ਲੋਕ ਸੰਘਰਸ਼ ਦਾ ਸੇਕ ਸੇਕਣ ਲਈ ਤਿਆਰੀ ਦਾ ਦਿੱਤਾ ਸੱਦਾ
ਜਸਵੀਰ ਸਿੰਘ/ਬਰਨਾਲਾ। ਬਹੁ-ਚਰਚਿਤ ਕਿਰਨਜੀਤ ਕੌਰ ਮਹਿਲ ਕਲਾਂ ਲੋਕ ਘੋਲ ਦੇ ਮੋਢੀ ਲੋਕ ਆਗੂ ਮਨਜੀਤ ਧਨੇਰ ਦੇ ਜੇਲ੍ਹ ਜਾਣ ਦੇ ਪੰਦਰ੍ਹਵੇਂ ਦਿਨ ਅੱਜ ਸੰਘਰਸ਼ ਕਮੇਟੀ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਦੋ ਦਿਨਾਂ ਦਾ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਕਿ ਠੋਸ ਪ੍ਰਗਤੀ ਜੋ 26 ਸਤੰਬਰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ ਹੋਈ ਮੀਟਿੰਗ ਅਨੁਸਾਰ ਅਮਲ ਵਿੱਚ ਲਿਆਉਣ ਦੀ ਮੰਗ ਕੀਤੀ। ਚੇਤਾਵਨੀ ਦਿੱਤੀ ਕਿ ਸੰਘਰਸ਼ੀ ਤੇ ਜੁਝਾਰੂ ਲੋਕਾਂ ਦੇ ਸਬਰ ਦੀ ਪਰਖ ਕਰਨਾ ਬੰਦ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਲੋਕ ਸੰਘਰਸ਼ ਦਾ ਸੇਕ ਸਹਿਣ ਲਈ ਤਿਆਰ ਰਹੇ। ਅੱਜ ਦੇ ਪੱਕੇ ਮੋਰਚੇ ‘ਚ ਲੇਖਕ, ਕਲਮਕਾਰ, ਬੁੱਧੀਜੀਵੀ, ਰੰਗਕਰਮੀਆਂ, ਪੱਤਰਕਾਰਾਂ, ਸਾਹਿਤਕਾਰਾਂ, ਜਮਹੂਰੀ ਕਾਰਕੁਨਾਂ, ਤਰਕਸ਼ੀਲਾਂ ਵੱਲੋਂ ਦਿੱਤਾ ਲੋਕ ਸੰਘਰਸ਼ ਨੂੰ ਸਮਰਥਨ ਹੀ ਨਹੀਂ ਸੈਂਕੜਿਆਂ ਦੀ ਗਿਣਤੀ ‘ਚ ਸ਼ਾਮਲ ਹੋ ਕੇ ਕਲਮ, ਕਲਾ, ਸੰਗਰਾਮਾਂ ਦੀ ਹਕੀਕੀ ਸਾਂਝ ਦਾ ਜ਼ੋਰਦਾਰ ਪ੍ਰਗਟਾਵਾ ਵੀ ਕੀਤਾ ਤੇ ਪ੍ਰਸ਼ਾਸਨ ਨੂੰ ਤਰੇਲੀਆਂ ਲਿਆਂਦੀਆਂ।
ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਮਾਂਗਾ, ਬਲਵਿੰਦਰ ਕੌਰ ਭੈਣੀਬਾਘਾ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਜੋਧਪੁਰ, ਤਿਰਲੋਚਨ ਸਿੰਘ, ਰਮੇਸ਼ ਮਾਲੜੀ, ਦੀਦਾਰ ਮੁੱਦਕੀ, ਅਵਤਾਰ ਸਿੰਘ ਰਸੂਲਪੁਰ, ਗੁਰਬਿੰਦਰ ਸਿੰਘ ਕਲਾਲਾ ਨੇ ਹਾਕਮਾਂ ਨੂੰ ਚੁਣੌਤੀ ਦਿੱਤੀ ਕਿ ਧੀਆਂ-ਭੈਣਾਂ ਦੀਆਂ ਇੱਜਤਾਂ ਦੇ ਰਾਖੇ ਮਨਜੀਤ ਧਨੇਰ ਨੂੰ ਨਹੀਂ ਸਗੋਂ ਲੋਕ ਹੱਕਾਂ ਲਈ ਜੂਝਣ, ਲਿਖਣ, ਬੋਲਣ, ਕਲਾ ਰਾਹੀਂ ਪ੍ਰਗਟਾਵਾ ਕਰਨ ਵਾਲੀ ਲੋਕ ਪੱਖੀ ਅਵਾਜ਼ ਨੂੰ ਸਜ਼ਾ ਸੁਣਾਈ ਹੈ। ਬੁਲਾਰਿਆਂ ਕਿਹਾ ਕਿ ਔਰਤਾਂ ਉੱਪਰ ਇੱਕ ਬੰਨੇ ਜ਼ਬਰ ਸਾਰੇ ਹੱਦਾਂ-ਬੰਨੇ ਪਾਰ ਕਰ ਰਿਹਾ ਹੈ, ਸੱਤਾ ਉੱਪਰ ਕਾਬਜ਼ ਸਿਆਸਤਦਾਨਾਂ ਵਿੱਚ ਅਪਰਾਧੀਆਂ ਖਾਸ ਕਰ ਔਰਤਾਂ ਉੱਪਰ ਜ਼ਬਰ-ਜਨਾਹ, ਦੁਰਾਚਾਰ, ਕਤਲ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹਕੂਮਤ ਉਨ੍ਹਾਂ ਦੀ ਰਾਖੀ ਕਰ ਰਹੀ ਹੈ।
ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਝੰਡਾ ਸਿੰਘ ਜੇਠੂਕੇ, ਗੁਰਦੀਪ ਸਿੰਘ ਰਾਮਪੁਰਾ, ਸੁਖਦੇਵ ਸਿੰਘ ਕੋਕਰੀਕਲਾਂ, ਬਲਵੰਤ ਉੱਪਲੀ, ਸ਼ਿੰਗਾਰਾ ਸਿੰਘ ਮਾਨ ਨੇ ਪੰਜਾਬ ਸਰਕਾਰ ਵੱਲੋਂ ਧਾਰੀ ਸਾਜਿਸ਼ੀ ਚੁੱਪ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸੰਘਰਸ਼ ਕਮੇਟੀ ਪੰਜਾਬ ਲੰਬੇ ਸਮੇਂ ਲਈ ਚੱਲਣ ਵਾਲੇ ਸੰਘਰਸ਼ ਲਈ ਇਰਾਦਾ ਧਾਰਕੇ ਆਈ ਹੈ।
ਪੂਰੀ ਸੋਚ ਵਿਚਾਰ ਕਰਨ ਤੋਂ ਲੰਬੇ ਦਾਅ ਦੀ ਯੋਜਨਾਬੰਦੀ ਕਰਕੇ ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਦਾ ਕਦਮ ਚੁੱਕਿਆ ਹੈ। ਆਉਣ ਵਾਲੇ ‘ਚ ਲੋਕ ਆਗੂ ਮਨਜੀਤ ਦੀ ਸਜ਼ਾ ਰੱਦ ਕਰਨ ਦੇ ਰਾਹ ‘ਚ ਸਰਕਾਰ ਵੱਲੋਂ ਡਾਹੇ ਜਾਣ ਜਾਣ ਵਾਲੇ ਅੜਿੱਕੇ ਕਿਵੇਂ ਕੱਢਣੇ ਹਨ। ਇਸ ਦਾ ਵੀ ਹੱਲ ਕਰਕੇ ਤੁਰੇ ਹਾਂ, ਆਉਣ ਵਾਲੇ ਸਮੇਂ ਦਾ ਵਿਸ਼ਾਲ ਅਤੇ ਤਿੱਖਾ ਹੋਣ ਵਾਲਾ ਸੰਘਰਸ਼ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ। ਸੰਘਰਸ਼ ਕਮੇਟੀ ਨੇ ਪ੍ਰਸ਼ਾਸ਼ਨ/ਪੰਜਾਬ ਸਰਕਾਰ ਨੂੰ ਦੋ ਦਿਨ ਦਾ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਕਿ ਠੋਸ ਪ੍ਰਗਤੀ ਜੋ 26 ਸਤੰਬਰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ ਹੋਈ ਮੀਟਿੰਗ ਅਨੁਸਾਰ ਅਮਲ ਵਿੱਚ ਲਿਆਵੇ ਤੇ ਸੰਘਰਸ਼ੀ ਅਤੇ ਜੁਝਾਰੂ ਲੋਕਾਂ ਦੇ ਸਬਰ ਦੀ ਪਰਖ ਕਰਨਾ ਬੰਦ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਲੋਕ ਸੰਘਰਸ਼ ਦਾ ਸੇਕ ਸਹਿਣ ਲਈ ਤਿਆਰ ਰਹੇ।
ਮੋਰਚੇ ‘ਚ ਸ਼ਾਮਲ ਲੇਖਕਾਂ ਸਾਹਿਤਕਾਰਾਂ, ਰੰਗ ਕਰਮੀਆਂ ਨੇ ਐਲਾਨ ਕੀਤਾ ਕਿ ਪਿੰਡਾਂ, ਕਸਬਿਆਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਵਿਚਾਰ-ਗੋਸ਼ਟੀਆਂ, ਨਾਟਕਾਂ, ਗੀਤ-ਸੰਗੀਤ, ਜਾਗੋਆਂ ਅਤੇ ਪ੍ਰਭਾਤ-ਫੇਰੀਆਂ ਰਾਹੀਂ ਲੋਕਾਂ ਦੇ ਕਾਫ਼ਲਿਆਂ ਨੂੰ ਧਰਨੇ ‘ਚ ਲਿਆਉਣ ਲਈ ਹੋਰ ਵੀ ਵਿਆਪਕ ਮੁਹਿੰਮ ਛੇੜਨ ਜਾ ਰਹੇ ਹਨ। ਲੋਕ ਆਗੂ ਮਨਜੀਤ ਧਨੇਰ ਨੂੰ ਦੀ ਉਮਰ ਕੈਦ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਜੇਲ੍ਹ ਬਰਨਾਲਾ ਅੱਗੇ ਲੱਗੇ ਦਿਨ ਰਾਤ ਦੇ ਪੱਕੇ ਮੋਰਚੇ ਦੇ ਪੰਦਰਵੇਂ ਦਿਨ ਮਾਲਵਾ ਬੈਲਟ ਤੋਂ ਵੀ ਪਾਰ ਦੇ ਜਿਲ੍ਹਿਆਂ ਤੋਂ ਔਰਤਾਂ ਦੇ ਜੁਝਰੂ ਜਥੇ ਸ਼ਾਮਲ ਹੋਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।