ਮੋਤੀ ਮਹਿਲ ਵੱਲ ਜਾਂਦੇ ਬੇਰੁਜ਼ਗਾਰ ਵਰਕਰਾਂ ਨੂੰ ਪੁਲਿਸ ਨੇ ਫੁਹਾਰਾ ਚੌਂਕ ਕੋਲ ਡੱਕਿਆ

ਪ੍ਰਸ਼ਾਸ਼ਨ ਨੇ ਮੰਗ ਪੱਤਰ ਲੈਂਦਿਆਂ ਸਿਹਤ ਮੰਤਰੀ ਨਾਲ ਜਲਦ ਮੀਟਿੰਗ ਦਾ ਦਿੱਤਾ ਭਰੋਸ਼ਾ

ਭਰਤੀ ਸੰਬੰਧੀ ਇਸਤਿਹਾਰ ਜਾਰੀ ਹੋਣ ਤੱਕ ਪੱਕਾ ਮੋਰਚਾ ਜਾਰੀ ਰਹੇਗਾ: ਸੁਖਵਿੰਦਰ ਸਿੰਘ ਢਿੱਲਵਾਂ

ਪਟਿਆਲਾ, (ਨਰਿੰਦਰ ਸਿੰਘ ਚੌਹਾਨ)। ਸਥਾਨਕ ਬਾਰਾਂਦਰੀ ਗਾਰਡਨ ਅੱਗੇ ਪੱਕੇ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਵੱਲੋਂ ਕੀਤੇ ਗਏ ਫੈਸਲੇ ਤਹਿਤ ਅੱਜ ਜਿਵੇਂ ਵੀ ਆਪਣੀਆਂ ਮੰਗਾਂ ਮਨਵਾਉਣ ਲਈ ਮੋਤੀ ਮਹਿਲ (Moti Mahal) ਵੱਲ ਮਾਰਚ ਸ਼ੁਰੂ ਕੀਤਾ ਅਤੇ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਇਹ ਵਰਕਰ ਜਦੋਂ ਬਾਰਾਂਦਰੀ ਗਾਰਡਨ ਤੋਂ ਫੁਹਾਰਾ ਚੌਂਕ ਤੱਕ ਆਏ ਤਾਂ ਵੱਡੀ ਗਿਣਤੀ ਪੁਲਿਸ ਫੋਰਸ ਨੇ ਇਨ੍ਹਾਂ ਨੂੰ ਫੁਹਾਰਾ ਚੌਂਕ ਨੇੜੇ ਹੀ ਰੋਕ ਲਿਆ ਅਤੇ ਇਨ੍ਹਾਂ ਤੋਂ ਪ੍ਰਸ਼ਾਸ਼ਨ ਨੇ ਮੰਗ ਪੱਤਰ ਲੈਂਦਿਆਂ ਸਿਹਤ ਮੰਤਰੀ ਨਾਲ ਜਲਦ ਮੀਟਿੰਗ ਕਰਵਾਉਣ ਭਰੋਸ਼ਾ ਦੇ ਕੇ ਇਹ ਮਾਰਚ ਇੱਥੇ ਹੀ ਸਮਾਪਤ ਕਰਵਾ ਦਿੱਤਾ।

ਇਸ ਮੌਕੇ ਬੇਰੁਜ਼ਗਾਰ ਵਰਕਰਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਸਰਕਾਰ ਲਗਾਤਾਰ ਭਰਤੀ ਤੋਂ ਟਾਲ ਮਟੋਲ ਕਰਦੀ ਆ ਰਹੀ ਹੈ ਅਤੇ ਅਨੇਕਾਂ ਵਾਰ ਸਿਹਤ ਮੰਤਰੀ ਭਰੋਸਾ ਦੇ ਕੇ ਮੁੱਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਅੰਦਰ ਇੱਕ ਹਜ਼ਾਰ ਦੇ ਕਰੀਬ ਅਸਾਮੀਆਂ ਖਾਲੀ ਹਨ, ਪਰ ਸਰਕਾਰ ਭਰਤੀ ਤੋਂ ਭੱਜ ਰਹੀ ਹੈ। ਦੂਜੇ ਪਾਸੇ ਪੰਜਾਬ ਦਾ ਸਿਹਤ ਪੱਧਰ ਦਿਨੋਂ ਦਿਨ ਡਿੱਗਦਾ ਜਾ ਰਿਹਾ ਹੈ।

ਉਨ੍ਹਾਂ ਐਲਾਨ ਕੀਤਾ ਕਿ ਭਰਤੀ ਸੰਬੰਧੀ ਇਸਤਿਹਾਰ ਜਾਰੀ ਹੋਣ ਤੱਕ ਪੱਕਾ ਮੋਰਚਾ ਜਾਰੀ ਰਹੇਗਾ। ਇਸ ਮੌਕੇ ਸੁਰਿੰਦਰ ਪਾਲ ਸਿੰਘ , ਤਰਲੋਚਨ ਸਿੰਘ, ਸੰਜੀਵ ਕੁਮਾਰ, ਅਮਰੀਕ ਸਿੰਘ ਬਠਿੰਡਾ, ਜਸਮੇਲ ਸਿੰਘ, ਗੁਰਪ੍ਰੀਤ ਸਿੰਘ ਅਮਲੋਹ, ਕੁਲਦੀਪ ਸਿੰਘ ਅਤੇ ਅਮਰੀਕ ਸਿੰਘ ਮਾਨਸਾ, ਬਲਵਿੰਦਰ ਸਿੰਘ ਅਤੇ ਕਰਮਜੀਤ ਸਿੰਘ ਬਰਨਾਲਾ, ਨਿਰਮਲ ਸਿੰਘ ਗੁਰਦਾਸਪੁਰ ਹਰਵਿੰਦਰ ਥੂਹੀ, ਰਮਨਦੀਪ ਸ਼ਰਮਾ, ਰਾਜਾ ਸਿੰਘ ਢੱਡੇ , ਕੁਲਵਿੰਦਰ ਸਿੰਘ, ਪ੍ਰੇਮਜੀਤ ਬਠਿੰਡਾ ਆਦਿ ਹਾਜ਼ਰ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।