Malerkotla News: ਮਾਲੇਰਕੋਟਲਾ, (ਗੁਰਤੇਜ ਜੋਸ਼ੀ) ਸੂਬੇ ਵਿੱਚ ਨਸ਼ਿਆਂ ਦੇ ਖ਼ਤਰੇ ‘ਤੇ ਅੰਤਿਮ ਅਤੇ ਫੈਸਲਾਕੁਨ ਹਮਲੇ ਲਈ ਤਿਆਰੀ ਵਿੱਢਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਸ਼ਾ ਵਿਰੋਧੀ ਜਾਗਰੂਕਤਾ ਅਤੇ ਕਾਰਵਾਈ ਮੁਹਿੰਮ ਤਹਿਤ ‘ਨਸ਼ਾ ਮੁਕਤੀ ਯਾਤਰਾ’ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਜੋ ਮਈ ਅਤੇ ਜੂਨ 2025 ਦੇ ਮਹੀਨਿਆਂ ਵਿੱਚ ਸੂਬੇ ਦੇ ਹਰ ਪਿੰਡ ਅਤੇ ਵਾਰਡ ਤੱਕ ਪਹੁੰਚ ਕਰੇਗੀ । ਇਸ ਗੱਲ ਦੀ ਜਾਣਕਾਰੀ ਕੋਆਰਡੀਨੇਟਰ ਮਾਲਵਾ ਜੋਨ ਨਸ਼ਾ ਮੁਕਤੀ ਮੋਰਚਾ ਕਮ ਨਗਰ ਨਿਗਮ ਪਟਿਆਲਾ ਦੇ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਨੇ ਪੱਤਰਕਾਰਾਂ ਨਾਲ ਰੂ-ਬ-ਰੂ ਹੁੰਦਿਆਂ ਦਿੱਤੀ ।
ਉਨ੍ਹਾਂ ਕਿਹਾ ਕਿ ਜਲਦ ਹੀ ‘ਵਿਲੇਜ਼ ਡਿਫੈਂਸ ਕਮੇਟੀ-ਪਿੰਡਾਂ ਦੇ ਪਹਿਰੇਦਾਰ ,ਵਾਰਡ ਸੁਰੱਖਿਆ ਕਮੇਟੀਆਂ ਨੂੰ ਜਾਗਰੂਕ ਕਰਨ ਲਈ 02 ਤੋਂਂ 04 ਮਈ ਤੱਕ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰ ’ਤੇ ਸਮਾਗਮ ਕਰੇਗੀ। ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦੇ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਹ ਮੀਟਿੰਗ ‘ਨਸ਼ਾ ਮੁਕਤੀ ਯਾਤਰਾ’ਮੁਹਿੰਮ ਦੀ ਰਸਮੀ ਸ਼ੁਰੂਆਤ ਵਜੋਂ ਹੋਵੇਗੀ ।
ਇਹ ਵੀ ਪੜ੍ਹੋ: Railway News: ਰੇਲਵੇ ਯਾਤਰੀਆਂ ਲਈ ਰਾਹਤ ਭਰੀ ਖਬਰ, ਫਿਰ ਤੋਂ ਸ਼ੁਰੂ ਹੋਈਆਂ ਇਹ ਟਰੇਨਾਂ, ਵੇਖੋ
ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਨਸ਼ਿਆਂ ਦੇ ਖ਼ਿਲਾਫ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ, ਸਮਾਜ ਨੂੰ ਨਸ਼ਾ ਰਹਿਤ ਬਣਾਉਣਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣਾ ਹੈ। ਜਗਦੀਪ ਜੱਗਾ ਨੇ ਕਿਹਾ ਕਿ ਨਸ਼ਿਆਂ ਦੇ ਖ਼ਿਲਾਫ ਲੜਾਈ ਨੂੰ ਜਨ ਅੰਦੋਲਨ ਵਿੱਚ ਬਦਲਣ ਦੀ ਜ਼ਰੂਰਤ ਹੈ ਅਤੇ ਇਹ ਉਦਮ ਤਦ ਹੀ ਸਫਲ ਹੋ ਸਕਦਾ ਹੈ ਜਦੋਂ ਸਮਾਜ ਦਾ ਹਰ ਇੱਕ ਵਿਅਕਤੀ ਇਸ ਮੁਹਿੰਮ ਵਿੱਚ ਭਾਗ ਲਵੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਖ਼ਿਲਾਫ ਆਪਣੇ ਘਰ, ਗਲੀ, ਮੁਹੱਲੇ, ਪਿੰਡ ਅਤੇ ਸ਼ਹਿਰ ਪੱਧਰ ‘ਤੇ ਆਵਾਜ਼ ਉਠਾਈ ਜਾਵੇ ।
ਇਸ ਲਈ ਆਓ, ਅਸੀਂ ਸਭ ਮਿਲ ਕੇ ਇਹ ਵਿੱਡ ਲਈਏ ਕਿ ਆਪਣੇ ਪਿੰਡਾਂ, ਵਾਰਡਾਂ ਅਤੇ ਸ਼ਹਿਰਾਂ ਨੂੰ ਨਸ਼ਾ ਮੁਕਤ ਬਣਾਵਾਂਗੇ ਅਤੇ ਆਉਣ ਵਾਲੀ ਪੀੜ੍ਹੀ ਨੂੰ ਇੱਕ ਸੁਚੱਜਾ ਭਵਿੱਖ ਦੇਵਾਂਗੇ । ਇਸ ਮੌਕੇ ਉਨ੍ਹਾਂ ਨਾਲ ਕੋਆਰਡੀਨੇਟਰ ਯੁੱਧ ਨਸ਼ੇ ਵਿਰੁੱਧ ਜਿਲ੍ਹਾ ਮਾਲੇਰਕੋਟਲਾ ਦੀ ਟੀਮ ਦੇ ਮੈਬਰ ਨਿਸਾਰ ਅਹਿਮਦ ਅਕਬਰ ਪੁਰ ਛੰਨਾ, ਕੋਆਰਡੀਨੇਟਰ ਮਾਲੇਰਕੋਟਲਾ ਸ਼ਿੰਗਾਰਾ ਸਿੰਘ ਰੁੜਕਾ ਅਤੇ ਕੋਆਰਡੀਨੇਟਰ ਅਮਰਗੜ੍ਹ ਗੁਰਪ੍ਰੀਤ ਸਿੰਘ ਬਨਭੋਰਾ ਵੀ ਮੌਜੂਦ ਸਨ । Malerkotla News