ਮਨਪ੍ਰੀਤ ਬਾਦਲ ਦੇ ਨੇੜਲਿਆਂ ਦੀ ਪੈੜ ਦੱਬਣ ਲੱਗੀ ਵਿਜੀਲੈਂਸ

Manpreet Badal

ਸ਼ਰਾਬ ਠੇਕੇਦਾਰ ਦੇ ਬਠਿੰਡਾ ਸਥਿਤ ਘਰ ਤੇ ਜੱਦੀ ਪਿੰਡ ’ਚ ਕੀਤੀ ਰੇਡ

ਬਠਿੰਡਾ (ਸੁਖਜੀਤ ਮਾਨ)। ਪਲਾਟ ਮਾਮਲੇ ’ਚ ਵਿਜੀਲੈਂਸ ਕੇਸ ’ਚ ਫਸੇ ਸਾਬਕਾ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਭਾਲਣ ਲਈ ਜਾਂਚ ਟੀਮਾਂ ਨੇ ਉਨ੍ਹਾਂ ਦੇ ਨੇੜਲਿਆਂ ਦੀ ਪੈੜ ਦੱਬਣੀ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਵੱਲੋਂ ਅੱਜ ਮਨਪ੍ਰੀਤ ਦੀ ਸੱਜੀ ਬਾਂਹ ਸਮਝੇ ਜਾਂਦੇ ਬਠਿੰਡਾ ਦੇ ਇੱਕ ਸ਼ਰਾਬ ਕਾਰੋਬਾਰੀ ਦੀ ਬਠਿੰਡਾ ਸਥਿਤ ਰਿਹਾਇਸ਼ ਤੋਂ ਇਲਾਵਾ ਪਿੰਡ ਵਿਚਲੇ ਘਰ ’ਚ ਵੀ ਰੇਡ ਕੀਤੀ ਗਈ। (Manpreet Badal)

ਵੇਰਵਿਆਂ ਮੁਤਾਬਿਕ ਬਠਿੰਡਾ ਵਿਜੀਲੈਂਸ ਟੀਮ ਵੱਲੋਂ ਸਾਬਕਾ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ਼ ਇੱਕ ਪਲਾਟ ਦੀ ਖ੍ਰੀਦੋ-ਫਰੋਖਤ ਦੇ ਮਾਮਲੇ ’ਚ ਵਰਤੇ ਗਏ ਸਿਆਸੀ ਅਸਰ ਰਸੂਖ ਕਾਰਨ ਕੇਸ ਦਰਜ਼ ਕੀਤਾ ਗਿਆ ਹੈ। ਇਸ ਕੇਸ ਦੇ ਚਲਦਿਆਂ ਵਿਜੀਲੈਂਸ ਮਨਪ੍ਰੀਤ ਸਿੰਘ ਬਾਦਲ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਸਮੇਤ ਬਾਹਰੀ ਰਾਜਾਂ ’ਚ ਵੀ ਪੁੱਜ ਗਈ ਪਰ ਉਹ ਹੱਥ ਨਹੀਂ ਆਏ । ਮਨਪ੍ਰੀਤ ਬਾਦਲ ਦੇ ਨੇੜਲਿਆਂ ’ਤੇ ਵੀ ਵਿਜੀਲੈਂਸ ਦੀ ਬਾਜ ਅੱਖ ਹੈ। (Manpreet Badal)

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਬਣਿਆ ਮੁਸੀਬਤ, ਲੋਕ ਹੋ ਰਹੇ ਪਰੇਸ਼ਾਨ, ਟਰੇਨਾਂ ਵੀ ਰੱਦ

ਵਿਜੀਲੈਂਸ ਵੱਲੋਂ ਡੀਐਸਪੀ ਨਗਿੰਦਰ ਸਿੰਘ ਤੇ ਸੰਦੀਪ ਸਿੰਘ ਚਹਿਲ ਦੀ ਅਗਵਾਈ ’ਚ ਅੱਜ ਜਸਵਿੰਦਰ ਸਿੰਘ ਉਰਫ ਜੁਗਨੂੰ ਜੋ ਸ਼ਰਾਬ ਠੇਕੇਦਾਰ ਹੈ ਉਸਦੇ ਘਰ ਰੇਡ ਕੀਤੀ ਗਈ ਪਰ ਮੁੱਖ ਦਰਵਾਜਾ ਬੰਦ ਮਿਲਿਆ, ਜਿਸ ਕਾਰਨ ਟੀਮ ਵਾਪਿਸ ਪਰਤ ਆਈ । ਵਿਜੀਲੈਂਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਨਪ੍ਰੀਤ ਬਾਦਲ ਨਾਲ ਸਬੰਧਿਤ ਕੇਸ ’ਚ ਹੀ ਉਨ੍ਹਾਂ ਦੇ ਬਿਆਨ ਲੈਣੇ ਸੀ ਜਿਸ ਕਰਕੇ ਘਰ ਰੇਡ ਕੀਤੀ ਗਈ ਤੇ ਗੁਆਂਢੀਆਂ ਤੋਂ ਪੁੱਛਣ ਤੋਂ ਪਤਾ ਲੱਗਿਆ ਕਿ ਉਹ ਘਰ ਨਹੀਂ।

ਉਨ੍ਹਾਂ ਦੱਸਿਆ ਕਿ ਮਨਪ੍ਰੀਤ ਬਾਦਲ ਦੀ ਭਾਲ ਲਈ ਵੱਖ-ਵੱਖ ਰਾਜਾਂ ’ਚ ਰੇਡਾਂ ਕੀਤੀਆਂ ਜਾ ਰਹੀਆਂ ਹਨ, ਜਿੰਨ੍ਹਾਂ ਦੀ ਗ੍ਰਿਫ਼ਤਾਰੀ ਲਈ ਮਾਣਯੋਗ ਅਦਾਲਤ ਵੱਲੋਂ ਗ੍ਰਿਫ਼ਤਾਰੀ ਵਾਰੰਟ ਜ਼ਾਰੀ ਕੀਤੇ ਹੋਏ ਹਨ। ਵਿਜੀਲੈਂਸ ਵੱਲੋਂ ਅੱਜ ਠੇਕੇਦਾਰ ਜੁਗਨੂੰ ਦੇ ਪਿੰਡ ਬਾਹੋ ਯਾਤਰੀ ਵਿਖੇ ਵੀ ਘਰ ’ਚ ਵਿਜੀਲੈਂਸ ਵੱਲੋਂ ਰੇਡ ਕੀਤੀ ਗਈ ਪਰ ਉਸਦੇ ਵੇਰਵੇ ਨਹੀਂ ਮਿਲੇ।