ਅਣਸੁਲਝੇ ਸਵਾਲ

ਅਣਸੁਲਝੇ ਸਵਾਲ

‘ਬੜੇ ਪਾਪਾ ਕਯਾ ਕਰ ਰਹੇ ਹੋ?’ ਉਸ ਨੇ ਮੇਰੇ ਕੋਲੇ ਆ ਕੇ ਭੋਲਾ ਜਿਹਾ ਮੂੰਹ ਬਣਾ ਕੇ ਪੁੱਛਿਆ ‘ਓਹ ਯਾਰ! ਤੈਨੂੰ ਕਿੰਨੀ ਵਾਰੀ ਆਖਿਆ ਹੈ ਮੈਨੂੰ ਤੂੰ ਬੜੇ ਪਾਪਾ ਨਾ ਕਿਹਾ ਕਰ, ਦਾਦੂ ਜਾਂ ਦਾਦਾ ਜੀ ਆਖਿਆ ਕਰ’ ਮੈਂ ਥੋੜ੍ਹਾ ਜਿਹਾ ਖਿਝ ਕੇ ਆਖਿਆ ‘ਦਾਦਾ! ਦਾਦਾ ਸ਼ਬਦ ਕਾ ਅਰਥ ਹੋਤਾ ਹੈ ਬਦਮਾਸ਼, ਗੁੰਡ’ ਉਸ ਨੇ ਆਪਣਾ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ‘ਯਾਰ ਆਪਣੀ ਮਾਤ-ਭਾਸ਼ਾ ‘ਚ ਹੀ ਬੋਲਿਆ ਕਰੋ  ਬੇਟਾ ਮੈਨੂੰ ਆਹ ਬੜੇ ਪਾ, ਗਰੈਂਡ ਪਾ ਵਰਗੇ  ਸ਼ਬਦ ਨਹੀਂ ਚੰਗੇ ਲੱਗਦੇ ਨਾਲੇ ਜਾ ਤੇਰੀ ਦਾਦੀ ਤੋਂ ਮੇਰੀ ਰੋਟੀ ਦੀ ਥਾਲੀ ਲੈ ਆ ਮੈਨੂੰ ਭੁੱਖ ਲੱਗੀ ਹੈ’ ਮੈਂ ਉਸਨੂੰ ਕੰਮ ਲਾਉਣ ਦੇ ਲਹਿਜ਼ੇ ਨਾਲ ਕਿਹਾ

‘ਬੜੇ ਪਾਪਾ..! ਨਹੀਂ ਸੱਚ ਸੌਰੀ ਦਾਦਾ ਜੀ ਯੇ ਥਾਲੀ ਕਯਾ ਹੋਤੀ ਹੈ? ਮੁਝੇ ਨਹੀਂ ਸਮਝ ਆਤੀ ਆਪ ਕੀ ਬਾਤ’ ਉਸ ਨੇ ਫਿਰ ਆਪਣਾ ਸਵਾਲ ਜੜ ਦਿੱਤਾ ‘ਥੇਟਾ ਥਾਲੀ ਮਤਲਬ ਰੋਟੀ ਕੀ ਪਲੇਟ’ ਮੈਂ ਜਲਦੀ ਵਿੱਚ ਕਿਹਾ ਤੇ ਉਸਨੇ ਉੱਥੇ ਬੈਠੇ ਨੇ ਹੀ ਆਪਣੀ ਦਾਦੀ ਨੂੰ ਖਾਣੇ ਦੀ ਅਵਾਜ਼ ਮਾਰ ਦਿੱਤੀ ਮੈਨੂੰ ਰੋਟੀ ਖਾਂਦੇ ਨੂੰ ਵੇਖ ਕੇ ਉਹ ਹੈਰਾਨ ਹੁੰਦਾ ਰਿਹਾ ਮੇਰੀ ਥਾਲੀ ਵਿੱਚ ਪਏ ਤੁੱਕਿਆਂ ਦੇ ਆਚਾਰ, ਪੁਦੀਨੇ ਦੀ ਚਟਨੀ ਤੇ ਲੱਸੀ ਦੇ ਗਲਾਸ ਨੂੰ ਬੜੀ ਨੀਝ ਨਾਲ ਦੇਖ ਰਿਹਾ ਸੀ ਉਹ ਮੁੱਕੀ ਮਾਰ ਕੇ ਭੰਨ੍ਹੇ ਗੰਢੇ ਨੂੰ ਵੀ ਅਜ਼ੀਬ ਜਿਹੀਆਂ ਨਜ਼ਰਾਂ ਨਾਲ ਦੇਖਣ ਲੱਗਿਆ
‘ਦਾਦਾ ਜੀ ਆਪ ਸੈਲਡ ਨਹੀਂ ਖਾਤੇ, ਅਕੇਲਾ ਪਿਆਜ ਹੀ ਖਾਤੇ ਹੋ ਬਿਨਾ ਛੀਲੇ? ਔਰ ਸਾਥ ਮੇਂ ਕਯਾ ਪੀਤੇ ਹੋ? ਆਪ ਬੋਟਲ ਵਾਲਾ ਪਾਣੀ ਕਿਉਂ ਨਹੀਂ ਪੀਤੇ?’ ਹੈਰਾਨ ਹੋਇਆ ਉਹ  ਇੱਕਦਮ ਬੋਲਿਆ

‘ਹਾ… ਹਾ… ਹਾ…’ ਮੈਂ ਹੱਸਿਆ, ‘ਬੇਟਾ ਤੁਮ ਕਯਾ ਜਾਣੋ ਹਮਾਰੀ ਖੁਰਾਕ ਕੋ ਬਿਨ ਕਾਟਾ ਹੂਆ  ਪਿਆਜ ਕਿਤਨਾ ਟੇਸਟੀ ਹੋਤਾ ਹੈ, ਤੁਮਾਰਾ ਸੈਲਡ ਭੀ ਕਯਾ ਰੀਸ ਕਰੇਗਾ ਅਤੇ ਮੈਂ ਇਹ ਜੋ ਲੱਸੀ ਪੀਂਦਾ ਹਾਂ ਇਸਨੂੰ ਤੁਹਾਡੇ ਜੈਪੁਰ ਵਿੱਚ ਛਾਛ ਕਹਿੰਦੇ ਹਨ ਇਹ ਦਹੀਂ ਤੋਂ ਬਣਦੀ ਹੈ ਤੇ ਬਹੁਤ ਅੱਛੀ ਹੋਤੀ ਹੈ ਤੂੰ ਵੀ ਅਜਿਹੀਆਂ ਚੀਜਾਂ ਖਾਇਆ ਕਰ, ਕੀ ਸਾਰਾ ਦਿਨ ਲੇਸ ਕੁਰਕੁਰੇ ਤੇ ਚਿਪਸ ਖਾਂਦਾ ਰਹਿੰਦਾ ਹੈ ਇਸ ਨਾਲ ਤੇਰੀ ਸਿਹਤ ਨਹੀਂ ਬਨਣੀ ਤੇ ਤੂੰ  ਕਮਜ਼ੋਰ ਹੀ ਰਹਿ ਜਾਵੇਂਗਾ’ ਮੈਂ ਉਸ ਨੂੰ ਰਲਵੀਂ-ਮਿਲਵੀਂ ਜਿਹੀ ਬੋਲੀ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ‘ਨਹੀਂ ਦਾਦੂ, ਮੈਂ ਭੀ ਜਿੰਮ ਜਾਣਾ ਸ਼ੁਰੂ ਕਰੂੰਗਾ ਔਰ ਆਪਣੇ ਮੱਸਲ ਬਨਾਊਂਗਾ’ ਉਸ ਨੇ ਫਿਰ ਆਪਣੀ ਸੀਮਤ ਜਾਣਕਾਰੀ ਨਾਲ ਆਪਣੀ ਭਵਿੱਖ ਦੀ ਪਲੈਨਿੰਗ ਦੱਸੀ

‘ਨਹੀਂ ਬੇਟਾ, ਅਕੇਲਾ ਜਿੰਮ ਜਾਣੇ ਸੇ ਨਹੀਂ ਸਾਥ ਮੇਂ ਪੋਸ਼ਟਿਕ  ਖੁਰਾਕ ਖਾਣੇ ਸੇ ਬੋਡੀ ਬਣਤੀ ਹੈ, ਕੁਸ ਅੱਛਾ ਖਾਇਆ ਪੀਆ ਭੀ ਕਰੋ’ ਮੈਂ ਫਿਰ ਨਸੀਹਤ ਦਿੱਤੀ ਕਿਉਂਕਿ ਇਸ ਉਮਰ ਵਿੱਚ ਬਜ਼ੁਰਗਾਂ ਕੋਲੇ ਨਸੀਹਤ ਤੇ ਅਸ਼ੀਰਵਾਦ ਤੋਂ ਬਿਨਾ ਹੋਰ ਕੁਝ ਨਹੀਂ ਹੁੰਦਾ ਦੂਸਰਿਆਂ ਨੂੰ ਦੇਣ ਵਾਸਤੇ ‘ਦਾਦੂ! ਘੀ ਦੂਧ ਖਾਣੇ ਸੇ ਕਯਾ ਮੈਂ ਭੀ ਮੀਕੂ ਚਾਚੂ ਜਿਤਨਾ ਬੜਾ ਬਣ ਸਕਤਾ ਹੂੰ? ਮੇਰੀ ਹਾਈਟ ਭੀ ਬੜ ਜਾਏਗੀ?’ ਉਸ ਨੇ ਬੜੀ ਉਤਸੁਕਤਾ ਨਾਲ ਪੁੱਛਿਆ ‘ਹਾਂ.. ਹਾਂ.. ਕਿਉਂ ਨਹੀਂ, ਤੇਰੇ ਚਾਚੂ ਤੋ ਯਹੀ ਖਾਤੇ ਥੇ ਜਬ ਵੋ ਛੋਟੇ ਥੇ ਤੋ ਤੀਨ-ਤੀਨ ਗਿਲਾਸ ਦੂਧ ਪੀਤੇ ਥੇ, ਘੀ ਮੱਖਣ ਛਾਛ ਸਲਾਦ ਔਰ ਖੂਬ ਫਲ ਖਾਤੇ ਥੇ ਖੂਬ ਖਾਣੇ ਕੇ ਬਾਦ ਵੋ ਜਿੰਮ ਜਾਤੇ ਥੇ’ ਮੈਂ ਉਸ ਨੂੰ ਉਸਦੇ ਚਾਚੂ ਬਾਰੇ ਦੱਸਿਆ ‘ਆਪਨੇ ਮੇਰਾ ਨਾਮ ਗੁਡਗੀਤ ਕਿਓਂ ਰੱਖਾ? ਯੇ ਅੱਛਾ ਨਹੀਂ ਲਗਤਾ ਮੇਰੇ ਕੋ ਮੇਰੇ ਦੋਸਤ ਭੀ ਕਭੀ-ਕਭੀ ਮੇਰਾ ਮਜਾਕ ਉਡਾਤੇ ਹੈਂ ਪਾਪਾ ਬੋਲ ਰਹੇ ਥੇ ਕਿ ਆਪ ਹੀ ਸਭੀ ਕੇ ਨਾਮ ਰੱਖਤੇ ਹੋ ਸ਼ੁਰੂ ਸੇ’ ਉਸ ਨੇ ਆਪਣੇ ਨਾਂਅ ਬਾਰੇ ਵੀ ਥੋੜ੍ਹਾ ਜਿਹਾ ਇਤਰਾਜ਼ ਕੀਤਾ

‘ਨਹੀਂ ਬੇਟਾ, ਆਪਕਾ ਨਾਮ ਬਹੁਤ ਸੁੰਦਰ ਹੈ ਅਗਰ ਤੁਮ ਪੜ੍ਹੋਗੇ, ਅੱਛੇ ਮਾਰਕਸ ਲੋਗੇ, ਮਿਹਨਤ ਕਰੋਗੇ, ਨੇਕ ਔਰ ਬੜੇ ਆਦਮੀ ਬਣ ਜਾਓਗੇ ਤੋ ਯੇ ਨਾਮ ਔਰ ਭੀ ਸੁੰਦਰ ਲਗੇਗਾ ਆਦਮੀ ਕਾ ਨਾਮ ਨਹੀਂ ਕਾਮ ਸੁੰਦਰ ਹੋਣੇ ਚਾਹੀਏ’ ਮੈਂ ਉਸ ਨੂੰ ਉਤਸ਼ਾਹਿਤ ਕਰਨ ਦੇ ਲਹਿਜੇ ਨਾਲ ਕਿਹਾ ‘ਦਾਦੂ ਆਪ ਪੁਰਾਣੇ ਜਮਾਨੇ ਕੇ ਹੋ ਬਹੁਤ ਪੁਰਾਣੀ-ਪੁਰਾਣੀ ਬਾਤੇਂ ਕਰਤੇ ਹੋ ਆਪ ਹਮੇ ਅੰਕਲ ਅੰਟੀ ਭੀ ਨਹੀਂ ਬੋਲਨੇ ਦੇਤੇ ਬੜੇ ਪਾ, ਬੜੀ ਮੰਮਾ, ਗਰੈਂਡ ਪਾ, ਗਰੈਂਡ ਮੰਮਾ ਭੀ ਨਹੀਂ ਬੋਲਨੇ ਦੇਤੇ ਚਾਚਾ-ਚਾਚੀ, ਤਾਊ-ਤਾਈ, ਭੂਆ-ਫੁੱਫੜ, ਮਾਸੀ-ਮਾਸੜ ਆਜ-ਕੱਲ੍ਹ ਐਸੇ ਕੋਈ ਨਹੀਂ ਬੋਲਤਾ’ ਉਸ ਨੇ ਥੋੜ੍ਹਾ ਗਿਲਾ ਕੀਤਾ

‘ਨਹੀਂ ਬੇਟਾ, ਐਸੀ ਬਾਤ ਨਹੀਂ ਹੈ, ਰਿਸ਼ਤੋਂ-ਨਾਤੋਂ ਕੋ ਅਗਰ ਉਸਕੇ ਨਾਮ ਸੇ ਪੁਕਾਰਾ ਜਾਏ ਤੋ ਬਹੁਤ ਅੱਛਾ ਲਗਤਾ ਹੈ’ ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਇਹ ਨਵੀਂ ਜਨਰੇਸ਼ਨ ਕਿੰਨੀ ਐਡਵਾਂਸ ਹੈ ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਉਸ ਦੇ ਨਵੇਂ-ਨਵੇਂ ਸਵਾਲ ਤੇ ਉਸ ਦੀਆਂ ਸੰਕਾ ਸੁਣ-ਸੁਣ ਕੇ ‘ਦਾਦੂ, ਏਕ ਬਾਤ ਔਰ, ਹਮਾਰੇ ਕੋਈ ਭੂਆ ਨਹੀਂ ਹੈ ਨਾ ਹੀ ਕੋਈ ਮਾਸੀ ਹੈ ਦਾਦੀ ਜੀ ਬਤਾ ਰਹੇ ਥੇ ਕਿ ਬੜੇ ਦਾਦੂ ਕੀ ਚਾਰ ਭੂਆ ਥੀ, ਔਰ ਆਪ ਕੀ ਭੀ ਦੋ ਭੂਆ ਥੀ, ਔਰ ਪਾਪਾ ਕੀ ਤੋ ਬੱਸ ਏਕ ਹੀ ਭੂਆ ਹੈ, ਹਮਾਰੀ ਤੋ ਬੱਸ ਵੋ ਜੋਤੀ ਭੂਆ ਹੈ, ਵੋ ਭੀ ਰੀਅਲ ਮੇਂ ਨਹੀਂ ਹੈ ਵੋ ਤੋ ਪਾਪਾ ਕੀ ਭੂਆ ਕੀ ਬੇਟੀ ਹੈ

ਪਾਪਾ ਔਰ ਚਾਚੂ ਕੇ ਕੋਈ ਬਹਿਨ ਨਹੀਂ ਹੈ, ਨਾ ਹੀ ਦੋਨੋ ਛੋਟੇ ਚਾਚੂ ਕੇ ਬਹਿਨ ਹੈ ਆਪ ਬੋਲ ਦੇਤੇ ਹੋ ਕੇ ਵੋ ਆਪਕੀ ਭੂਆ ਹੈ ਮੇਰੀ ਤੋ ਕੋਈ ਮਾਸੀ ਭੀ ਨਹੀਂ ਹੈ, ਮੈਂ ਕਿਸਕੋ ਮਾਸੀ ਬੋਲੂ? ਹਮਾਰੇ ਸਕੂਲ ਮੇਂ ਤੋ ਸਭੀ ਬੱਚੇ ਹਮਾਰੀ ਸਕੂਲ ਆਇਆ ਕੋ ਮਾਸੀ ਬੋਲਤੇ ਹੈਂ ਮੈਨੇ ਉਨ ਕੋ ਬਤਾਇਆ ਥਾ ਕੇ ਮਾਸੀ ਯੇ ਨਹੀਂ ਹੋਤੀ, ਮੇਰੇ ਦਾਦੂ ਬਤਾਤੇ ਹੈਂ ਕੇ ਮੰਮੀ ਕੀ ਬਹਿਨ ਕੋ ਹੀ ਮਾਸੀ ਬੋਲਤੇ ਹੈਂ’ ਮੈਨੂੰ ਉਸ ਦਾ ਇਹ ਸਵਾਲ ਅਜ਼ੀਬ ਜਿਹਾ ਲੱਗਿਆ ਤੇ ਬੱਚੇ ਦੀ ਸੰਕਾ ਨੂੰ ਦੂਰ ਕਰਨਾ ਵੀ ਜਰੂਰੀ ਸੀ ਤੇ ਮੇਰੇ ਕੋਲ ਬੱਚੇ ਦੇ ਲੈਵਲ ਦਾ ਕੋਈ ਉੱਤਰ ਨਹੀਂ ਸੀ ਮੈਨੂੰ ਵੀ ਲੱਗਿਆ ਕਿ ਛੋਟੇ ਪਰਿਵਾਰਾਂ ਦੇ ਚੱਕਰ ਵਿੱਚ ਅਸੀਂ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਕਈ ਰਿਸ਼ਤਿਆਂ ਤੋ ਵਾਂਝੇ ਕਰ ਰਹੇ ਹਾਂ

‘ਬੇਟਾ, ਪਹਿਲੇ ਜ਼ਿਆਦਾ ਬੱਚੇ ਹੋਤੇ ਥੇ ਧੀਰੇ- ਧੀਰੇ ਬੱਚੇ ਕਮ ਹੋਤੇ ਗਏ, ਵਾ ਪਰੀਵਾਰ ਛੋਟੇ ਹੋਤੇ ਗਏ, ਇਸ ਲੀਏ ਭੂਆ, ਮਾਸੀ ਔਰ ਚਾਚੂ ਤਾਊ ਕੀ ਗਿਣਤੀ ਕਮ ਹੋਤੀ ਚਲੀ ਗਈ ਅਲਟ੍ਰਾ ਸਾਊਂਡ ਮਸ਼ੀਨੇ ਆ ਗਈ ਤੇ……’ ਤੇ ਮੈਂ ਗੱਲ ਵਿਚਾਲੇ ਛੱਡ ਦਿੱਤੀ ਪਰ ਮੈਨੂੰ ਲੱਗਿਆ ਕਿ ਉਹ ਮੇਰੇ ਉੱਤਰ ਤੋਂ ਬਹੁਤਾ ਸੰਤੁਸ਼ਟ ਨਹੀਂ ਸੀ ਹੋਇਆ ‘ਦਾਦੂ, ਆਪ ਨੇ ਮੁਝੇ ਪੂਰਾ ਨਹੀਂ ਬਤਾਇਆ ਤੇ ਉਹ ਮੈਨੁੰ ਜ਼ੋਰ-ਜ਼ੋਰ ਦੀ ਹਲੂਣਨ ਲੱਗਿਆ’ ਤੇ ਮੈਂ ਦੇਖਿਆ ਮੇਰੇ ਘਰਵਾਲੀ ਮੈਨੂੰ ਹਲੂਣ ਕੇ ਜਗਾ ਰਹੀ ਸੀ

‘ਸਵਾ ਸੱਤ ਵੱਜ ਗਏ, ਅੱਜ ਡਿਊਟੀ ‘ਤੇ ਨਹੀਂ ਜਾਣਾ ਕਿ’ ਸਾਹਮਣੇ ਲੱਗੇ ਡਿਜ਼ੀਟਲ ਕਲਾਕ ‘ਤੇ ਸੱਚੀ 7:16 ਹੋਏ ਪਏ ਸਨ ਤੇ ਮੈਂ ਇੱਕਦਮ ਖੜ੍ਹਾ ਹੋ ਗਿਆ ਪਰ ਉਸ ਦੇ ਅਣਭੋਲ ਤੇ ਅਣਸੁਲਝੇ ਸਵਾਲਾਂ ਦਾ ਅਜੇ ਵੀ ਮੇਰੇ ਕੋਲੇ ਕੋਈ ਜਵਾਬ ਨਹੀਂ ਸੀ…

ਰਮੇਸ਼ ਸੇਠੀ ਬਾਦਲ
ਮੰਡੀ ਡੱਬਵਾਲੀ, ਸਰਸਾ
ਮੋ 98766-27233

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ