ਮਿਲਟਰੀ ਇੰਟੈਲੀਜੈਂਸ, ਫਿਰੋਜ਼ਪੁਰ ਦੀ ਸ਼ਿਕਾਇਤ ’ਤੇ ਹੋਈ ਕਾਰਵਾਈ
Agniveer Recruitment Fraud: (ਜਗਦੀਪ ਸਿੰਘ) ਫਿਰੋਜ਼ਪੁਰ। ਪਿਛਲੇ ਦਿਨਾਂ ਤੋਂ ਫਿਰੋਜ਼ਪੁਰ ’ਚ ਫੌਜ ਦੀ ਅਗਨੀਵੀਰ ਭਰਤੀ ਨੂੰ ਲੈ ਕੇ ਟਰਾਇਲ ਚੱਲ ਰਹੇ ਹਨ, ਚੱਲ ਰਹੀ ਇਸ ਭਰਤੀ ’ਚ ਮੈਡੀਕਲ ਟੈਸਟ ਪਾਸ ਕਰਵਾਉਣ ਦੇ ਨਾਮ ’ਤੇ ਉਮੀਦਵਾਰਾਂ ਤੋਂ ਕਥਿਤ ਤੌਰ ’ਤੇ ਪੈਸੇ ਲੈਣ ਦੇ ਦੋਸ਼ ’ਚ ਦੋ ਵਿਅਕਤੀਆਂ ਨੂੰ ਥਾਣਾ ਫਿਰੋਜ਼ਪੁਰ ਛਾਉਣੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਫਿਰੋਜ਼ਪੁਰ ’ਚ ਅਗਨੀਵੀਰ ਜਵਾਨਾਂ ਦੀ ਭਰਤੀ ਲਈ ਇੱਕ ਰੈਲੀ ਚੱਲ ਰਹੀ ਹੈ, ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਉਮੀਦਵਾਰ ਭਰਤੀ ਲਈ ਮੈਡੀਕਲ ਅਤੇ ਸਰੀਰਕ ਟੈਸਟ ਦੇਣ ਲਈ ਆ ਰਹੇ ਹਨ।
ਇਹ ਵੀ ਪੜ੍ਹੋ: Tangri River: ਟਾਂਗਰੀ ਨਦੀ ਵਿੱਚ 5 ਬੱਚੇ ਡੁੱਬੇ, ਚਾਰ ਨੂੰ ਬਚਾਇਆ, ਇੱਕ ਲਾਪਤਾ
ਮਿਲਟਰੀ ਇੰਟੈਲੀਜੈਂਸ ਬ੍ਰਾਂਚ ਫਿਰੋਜ਼ਪੁਰ ਨੇ ਸ਼ਿਕਾਇਤ ਦਿੱਤੀ ਕਿ ਹਰਗੋਬਿੰਦ ਸਿੰਘ ਉਰਫ਼ ਸ਼ੇਰਾ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਮੱਲੂਵਾਲਾ, ਅੰਮ੍ਰਿਤਸਰ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਰਾਏ, ਅੰਮ੍ਰਿਤਸਰ ਵੱਲੋਂ ਚਾਹਵਾਨ ਉਮੀਦਵਾਰਾਂ ਨੂੰ ਮੈਡੀਕਲ ਟੈਸਟ ਪਾਸ ਕਰਵਾਉਣ ਦਾ ਝਾਂਸਾ ਦੇ ਠੱਗੀ ਮਾਰੀ ਜਾ ਰਹੀ ਅਤੇ ਨੌਜਵਾਨਾਂ ਤੋਂ ਉਹਨਾਂ ਦੇ ਵਿੱਦਿਅਕ ਅਸਲ ਸਰਟੀਫਿਕੇਟ ਅਤੇ ਦਾਖਲਾ ਕਾਰਡ ਵੀ ਲਏ ਜਾ ਰਹੇ ਹਨ, ਜਿਸ ‘ਤੇ ਕਾਰਵਾਈ ਕਰਦੇ ਪੁਲਿਸ ਨੇ ਮਾਮਲੇ ਦਰਜ ਕਰਦਿਆ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਵਿਨੋਦ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਅਦਾਲਤ ਨੇ ਮੁਲਜ਼ਮਾਂ ਨੂੰ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਰਿਮਾਂਡ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ।