ਮਾਮਲਾ: ਟੁੱਟੀ ਸੜਕ ਕਾਰਨ ਇੱਕ ਰਾਹਗੀਰ ਦੀ ਗੱਡੀ ਦੇ ਫ਼ਟੇ ਟਾਇਰ ਦੇ ਮੁਆਵਜੇ ਵਜੋਂ ਪੀੜਤ ਨੂੰ 50 ਹਜ਼ਾਰ ਰੁਪਏ ਅਦਾ ਨਾ ਕਰਨ ਦਾ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਟੁੱਟੀ ਸੜਕ ਕਾਰਨ ਇੱਕ ਰਾਹਗੀਰ ਦੀ ਗੱਡੀ ਦੇ ਫਟੇ ਟਾਇਰ ਦਾ ਮੁਆਵਜਾ ਪੀੜਤ ਨੂੰ ਅਦਾ ਨਾ ਕਰਨ ਦਾ ਖਮਿਆਜ਼ੇ ਵਜੋਂ ਉਪਭੋਗਤਾ ਫੋਰਮ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਦੀ ਜਾਇਦਾਦ ਨੂੰ ਅਟੈਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। (Ladowal Toll Plaza)
ਮਾਮਲੇ ਦੇ ਪਿਛੋਕੜ ਮੁਤਾਬਕ ਸਾਲ 2016 ਵਿਚ ਕਿਚਲੂ ਨਗਰ ਰਹਿੰਦੀ ਸਮਿਤਾ ਜਿੰਦਲ ਆਪਣੀ ਕਾਰ ਰਾਹੀਂ ਅੰਬਾਲਾ ਤੋਂ ਲੁਧਿਆਣਾ ਆ ਰਹੀ ਸੀ। ਖੰਨਾ ਲਾਗੇ ਸੜਕ ’ਤੇ ਟੋਏ ਪਏ ਹੋਣ ਕਾਰਨ ਸਮਿਤਾ ਦੀ ਕਾਰ ਦਾ ਟਾਇਰ ਫਟ ਗਿਆ। ਜਿਸ ਕਾਰਨ ਉਸਨੂੰ ਪੂਰੇ ਰਸਤੇ ਵਿਚ ਖੱਜ਼ਲ ਹੋਣਾ ਪਿਆ ਸੀ। ਮਾਮਲੇ ਦੀ ਸ਼ਿਕਾਇਤ ਪੀੜਤ ਨੇ ਖਪਤਕਾਰ ਫੋਰਮ ਕੋਲ ਕੀਤੀ ਸੀ। ਵਕੀਲ ਹਰੀ ਓਮ ਨੇ ਦੱਸਿਆ ਕਿ ਫੋਰਮ ਵਿਚ ਪੀੜਤ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਜਦੋਂ ਅਸੀਂ ਟੋਲ ਟੈਕਸ ਅਦਾ ਕਰਦੇ ਹਾਂ ਤਾਂ ਇਹ ਮਾਮਲਾ ਖਪਤਕਾਰ ਦੀ ਸ਼੍ਰੇਣੀ ਵਿਚ ਆਉਂਦਾ ਹੈ।
50 ਹਜ਼ਾਰ ਰੁਪਏ ਹਰਜਾਨਾ | Ladowal Toll Plaza
ਲੋਕ ਇਸ ਕਰ ਕੇ ਟੋਲ ਟੈਕਸ ਦਿੰਦੇ ਹਨ ਕਿ ਉਨਾਂ ਨੂੰ ਸੜਕਾਂ ਠੀਕ- ਠਾਕ ਮਿਲ ਸਕਣ ਪਰ ਇਸ ਮਾਮਲੇ ਵਿਚ ਇੰਝ ਨਹੀਂ ਹੋ ਸਕਿਆ। ਉਨਾਂ ਨੇ ਟੋਲ ਟੈਕਸ ਦੀਆਂ ਰਸੀਦਾਂ ਵੀ ਸਬੂਤ ਦੇ ਤੌਰ ’ਤੇ ਖਪਤਕਾਰ ਫੋਰਮ ਵਿਚ ਪੇਸ਼ ਕੀਤੀਆਂ ਸਨ। ਸੁਣਵਾਈ ਦੌਰਾਨ ਫੋਰਮ ਨੇ ਮੰਨਿਆ ਕਿ ਇਹ ਮਾਮਲਾ ਖਪਤਕਾਰੀ ਦੀ ਸ਼੍ਰੇਣੀ ਵਿਚ ਆਉਂਦਾ ਹੈ। ਵਕੀਲ ਹਰੀ ਓਮ ਮੁਤਾਬਕ ਛੇ ਸਾਲਾਂ ਤੱਕ ਸੁਣਵਾਈ ਮਗਰੋਂ ਵਰਾ 2022 ਵਿਚ ਫੋਰਮ ਨੇ ਟੋਲ ਕੰਪਨੀ ਨੂੰ ਪੀੜਤ ਨੂੰ 50 ਹਜ਼ਾਰ ਰੁਪਏ ਹਰਜਾਨਾ ਅਦਾ ਕਰਨ ਦਾ ਹੁਕਮ ਕੀਤਾ ਸੀ। ਹਰਜਾਨਾ ਅਦਾ ਕਰਨ ਲਈ 30 ਦਿਨਾਂ ਦਾ ਸਮਾਂ ਵੀ ਦਿੱਤਾ ਗਿਆ ਸੀ ਪਰ ਨਿਰਧਾਰਿਤ ਸਮੇਂ ਅੰਦਰ ਟੋਲ ਕੰਪਨੀ ਨੇ ਫੋਰਮ ਦੇ ਹੁਕਮ ਦੀ ਉਲੰਘਣਾ ਕਰਦਿਆਂ ਪੀੜਤ ਨੂੰ ਉਕਤ 50 ਹਜ਼ਾਰ ਰੁਪਏ ਦੀ ਅਦਾ ਨਹੀਂ ਕੀਤਾ।
ਜਿਸ ਤੋਂ ਬਾਅਦ ਲੱਗਭੱਗ 5 ਮਹੀਨੇ ਪਹਿਲਾਂ ਉਨਾਂ ਨੇ ਫੋਰਮ ਦੇ ਹੁਕਮਾਂ ਦੀ ਪਾਲਣਾ ਕਰਵਾਉਣ ਦੇ ਸਬੰਧ ਵਿਚ ਕੇਸ ਫਾਈਲ ਕੀਤਾ ਸੀ। ਫੋਰਮ ਨੇ ਕੰਪਨੀ ਨੂੰ ਕਈ ਵਾਰ ਨੋਟਿਸ ਜਾਰੀ ਕੀਤਾ ਪਰ ਉਨਾਂ ਨੋਟਿਸ ਦੀ ਪਰਵਾਹ ਨਹੀਂ ਕੀਤੀ। ਅਖ਼ੀਰ ਵਿਚ ਫੋਰਮ ਨੇ ਲਾਡੋਵਾਲ ਟੋਲ ਪਲਾਜ਼ਾ ਦੀ ਜਾਇਦਾਦ ਅਟੈਚ ਕਰਨ ਦੇ ਹੁਕਮ ਕਰਦੇ ਹੋਏ ਬੈਲਫ (ਅਪਰਾਧੀ ਨੂੰ ਫੜਨ ਵਾਲਾ ਤੇ ਜਾਇਦਾਦ ਕੁਰਕ ਕਰਨ ਵਾਲਾ ਮੁਲਾਜ਼ਮ) ਨਿਯੁਕਤ ਕੀਤਾ ਹੈ। ਬੈਲਫ ਜਾਇਦਾਦ ਅਟੈਚ ਕਰਨ ਲਈ ਵੀਰਵਾਰ ਨੂੰ ਟੋਲ ਪਲਾਜ਼ਾ ’ਤੇ ਪੁੱਜੇ ਸਨ। ਜਿੱਥੇ ਟੋਲ ਪਲਾਜ਼ਾ ਦੇ ਕਾਮਿਆਂ ਨੇ ਮੌਕੇ ’ਤੇ ਪੁਲਿਸ ਸੱਦ ਲਈ ਪਰ ਖਪਤਕਾਰ ਫੋਰਮ ਦੇ ਹੁਕਮ ਦੇਖਣ ਮਗਰੋਂ ਪੁਲਿਸ ਟੀਮ ਵਾਪਸ ਚਲੀ ਗਈ। ਟੋਲ ਪਲਾਜ਼ਾ ਦੇ ਕਾਮਿਆਂ ਨੇ ਬੈਲਫ ਨੂੰ ਜਾਇਦਾਦ ਅਟੈਚ ਨਹੀਂ ਕਰਨ ਦਿੱਤੀ। ਜਿਸ ਕਰਕੇ ਬੈਲਫ ਇਸ ਘਟਨਾ ਬਾਰੇ ਖਪਤਕਾਰ ਫੋਰਮ ਨੂੰ ਰਿਪੋਰਟ ਕਰਨਗੇ। ਜਿਸ ਦੇ ਅਧਾਰ ’ਤੇ ਟੋਲ ਪਲਾਜ਼ਾ ਸੰਚਾਲਕਾਂ ’ਤੇ ਅਗਲੀ ਕਾਰਵਾਈ ਹੋਵੇਗੀ।