ਰੀਲ ਬਣਾਉਣਾ ਪਿਆ ਮਹਿੰਗਾ, ਦੋ ਭਰਾਵਾਂ ਦੀ ਨਹਿਰ ’ਚ ਡੁੱਬਣ ਕਾਰਨ ਗਈ ਜਾਨ

Canal Accident

(ਜਸਵੀਰ ਸਿੰਘ ਗਹਿਲ) ਲੁਧਿਆਣਾ। ਸੋਸ਼ਲ ਮੀਡੀਆ ’ਤੇ ਮਸ਼ਹੂਰ ਹੋਣ ਲਈ ਰੀਲਾਂ ਬਣਾਉਣਾ ਸਕੇ ਭਰਾਵਾਂ ਨੂੰ ਇਸ ਕਦਰ ਭਾਰੀ ਪੈ ਗਿਆ ਕਿ ਆਪਣੇ ਛੋਟੇ ਭਰਾ ਨੂੰ ਬਚਾਉਣ ਦੇ ਚੱਕਰ ਵਿੱਚ ਵੱਡੇ ਭਰਾ ਦੀ ਵੀ ਜਾਨ ਚਲੀ ਗਈ। ਸੂਚਨਾ ਮਿਲਣ ’ਤੇ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਜਾਂਚ ਆਰੰਭ ਦਿੱਤੀ ਹੈ । Canal Accident

ਜਾਣਕਾਰੀ ਦਿੰਦਿਆਂ ਮ੍ਰਿਤਕਾ ਦੀ ਮਾਂ ਸਮੀਨਾ ਖਾਤੂਨ ਵਾਸੀ ਪਿੰਡ ਪੰਜੇਟਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਮੁਹੰਮਦ ਅਸਦੁੱਲ੍ਹਾ ਤੇ ਉਸਦਾ ਛੋਟਾ ਭਰਾ ਮੁਹੰਮਦ ਸਤੁੁੱਲ੍ਹਾ ਸਰਕਾਰੀ ਸਕੂਲ ’ਚ ਪੜ੍ਹਦੇ ਹਨ ਅਤੇ ਨਵਾਜ ਪੜ੍ਹਨ ਲਈ ਲਾਗਲੀ ਮਸਜਿਦ ’ਚ ਗਏ ਸਨ। ਉੱਥੋਂ ਵਾਪਸ ਪਰਤਦੇ ਉਹ ਕੂੰਮ ਕਲਾਂ ਦੇ ਪਿੰਡ ਝੱਲਣ ਖੁਰਦ ਲਾਗੇ ਦੀ ਲੰਘਦੀ ਨਹਿਰ ਕਿਨਾਰੇ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਲਈ ਤਸਵੀਰਾਂ ਖਿੱਚਣ ਅਤੇ ਰੀਲਾਂ ਬਣਾਉਣ ਲੱਗ ਪਏ।

ਪ੍ਰਤੱਖ ਦਰਸੀਆਂ ਮੁਤਾਬਕ ਛੋਟਾ ਲੜਕਾ ਮੁਹੰਮਦ ਸਤੁੱਲ੍ਹਾ ਤਸਵੀਰਾਂ ਖਿਚਵਾਉਣ ਲਈ ਨਹਿਰ ਦੇ ਪਾਣੀ ਵਿੱਚ ਉੱਤਰਿਆ ਹੋਇਆ ਸੀ, ਦਾ ਅਚਾਨਕ ਪੈਰ ਫ਼ਿਸਲ ਗਿਆ ਤੇ ਪਾਣੀ ਵਿੱਚ ਡੁੱਬ ਗਿਆ। ਜਿਸਨੂੰ ਬਚਾਉਣ ਦੇ ਲਈ ਮੁਹੰਮਦ ਅਸਦੁੱਲ੍ਹਾ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ ਪਰ ਮਾੜੀ ਕਿਸਮਤ ਉਹ ਵੀ ਨਹਿਰ ਦੇ ਪਾਣੀ ਵਿੱਚ ਡੁੱਬ ਗਿਆ। ਜਦੋਂ ਤੱਕ ਗੋਤਾਖੋਰਾਂ ਦੀ ਮੱਦਦ ਨਾਲ ਸਥਾਨਕ ਲੋਕਾਂ ਨੇ ਨੋਜਵਾਨਾਂ ਨੂੰ ਕੱਢਿਆ ਤਦ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। Canal Accident

ਇਹ ਵੀ ਪੜ੍ਹੋ: ਕਰਿਆਨੇ ਦੀ ਦੁਕਾਨ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ

ਪ੍ਰਾਪਤ ਜਾਣਕਾਰੀ ਮੁਤਾਬਕ ਮੁਹੰਮਦ ਅਸਦੁੱਲ੍ਹਾ ਦੀ ਉਮਰ 17 ਤੇ ਮੁਹੰਮਦ ਸਤੁੱਲ੍ਹਾ ਦੀ ਉਮਰ 12 ਸਾਲ ਸੀ। ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਥਾਣਾ ਕੂੰਮ ਕਲਾਂ ਦੇ ਐਸਐੱਚਓ ਇੰਸਪੈਕਟਰ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨਾਂ ਨੂੰ ਬਚਾਉਣ ਲਈ ਗੋਤਾਖੋਰਾਂ ਦੀ ਮੱਦਦ ਲਈ ਗਈ ਸੀ ਪਰ ਦੋਵਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦੱਸਿਆ ਕਿ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਮਾਂ ਸਮੀਨਾ ਖਾਤੂਨ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ।