ਬੇਰੁਜ਼ਗਾਰ ਅਧਿਆਪਕ ਪੁਲਿਸ ਨਾਲ ਖੇਡਣ ਲੱਗੇ ਲੁਕਣ ਮੀਟੀ

ਦਰਜ਼ਨਾਂ ਅਧਿਆਪਕਾਂ ਨੂੰ ਪੁਲਿਸ ਨੇ ਜ਼ਬਰੀ ਗ੍ਰਿਫਤਾਰ ਕਰਕੇ ਥਾਣੇ ਡੱਕਿਆ

ਪਟਿਆਲਆ, (ਖੁਸ਼ਵੀਰ ਸਿੰਘ ਤੂਰ)। ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਮੁੱਖ ਮੰਤਰੀ ਦੇ ਸ਼ਹਿਰ ਦੀ ਪੁਲਿਸ ਨਾਲ ਲੁਕਣ ਮੀਟੀ ਖੇਡਣ ਲੱਗੇ ਹਨ। ਪੁਲਿਸ ਮੋਤੀ ਮਹਿਲ ਦੀ ਸੁਰੱਖਿਆ ’ਚ ਲੱਗੀ ਰਹਿੰਦੀ ਹੈ ਪਰ ਅਧਿਆਪਕ ਕਿਸੇ ਹੋਰ ਥਾਂ ਘਿਰਾਓ ਕਰਕੇ ਪੁਲਿਸ ਪ੍ਰਸ਼ਾਸ਼ਨ ਨੂੰ ਭਾਜੜਾਂ ਪਾਈ ਰੱਖਦੇ ਹਨ। ਅੱਜ ਬੇੁਰਜ਼ਗਾਰ ਈਟੀਟੀ ਅਧਿਆਪਕਾਂ ਵੱਲੋਂ ਐਲਾਨ ਮੋਤੀ ਮਹਿਲ ਦੇ ਘਿਰਾਓ ਦਾ ਕੀਤਾ ਗਿਆ ਸੀ, ਪਰ ਬੇਰੁਜ਼ਗਾਰਾਂ ਨੇ ਧਰਨਾ ਪਟਿਆਲਾ ਵਿਖੇ ਸਥਿਤ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਲਗਾ ਦਿੱਤਾ। ਇਸ ਦਾ ਪਤਾ ਲੱਗਦਿਆਂ ਹੀ ਪੁਲਿਸ ਨੂੰ ਭਾਜੜ ਪੈ ਗਈ। ਪੁਲਿਸ ਨੂੰ ਇਹ ਡਰ ਵੀ ਸਤਾ ਰਿਹੈ ਕਿ ਕਿਤੇ ਇਨ੍ਹਾਂ ਦੇ ਹੋਰ ਸਾਥੀ ਬਦਲਵੇਂ ਰਸਤਿਆਂ ਰਾਹੀਂ ਮੋਤੀ ਮਹਿਲ ਦੀ ਸਾਂਤੀ ਨਾ ਭੰਗ ਕਰ ਦੇਣ। ਜਾਣਕਾਰੀ ਅਨੁਸਾਰ ਬੇਰੁਜ਼ਗਾਰ ਅਧਿਆਪਕਾਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਪੁਲਿਸ ਵੱਲੋਂ ਪਹਿਲਾਂ ਹੀ ਮੋਤੀ ਮਹਿਲ ਵੱਲੀ ਜਾਂਦੇ ਰਸਤਿਆਂ ’ਤੇ ਪੂਰਾ ਪਹਿਰਾ ਲਗਾਇਆ ਹੋਇਆ ਸੀ।

ਪਿਛਲੇ ਦਿਨਾਂ ਤੋਂ ਇਨ੍ਹਾਂ ਅਧਿਆਪਕਾਂ ਤੇ ਪੁਲਿਸ ਵਿਚਕਾਰ ਭੱਜ-ਭਜਾਈ ਚੱਲ ਰਹੀ ਹੈ। ਅੱਜ ਬੇਰੁਜ਼ਾਗਰ ਅਧਿਆਪਕਾਂ ਨੇ ਪੁਲਿਸ ਨੂੰ ਝਕਾਨੀ ਦਿੰਦਿਆਂ ਪਟਿਆਲਾ ਵਿਖੇ ਸਥਿਤ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਧਰਨਾ ਠੋਕ ਦਿੱਤਾ। ਅਧਿਆਪਕਾਂ ਦੇ ਇੱਥੇ ਪੁੱਜਣ ਦਾ ਪੁਲਿਸ ਨੂੰ ਚਿੱਤਾ ਚੇਤ ਵੀ ਨਹੀਂ ਸੀ। ਜਦੋਂ ਇਸ ਬਾਰੇ ਪੁਲਿਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਵਿੱਚ ਭਾਜੜ ਮੱਚ ਗਈ ਅਤੇ ਉਸ ਤੋਂ ਬਾਅਦ ਜਦੋਂ ਬਾਰਾਂਦਰੀ ਤੋਂ ਹੋਰ ਅਧਿਆਪਕ ਤੁਰਨ ਲੱਗੇ ਤਾਂ ਪ੍ਰਸ਼ਾਸਨ ਵੱਲੋਂ ਦਰਜ਼ਨਾਂ ਅਧਿਆਪਕਾਂ ਨੂੰ ਗ੍ਰਿਫਤਾਰ ਕਰ ਲਿਆ। ਸਿੱਖਿਆ ਮੰਤਰੀ ਦੀ ਕੋਠੀ ਅੱਗੇ ਇੱਕ ਘੰਟਾ ਤੋਂ ਜਿਆਦਾ ਸਮਾਂ ਧਰਨਾ ਚੱਲਦਾ ਰਿਹਾ। ਇਸ ਮੌਕੇ ਆਗੂ ਸੰਦੀਪ ਸਾਮਾ ਨੇ ਕਿਹਾ ਕਿ ਜਾ ਸਰਕਾਰ ਉਨ੍ਹਾਂ ਦਾ ਬਣਦਾ ਰੁਜ਼ਗਾਰ ਮੁਹੱਈਆਂ ਕਰਵਾ ਦੇਵੇ ਜਾਂ ਫਿਰ ਉਨ੍ਹਾਂ ਨੂੰ 2022 ਤੱਕ ਜੇਲ੍ਹਾਂ ਵਿੱਚ ਡੱਕ ਦੇਵੇ।

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਉਨ੍ਹਾਂ ਨਾਲ ਹਰ ਵਾਰ ਮੀਟਿੰਗਾਂ ਦਿਵਾਉਣ ਦਾ ਮਜਾਕ ਕੀਤਾ ਜਾਂਦਾ ਹੈ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਮੀਟਿੰਗ ਦਿਵਾਉਣ ਲਈ ਕਾਫ਼ੀ ਕੁਝ ਕਿਹਾ ਗਿਆ, ਪਰ ਅਧਿਆਪਕ ਇੱਥੋਂ ਉੱਠਣ ਲਈ ਤਿਆਰ ਨਹੀਂ ਸਨ। ਇਸੇ ਦੌਰਾਨ ਪੁਲਿਸ ਵੱਲੋਂ ਇੱਥੇ ਬੈਠੇ ਵੱਡੀ ਗਿਣਤੀ ਅਧਿਆਪਕਾਂ ਨੂੰ ਬੱਸਾਂ ਵਿੱਚ ਬਿਠਾ ਕੇ ਹਿਰਾਸਤ ਵਿੱਚ ਲੈ ਲਿਆ। ਬੱਸਾਂ ਵਿੱਚ ਜਬਰੀ ਬਿਠਾਉਣ ਮੌਕੇ ਵੀ ਅਧਿਆਪਕਾਂ ਦੀ ਪੁਲਿਸ ਨਾਲ ਕਾਫ਼ੀ ਧੱਕਾ ਮੁੱਕੀ ਹੋਈ। ਸ਼ਾਮ ਸੱਤ ਵਜੇ ਖ਼ਬਰ ਲਿਖੇ ਜਾਣ ਤੱਕ ਵੱਡੀ ਗਿਣਤੀ ਅਧਿਆਪਕ ਥਾਣਾ ਸਦਰ ਅਤੇ ਕੋਤਵਾਲੀ ਥਾਣੇ ਵਿੱਚ ਬੰਦ ਸਨ।

ਇਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ , ਸੂਬਾ ਪ੍ਰੈੱਸ ਸਕੱਤਰ ਦੀਪ ਬਨਾਰਸੀ , ਸੁਰਿੰਦਰ ਕੰਬੋਜ ਅਤੇ ਨਿਰਮਲ ਜੀਰਾ ਨੇ ਕਿਹਾ ਕਿ ਅਸੀਂ ਘਰ ਘਰ ਨੌਕਰੀਆਂ ਦੇਣ ਵਾਲੀ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਬੇਰੁਜਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਉੱਪਰ ਥੋਪੀਆਂ ਗਈਆਂ ਬੇਤੁਕੀਆਂ ਸ਼ਰਤਾਂ ਜੋ ਕੈਬਨਿਟ ਮੀਟਿੰਗ ਵਿਚ ਲਗਾਈਆਂ ਗਈਆਂ ਹਨ, ਉਹ ਤੁਰੰਤ ਵਾਪਸ ਲਵੇ। ਉਨ੍ਹਾਂ ਕਿਹਾ ਕਿ ਆਉਣ ਵਾਲੀ ਲੜਾਈ ਸਰਕਾਰ ਨਾਲ ਆਰ ਪਾਰ ਦੀ ਹੋਵੇਗੀ।

ਪੁਲਿਸ ਹੋਰਨਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਲੱਭਦੀ ਰਹੀ

ਬੇਰੁਜ਼ਗਾਰ ਅਧਿਆਪਕਾਂ ਵੱਲੋਂ ਆਪਣੇ ਵੱਖ ਵੱਖ ਗਰੁੱਪਾਂ ਰਾਹੀਂ ਪੁਲਿਸ ਦੇ ਨੱਕ ਵਿੱਚ ਦਮ ਕੀਤਾ ਜਾ ਰਿਹਾ ਹੈ। ਜਦੋਂ ਬਾਰਾਂਦਾਰੀ ਅਤੇ ਸਿੱਖਿਆ ਮੰਤਰੀ ਦੀ ਕੋਠੀ ਅੱਗੋਂ ਅਧਿਆਪਕਾਂ ਨੂੰ ਗ੍ਰਿਫਤਾਰ ਕਰ ਲਿਆ ਤਾ ਪੁਲਿਸ ਇਨ੍ਹਾਂ ਦੇ ਹੋਰਨਾ ਸਾਥੀਆਂ ਨੂੰ ਲੱਭਦੀ ਰਹੀ। ਪੁਲਿਸ ਵੱਲੋਂ ਵੱਖ ਵੱਖ ਥਾਂਈ ਗੱਡੀਆਂ ਰਾਹੀਂ ਇਨ੍ਹਾਂ ਅਧਿਆਪਕਾਂ ਦੀ ਖੁਰਾ ਖੋਜ ਲੱਭਣ ਦੀ ਕੋਸ਼ਿਸ ਕੀਤੀ ਗਈ। ਪਿਛਲੇ ਦਿਨੀ ਅਧਿਆਪਕਾਂ ਵੱਲੋਂ ਐਲਾਨ ਮੋਤੀ ਮਹਿਲ ਦੇ ਘਿਰਾਓ ਦਾ ਕੀਤਾ ਗਿਆ ਸੀ, ਪਰ ਧਰਨਾ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਲਗਾ ਦਿੱਤਾ ਗਿਆ। ਪੁਲਿਸ ਆਮ ਲੋਕਾਂ ਨੂੰ ਪੁੱਛਦੀ ਰਹੀ ਕਿ ਕਿੱਥੇ ਜਾ ਰਹੇ ਹੋ ਅਤੇ ਕਿੱਥੋਂ ਆਏ ਹੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.