ਪਾਣੀ ਦੀ ਬੇਲੋੜੀ ਵਰਤੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਘਾਤਕ ਸਿੱਧ ਹੋਵੇਗੀ

Water

ਪਾਣੀ ਸਾਡੇ ਲਈ ਇੱਕ ਕੁਦਰਤੀ ਸੋਮਾ ਹੈ, ਜਿਸ ਦੀ ਬੱਚਤ ਕਰਨੀ ਸਾਡਾ ਸਾਰਿਆਂ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ। ਪਰ ਅਸੀਂ ਆਪਣਾ ਇਹ ਫਰਜ਼ ਨਿਭਾਉਣ ਦੀ ਥਾਂ ਪਾਣੀ ਦੀ ਬੇਲੋੜੀ ਵਰਤੋਂ ਕਰਕੇ ਕੁਦਰਤ ਵੱਲੋਂ ਦਿੱਤਾ ਸੋਮਾ ਖ਼ਤਮ ਕਰ ਰਹੇ ਹਾਂ। ਜੇਕਰ ਪਿਛਲੇ ਸਮਿਆਂ ਵੱਲ ਦੇਖਿਆ ਜਾਵੇ ਤਾਂ ਲਗਭਗ 30-35 ਸਾਲ ਪਹਿਲਾਂ ਸਾਡੀ ਧਰਤੀ ਵਿਚਲਾ ਪਾਣੀ ਸਿਰਫ਼ 50-60 ਫੁੱਟ ਦੀ ਡੂੰਘਾਈ ’ਤੇ ਸੀ।

ਉਨ੍ਹਾਂ ਸਮਿਆਂ ’ਚ ਸਾਡੇ ਘਰਾਂ ’ਚ ਨਲਕੇ ਲਾ ਕੇ ਗੁਜ਼ਾਰਾ ਕੀਤਾ ਜਾਂਦਾ ਸੀ, ਜਿਸ ਕਰਕੇ ਉਨ੍ਹਾਂ ਸਮਿਆਂ ’ਚ ਪਾਣੀ ਦੀ ਖਪਤ ਵੀ ਕਾਫੀ ਘੱਟ ਸੀ ਕਿਉਂਕਿ ਨਲਕਾ ਗੇੜ ਕੇ ਲੋੜ ਅਨੁਸਾਰ ਪਾਣੀ ਹੀ ਧਰਤੀ ਵਿੱਚੋਂ ਬਾਹਰ ਕੱਢਿਆ ਜਾਂਦਾ ਸੀ। ਪਰ ਜਿਉਂ-ਜਿਉਂ ਸਮਾਂ ਲੰਘਿਆ ਤਾਂ ਇਨ੍ਹਾਂ ਨਲਕਿਆਂ ਦੀ ਥਾਂ ਮੋਟਰਾਂ ਨੇ ਲੈ ਲਈ, ਜਿਸ ਨਾਲ ਧਰਤੀ ਵਿਚਲੇ ਪਾਣੀ ਦੀ ਬਰਬਾਦੀ ਜ਼ਿਆਦਾ ਹੋਣ ਲੱਗ ਪਈ। ਇਸ ਦੇ ਨਾਲ ਹੀ ਜੇਕਰ ਪਿਛਲੇ ਸਮੇਂ ਵੱਲ ਦੇਖਿਆ ਜਾਵੇ ਤਾਂ ਉਨ੍ਹਾਂ ਸਮਿਆਂ ਵਿੱਚ ਫਸਲਾਂ ਵੀ ਅਜਿਹੀਆਂ ਬੀਜੀਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਬਹੁਤ ਹੀ ਘੱਟ ਪਾਣੀ ਦੀ ਜ਼ਰੂਰਤ ਪੈਂਦੀ ਸੀ।

ਪਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਨ੍ਹਾਂ ਫ਼ਸਲਾਂ ਨੂੰ ਛੱਡ ਕੇ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਨੂੰ ਜ਼ਿਆਦਾ ਤਰਜ਼ੀਹ ਦਿੱਤੀ ਗਈ ਹੈ। ਜਿਸ ਕਰਕੇ ਇਸ ਝੋਨੇ ਦੀ ਫਸਲ ਨੇ ਸਾਡੀ ਧਰਤੀ ਵਿਚਲਾ ਪਾਣੀ ਇੰਨਾ ਖਤਮ ਕਰ ਦਿੱਤਾ ਹੈ ਕਿ ਅੱਜ ਇਹ ਪਾਣੀ ਤਿੰਨ ਤੋਂ ਚਾਰ ਸੌ ਫੁੱਟ ਦੀ ਡੂੰਘਾਈ ’ਤੇ ਚਲਾ ਗਿਆ ਕਿਉਂਕਿ ਝੋਨੇ ਦੀ ਫਸਲ ਪਾਣੀ ਦੀ ਬਹੁਤ ਜ਼ਿਆਦਾ ਬਰਬਾਦੀ ਕਰ ਰਹੀ ਹੈ। ਜੇਕਰ ਅਸੀਂ ਇਸ ਝੋਨੇ ਦੀ ਫਸਲ ਨੂੰ ਲਾਉਣਾ ਬੰਦ ਨਾ ਕੀਤਾ ਤਾਂ ਅਸੀਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਬਿਲਕੁਲ ਹੀ ਖ਼ਤਮ ਕਰ ਦੇਵਾਂਗੇ। ਮਾਹਿਰਾਂ ਮੁਤਾਬਕ ਆਉਣ ਵਾਲੇ 2040 ਤੱਕ ਸਾਨੂੰ ਪਾਣੀ ਪੀਣ ਲਈ ਵੀ ਨਸੀਬ ਨਹੀਂ ਹੋਣਾ।

ਜਿਸ ਤਰੀਕੇ ਨਾਲ ਅਸੀਂ ਪਾਣੀ ਦੀ ਬਰਬਾਦੀ ਕਰ ਰਹੇ ਹਾਂ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਕੁਦਰਤੀ ਸੋਮੇ ਨੂੰ ਤਰਸਦੇ ਰਹਿ ਜਾਵਾਂਗੇ। ਅੱਜ ਦੇ ਸਮੇਂ ਵਿੱਚ ਜੇਕਰ ਦੇਖਿਆ ਜਾਵੇ ਤਾਂ ਸਾਨੂੰ ਆਪਣੇ ਦੇਸ਼ ਨੂੰ ਬਚਾਉਣ ਲਈ 150 ਕਰੋੜ ਰੁੱਖ ਲਾਉਣ ਦੀ ਲੋੜ ਹੈ ਕਿਉਂਕਿ ਇਸ ਸਮੇਂ ਸਾਡਾ ਪੰਜਾਬ ਖਤਰੇ ਦੀ ਸੂਚੀ ਵਿੱਚ ਦਰਜ ਹੈ ਜੋ ਕਿ 2030 ਤੱਕ ਖੁਸ਼ਕ ਪੰਜਾਬ ਬਣ ਕੇ ਰਹਿ ਜਾਵੇਗਾ।

ਜਸਵੰਤ ਸਿੰਘ ਲਾਲੀ, ਮਹਿਲ ਕਲਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ