਾ ਵੜਿਆ ਤੇ ਇਸਨੇ ਪਿੰਡ ਬੜਾ ਰਾਈ ਮਾਜਰਾ ਤੇ ਗੋਪਾਲ ਕਲੋਨੀ ਆਪਣੀ ਲਪੇਟ ਵਿੱਚ ਲੈ ਲਿਆ। ਲੋਕਾਂ ਵਿੱਚ ਹਾਹਾਕਾਰ ਮੱਚਣ ਤੋਂ ਬਾਅਦ ਪ੍ਰਸ਼ਾਸਨ ਦੀ ਜਾਗ ਖੁੱਲ੍ਹ ਗਈ। ਪ੍ਰਸ਼ਾਸਨ ਵੱਲੋਂ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਆ ਥਾਵਾਂ ‘ਤੇ ਭੇਜਣ ਦੇ ਆਦੇਸ਼ ਜਾਰੀ ਕਰ ਦਿੱਤੇ। ਜ਼ਿਲ੍ਹੇ ਅੰਦਰ ਲੰਘਦੇ ਘੱਗਰ ਦਾ ਪਾਣੀ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲਣ ਲੱਗਾ ਹੈ। ਇੱਧਰ ਹਲਕਾ ਘਨੌਰ ਅੰਦਰ ਵੀ ਦਰਜ਼ਨਾਂ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਵੜਨ ਕਾਰਨ ਹਾਲਾਤ ਖਰਾਬ ਹੋਏ ਪਏ ਹਨ ਅਤੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਇਸ ਪਾਣੀ ਦੀ ਮਾਰ ਦਾ ਸਿੱਧਾ ਦੋਸ਼ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਉੱਪਰ ਮੜ੍ਹ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਮੀਂਹ ਪੈਣ ਕਾਰਨ ਪਟਿਆਲਾ ‘ਚ ਲੰਘਦੇ ਘੱਗਰ, ਵੱਡੀ ਨਦੀ, ਛੋਟੀ ਨਦੀ ਸਮੇਤ ਅੱਧੀ ਦਰਜ਼ਨ ਹੋਰ ਡਰੇਨਾਂ ਵਿੱਚ ਪਾਣੀ ਭਰ ਗਿਆ ਹੈ। ਅੱਜ ਸਵੇਰੇ 6 ਵਜੇ ਵੱਡੀ ਨਦੀ ਨਾਲ ਲੱਗਦੇ ਪਿੰਡ ਬੜਾ ਰਾਈ ਮਾਜਰਾ ਅਤੇ ਗੋਪਾਲ ਕਲੋਨੀ ਦੇ ਲੋਕਾਂ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਪਾਣੀ ਉਨ੍ਹਾਂ ਦੇ ਘਰਾਂ ਵਿੱਚ ਵੜ ਗਿਆ। ਇਨ੍ਹਾਂ ਘਰਾਂ ਵਿੱਚ ਲਗਭਗ ਚਾਰ-ਚਾਰ ਫੁੱਟ ਪਾਣੀ ਭਰ ਗਿਆ, ਜਿਸ ਕਾਰਨ ਘਰਾਂ ਵਿੱਚ ਪਏ ਟੀਵੀ, ਫਰਿੱਜ, ਬੈੱਡ, ਕੱਪੜੇ, ਵਾਸਿੰਗ ਮਸ਼ੀਨਾਂ, ਪੇਟੀਆਂ, ਸਕੂਟਰ, ਗੱਡੀਆਂ ਆਦਿ ਪਾਣੀ ‘ਚ ਡੁੱਬ ਗਈਆਂ। ਘਰਾਂ ਵਿੱਚ ਪਾਣੀ ਭਰਨ ਕਰਕੇ ਲੋਕਾਂ ਨੂੰ ਛੱਤਾਂ ਦਾ ਸਹਾਰਾ ਲੈਣਾ ਪਿਆ ਤੇ ਲੋਕਾਂ ਵਿੱਚ ਪ੍ਰਸ਼ਾਸਨ ਖਿਲਾਫ਼ ਰੋਸ ਪੈਦਾ ਹੋ ਗਿਆ।

ਇਸ ਤੋਂ ਬਾਅਦ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਅੱੈਸਡੀਐੱਮ ਸਮੇਤ ਹੋਰ ਅਧਿਕਾਰੀਆਂ ਵੱਲੋਂ ਗੋਪਾਲ ਕਲੋਨੀ ਆਦਿ ਦਾ ਦੌਰਾ ਕੀਤਾ ਗਿਆ ਤੇ ਪਾਣੀ ‘ਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਣ ਦੇ ਆਦੇਸ਼ ਦਿੱਤੇ। ਇੱਥੇ ਲਗਭਗ 300 ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਦੇ ਲਗਭਗ 1000 ਵਿਅਕਤੀ ਹਨ। ਕਈ ਲੋਕਾਂ ਵੱਲੋਂ ਸਿਰ ਉੱਪਰ ਰੱਖ ਕੇ ਆਪਣਾ ਸਮਾਨ ਪਾਣੀ ਤੋਂ ਬਚਾਉਣ ਲਈ ਬਾਹਰ ਕੱਢਣ ਦਾ ਯਤਨ ਵੀ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਟਰਾਲੀਆਂ ਤੇ ਹੋਰ ਵਾਹਨਾਂ ਰਾਹੀਂ ਲੋਕਾਂ ਨੂੰ ਪ੍ਰੇਮ ਬਾਗ ਪੈਲੇਸ, ਗੁਰਦੁਆਰਾ ਸਾਹਿਬ ਸਮੇਤ ਹੋਰ ਥਾਵਾਂ ‘ਤੇ ਪਹੁੰਚਾਇਆ ਗਿਆ, ਪਰ ਕਈ ਲੋਕਾਂ ਵੱਲੋਂ ਆਪਣੇ ਘਰਾਂ ਨੂੰ ਖਾਲੀ ਨਹੀਂ ਕੀਤਾ ਗਿਆ। ਇਸ ਮੌਕੇ ਕਈ ਲੋਕਾਂ ਨੇ ਦੱਸਿਆ ਕਿ ਇਸ ਨਦੀ ਦੀ ਸਫ਼ਾਈ ਨਾ ਹੋਣ ਕਾਰਨ ਵੀ ਪਾਣੀ ਦਾ ਵਹਾਅ ਅੱਗੇ ਜਾਣ ਦੀ ਬਜਾਏ ਰੁਕਿਆ ਹੈ ਤੇ ਸਿਰਫ਼ ਕਾਗਜ਼ਾਂ ਵਿੱਚ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੇ ਸਫ਼ਾਈ ਕਰ ਦਿੱਤੀ ਹੈ, ਜਿਸ ਦਾ ਖਮਿਆਜ਼ਾ ਅੱਜ ਆਮ ਲੋਕਾਂ ਨੂੰ ਉਠਾਉਣਾ ਪੈ ਰਿਹਾ ਹੈ।

ਜ਼ਿਲ੍ਹੇ ਅੰਦਰ ਸਥਿਤੀ ਕੰਟਰੋਲ ਹੇਠ: ਡੀਸੀ

ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਦਾ ਕਹਿਣਾ ਹੈ ਕਿ ਜ਼ਿਲ੍ਹੇ ਅੰਦਰ ਸਥਿਤੀ ਕੰਟਰੋਲ ਹੇਠ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੇ ਮੈਰਿਜ ਪੈਲੇਸਾਂ, ਗੁਰਦੁਆਰਿਆਂ ਤੇ ਹੋਰ ਸੁਰੱਖਿਅਤ ਥਾਵਾਂ ਵਿਖੇ ਪਾਣੀ ਵਾਲੇ ਖੇਤਰ ਵਿੱਚੋਂ ਬਾਹਰ ਕੱਢੇ ਨਾਗਰਿਕਾਂ ਦੇ ਰਹਿਣ, ਖਾਣ-ਪੀਣ ਤੇ ਦਵਾਈਆਂ ਆਦਿ ਦਾ ਸਮੁੱਚਾ ਪ੍ਰਬੰਧ ਕੀਤਾ ਹੋਇਆ ਹੈ ਜਦੋਂਕਿ ਕਿਸੇ ਨਾਗਰਿਕ ਦੇ ਪਾਣੀ ‘ਚ ਘਿਰਨ ਦੀ ਸੂਰਤ ‘ਚ ਉਸਨੂੰ ਸੁਰੱਖਿਅਤ ਬਾਹਰ ਕੱਢਣ ਲਈ ਗੋਤਾਖੋਰਾਂ ਸਮੇਤ ਹੋਰ ਲੋਂੜੀਦੇ ਵੀ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਲਗਾਤਾਰ ਬਰਸਾਤ ਪੈਣ ਕਰਕੇ ਤੇ ਪਿੱਛੋਂ ਪਾਣੀ ਆਉਣ ਕਰਕੇ ਵੱਡੀ ਨਦੀ ‘ਚ ਪਾਣੀ ਆਇਆ ਹੈ ਪਰ ਸਥਿਤੀ ‘ਚ ਲਗਾਤਾਰ ਸੁਧਾਰ ਹੋ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।