ਬੱਚੀਆਂ ਨਾਲ ਜ਼ਬਰ ਜਿਨਾਹ ਕੋਝੀ ਮਾਨਸਿਕਤਾ ਦਾ ਪ੍ਰਤੀਕ

Girls, Symbol, JaberJinnah, Mentality

ਕਮਲ ਬਰਾੜ

ਛੋਟੀ ਉਮਰ ਦੀਆਂ ਬੱਚੀਆਂ ਨਾਲ ਜ਼ਬਰ-ਜਿਨਾਹ ਹੋ ਰਿਹਾ ਹੈ ਜ਼ਬਰ-ਜਿਨਾਹ ਉਪਰੰਤ ਲੜਕੀਆਂ, ਔਰਤਾਂ ਦੀਆਂ ਹੱਤਿਆਵਾਂ ਹੋ ਰਹੀਆਂ ਹਨ। ਸਮਾਜ ਵਿੱਚ ਵਧ ਰਹੇ ਇਸ ਪਸ਼ੂਪੁਣੇ ਦਾ ਇਸ ਤੋਂ ਵੱਡਾ ਕੋਈ ਹੋਰ ਸਬੂਤ ਹੋ ਸਕਦਾ ਹੈ? ਆਓ, ਜ਼ਬਰ-ਜਿਨਾਹ ਦੇ ਅੰਕੜਿਆਂ ‘ਤੇ ਇੱਕ ਝਾਤ ਮਾਰੀਏ। ਦੇਸ਼ ਵਿੱਚ ਸਾਲਾਨਾ 35 ਤੋਂ 36 ਹਜ਼ਾਰ ਦੇ ਲਗਭਗ ਜ਼ਬਰ-ਜਿਨਾਹ ਹੁੰਦੇ ਹਨ। ਜ਼ਬਰ-ਜਿਨਾਹ ਦਾ ਸ਼ਿਕਾਰ ਆਮ ਤੌਰ ‘ਤੇ 18 ਤੋਂ 30 ਵਰ੍ਹਿਆਂ ਦੀਆਂ ਔਰਤਾਂ ਹੋ ਰਹੀਆਂ ਹਨ। ਔਰਤਾਂ ‘ਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ। ਰਾਤ-ਬਰਾਤੇ ਔਰਤਾਂ ਘਰੋਂ ਬਾਹਰ ਜਾਣ ਤੋਂ ਸੰਕੋਚ ਕਰਦੀਆਂ ਹਨ, ਡਰਦੀਆਂ ਹਨ। ਕਈ ਹਾਲਤਾਂ ‘ਚ ਤਾਂ ਇਕੱਲੀਆਂ ਲੜਕੀਆਂ, ਔਰਤਾਂ ਘਰ ਵਿੱਚ ਵੀ ਸੁਰੱਖਿਅਤ ਨਹੀਂ, ਉਹਨਾਂ ਨਾਲ ਛੇੜਛਾੜ, ਜ਼ਬਰ-ਜਿਨਾਹ ਦੀਆਂ ਘਟਨਾਵਾਂ ਉਨ੍ਹਾਂ ਦੇ ਆਪਣੇ ਨਜ਼ਦੀਕੀ, ਜਾਣੂਆਂ, ਰਿਸ਼ਤੇਦਾਰਾਂ ਵੱਲੋਂ ਹੀ ਕੀਤੇ ਜਾਣ ਦੀਆਂ ਰਿਪੋਰਟਾਂ ਮਿਲਦੀਆਂ ਹਨ। ਇੱਕ ਰਿਪੋਰਟ ਅਨੁਸਾਰ ਜ਼ਬਰ-ਜਿਨਾਹ ਦੀਆਂ ਘਟਨਾਵਾਂ ‘ਚ ਸ਼ਾਮਲ ਮਰਦ 90 ਪ੍ਰਤੀਸ਼ਤ ਔਰਤਾਂ ਦੇ ਜਾਣੂ, ਰਿਸ਼ਤੇਦਾਰ ਜਾਂ ਨਜ਼ਦੀਕੀ ਪਾਏ ਗਏ ਹਨ। ਜੇਕਰ ਸਰਕਾਰੀ ਅੰਕੜਿਆਂ ਨੂੰ ਹੀ ਸਹੀ ਮੰਨ ਲਿਆ ਜਾਵੇ ਤਾਂ ਸਾਲ 2014 ਵਿੱਚ ਕੁੱਲ 3,29,243 ਅਤੇ 2016 ਵਿੱਚ 3,38,954 ਔਰਤਾਂ ਨਾਲ ਅਪਰਾਧ ਦੇ ਮਾਮਲੇ ਦਰਜ਼ ਹੋਏ ਹਨ।

ਪਰ ਔਰਤਾਂ ਨਾਲ ਅਪਰਾਧਾਂ ਦੇ ਮਾਮਲੇ ਦੇਸ਼ ਵਿੱਚ ਇਸ ਤੋਂ ਵੀ ਕਿਧਰੇ ਵੱਧ ਹਨ ਕਿਉਂਕਿ ਬਹੁਤੀਆਂ, ਜ਼ਬਰ-ਜਿਨਾਹ, ਜਿਨਸੀ ਛੇੜਛਾੜ ਦੀਆਂ ਘਟਨਾਵਾਂ ਤਾਂ ਪੁਲਿਸ ਥਾਣਿਆਂ ਵਿੱਚ ਦਰਜ਼ ਹੀ ਨਹੀਂ ਹੁੰਦੀਆਂ, ਇਸ ਵਿੱਚ ਬਹੁ-ਗਿਣਤੀ ਪੇਂਡੂ ਖੇਤਰ ਵਿੱਚ ਵਾਪਰੀਆਂ ਘਟਨਾਵਾਂ ਦੀ ਹੈ, ਜਿੱਥੇ ਪੇਂਡੂ ਔਰਤਾਂ, ਸ਼ਹਿਰੀ ਔਰਤਾਂ ਦੇ ਮੁਕਾਬਲੇ ਜਿਆਦਾ ਅਸੁਰੱਖਿਅਤ ਹਨ। ਜਿਨ੍ਹਾਂ ਦਾ ਸ਼ੋਸ਼ਣ ਤਾਂ ਹੁੰਦਾ ਹੀ ਹੈ, ਘਰੇਲੂ ਕੁੱਟ-ਮਾਰ, ਔਰਤਾਂ ਨਾਲ ਵਿਤਕਰੇ ਦੀਆਂ ਘਟਨਾਵਾਂ ਵੀ ਵੱਧ ਹਨ। ਜਿੱਥੇ ਉਨ੍ਹਾਂ ਦੇ ਪਤੀ, ਸਹੁਰੇ ਪਰਿਵਾਰ ਵੱਲੋਂ ਉਨ੍ਹਾਂ ਨਾਲ ਅਣ-ਮਨੁੱਖੀ ਵਰਤਾਰੇ ਦੀਆਂ ਘਟਨਾਵਾਂ ਆਮ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੇ ਪੇਟ ਵਿੱਚ ਲੜਕੀਆਂ ਦਾ ਗਰਭਪਾਤ, ਦਾਜ-ਦਹੇਜ ਕਾਰਨ ਕੁੱਟ-ਮਾਰ ਤੇ ਸਟੋਵ, ਗੈਸ ਨਾਲ ਉਨ੍ਹਾਂ ਨੂੰ ਸਾੜਨਾ, ਅਤੇ ਸਮਾਜ ਵਿੱਚ ਲੜਕੀਆਂ ਨੂੰ ਲੜਕਿਆਂ ਅਤੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਕਿਸੇ ਵੀ ਤਰ੍ਹਾਂ ਦੇ ਹੱਕ ਨਾ ਦੇਣਾ ਸ਼ਾਮਲ ਹਨ। ਭੈੜੇ, ਕੋਝੇ, ਅਣ-ਮਨੁੱਖੀ ਵਰਤਾਰੇ ਕਾਰਨ ਔਰਤ ਘਰ ਵਿੱਚ ਵੀ ਅਤੇ ਘਰੋਂ ਬਾਹਰ ਵੀ ਅਸੁਰੱਖਿਅਤ ਮਹਿਸੂਸ ਕਰਦੀ ਹੈ। ਸਮਾਜ ਵਿੱਚ ਸ਼ੋਸ਼ਣ ਦੇ ਵਧ ਰਹੇ ਮਾਮਲੇ ਔਰਤਾਂ ਦੀ ਸੁਰੱਖਿਆ ਦੀ ਕੋਝੀ ਤਸਵੀਰ ਪੇਸ਼ ਕਰਦੇ ਹਨ। ਔਰਤਾਂ ਦਾ ਸ਼ੋਸ਼ਣ ਹੁੰਦਾ ਹੈ, ਜ਼ਬਰ-ਜਿਨਾਹ ਹੁੰਦਾ ਹੈ, ਔਰਤਾਂ ਦਾ ਦੇਹ ਵਪਾਰ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਅਗਵਾ ਕੀਤਾ ਜਾਂਦਾ ਹੈ। ਇਹ ਘਟਨਾਵਾਂ ਦੇਸ਼ ਵਿੱਚ ਲਗਾਤਾਰ ਵਧ ਰਹੀਆਂ ਹਨ। ਛੋਟੀਆਂ ਬੱਚੀਆਂ ਨਾਲ ਸਮੂਹਿਕ ਦੁਰਾਚਾਰ ਦੀਆਂ ਘਟਨਾਵਾਂ ਨਾਲ ਦੇਸ਼ ਦਾ ਸਿਰ ਸ਼ਰਮ ਨਾਲ ਝੁਕਿਆ ਹੈ। ਦੁਨੀਆਂ ਵਿੱਚ ਦੇਸ਼ ਦਾ ਅਕਸ ਖਰਾਬ ਹੋਇਆ ਹੈ। ਇਹ ਘਟਨਾਵਾਂ ਕੀ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਮੱਥੇ ‘ਤੇ ਕਲੰਕ ਨਹੀਂ ਹਨ?

ਵਧ ਰਹੀਆਂ ਜ਼ਬਰ-ਜਿਨਾਹ ਦੀਆਂ ਘਟਨਾਵਾਂ ਦੇਸ਼ ਦੇ ਸੱਭਿਅਕ ਨਾਗਰਿਕਾਂ ਲਈ ਚਿੰਤਾ ਦਾ ਵਿਸ਼ਾ ਹਨ। ਸ਼ਹਿਰ ਤੋਂ ਲੈ ਕੇ ਪਿੰਡਾਂ ਤੱਕ ਗੈਰ-ਬਰਾਬਰੀ ਦਾ ਜਿਸ ਕਿਸਮ ਦਾ ਸਮਾਜ ਬਣ ਰਿਹਾ ਹੈ, ਉਸ ਵਿੱਚ ਪਸ਼ੂਪੁਣੇ ‘ਤੇ ਕਾਬੂ ਪਾਉਣ ਦੇ ਬੰਧਨ ਟੁੱਟ ਰਹੇ ਹਨ। ਪਿੰਡਾਂ ਦੇ ਥਾਣਿਆਂ ਵਿੱਚ ਕਾਨੂੰਨ ਦਾ ਪਾਲਣ ਘੱਟ ਹੋ ਰਿਹਾ ਹੈ ਤੇ ਉੱਥੇ ਪ੍ਰਭਾਵੀ ਲੋਕਾਂ ਦਾ ‘ਚਲੋ ਛੱਡੋ, ਪਾਉ ਮਿੱਟੀ’ ਵਾਲਾ ਕਾਰਕ ਅਸਰਦਾਇਕ ਹੋ ਰਿਹਾ ਹੈ। ਇਹੋ-ਜਿਹੇ ਹਾਲਾਤਾਂ ਵਿੱਚ ਕੀ ਜ਼ਬਰ-ਜਿਨਾਹ ਦੀਆਂ ਘਟਨਾਵਾਂ ਅਤੇ ਜਿਣਸੀ ਸ਼ੋਸ਼ਣ ਨੂੰ ਸਿਰਫ ਕਾਨੂੰਨ ਬਣਾ ਕੇ ਖਤਮ ਕੀਤਾ ਜਾ ਸਕਦਾ ਹੈ?

ਸਰਕਾਰ ਨੇ ਬਾਰਾਂ ਸਾਲ ਦੀਆਂ ਬੱਚੀਆਂ ਨਾਲ ਜ਼ਬਰ-ਜਿਨਾਹ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦੇਣ ਦਾ ਕਾਨੂੰਨ ਪਾਸ ਕਰ ਦਿੱਤਾ ਹੈ। ਪਰ ਕੀ ਸਖ਼ਤ ਸਜ਼ਾਵਾਂ ਨਾਲ ਜ਼ਬਰ-ਜਿਨਾਹ ਰੁਕ ਸਕਣਗੇ? ਜਿਣਸੀ-ਸ਼ੋਸ਼ਣ ਦਾ ਵਰਤਾਰਾ ਖਤਮ ਹੋ ਸਕੇਗਾ? ਸਰਕਾਰ ਨੂੰ ਇਹ ਗੱਲ ਮੰਨ ਕੇ ਚੱਲਣੀ ਹੋਵੇਗੀ ਕਿ ਦੇਸ਼ ਵਿੱਚ ਔਰਤਾਂ ਦੇ ਮਨ ‘ਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ।  ਔਰਤਾਂ ਦੀ ਸੁਰੱਖਿਆ ਲਈ ਉਨ੍ਹਾਂ ਦੀ ਚੰਗੀ ਸਿਹਤ, ਬਰਾਬਰ ਦੇ ਹੱਕਾਂ, ਆਰਥਿਕ ਆਜ਼ਾਦੀ ਲਈ ਵਿਸ਼ੇਸ਼ ਉਪਰਾਲੇ ਕਰਨੇ ਹੀ ਪੈਣਗੇ। ਔਰਤਾਂ ਨਾਲ ਜ਼ਬਰ-ਜਿਨਾਹ, ਜਿਣਸੀ-ਸ਼ੋਸ਼ਣ, ਅਗਵਾ, ਦੇਹ ਵਪਾਰ ਦੇ ਵਰਤਾਰੇ ਨੂੰ ਸਿਰਫ ਸਰਕਾਰੀ ਯਤਨਾਂ ‘ਤੇ ਨਹੀਂ ਛੱਡਿਆ ਜਾ ਸਕਦਾ, ਸਮਾਜ ਸੁਧਾਰਕਾਂ, ਬੁੱਧੀਜੀਵੀਆਂ, ਮਨੋਚਿਕਿਤਸਕਾਂ, ਸਾਹਿਤਕਾਰਾਂ ਨੂੰ ਸਿਰ ਜੋੜਕੇ ਇਸ ਸਮਾਜਿਕ ਵਿਚਾਰ ਨੂੰ ਖਤਮ ਕਰਨ ਲਈ ਯਤਨ ਕਰਨੇ ਪੈਣਗੇ, ਨਹੀਂ ਤਾਂ ਦੁਨੀਆਂ ਦੀ ਨਜ਼ਰ ਵਿੱਚ ਭਾਰਤ ਹੋਰ ਵੀ ਘਿਨਾਉਣਾ ਬਣਿਆ ਦਿਸੇਗਾ।

ਪਿਛਲੇ ਇੱਕ ਸਾਲ ਵਿਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿਸ ਤੋਂ ਇਹ ਸਿੱਧ ਹੋ ਗਿਆ ਹੈ ਕਿ ਪੰਜਾਬ ਦੀਆਂ ਧੀਆਂ ਵੀ ਸੁਰੱਖਿਅਤ ਨਹੀਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਘਟਨਾਵਾਂ ਜ਼ਿਆਦਾਤਰ ਦਿਨ ਸਮੇਂ ਤੇ ਭੀੜ ਵਾਲੀ ਜਗ੍ਹਾ ‘ਤੇ ਵਾਪਰੀਆਂ ਹਨ। ਪਿਛਲੇ ਦਿਨੀਂ ਲੁਧਿਆਣਾ ਵਿਚ ਹੋਏ ਗੈਂਗਰੇਪ ਨੇ ਪੂਰੀ ਤਰ੍ਹਾਂ ਸੁਰੱਖਿਆ ਵਿਵਸਥਾ ਨੂੰ ਹਾਸ਼ੀਏ ‘ਤੇ ਲਿਆ ਖੜ੍ਹਾ ਕਰ ਦਿੱਤਾ ਹੈ। ਜੇਕਰ ਦਿਨ ਸਮੇਂ ਕੁੜੀਆਂ ਸੁਰੱਖਿਅਤ ਨਹੀਂ ਹਨ ਤਾਂ ਰਾਤ ਨੂੰ ਕੁੜੀਆਂ ਦਾ ਬਾਹਰ ਨਿੱਕਲਣਾ ਖਤਰੇ ਤੋਂ ਖਾਲੀ ਨਹੀਂ ਹੈ। ਕਿਉਂ ਨਹੀਂ ਸਰਕਾਰਾਂ ਵੱਡੇ ਸ਼ਹਿਰਾਂ ਵਿੱਚ ਵੱਖਰੀਆਂ ਪੁਲਿਸ ਟੀਮਾਂ ਬਣਾਉਂਦੀਆਂ ਤੇ ਕੁੜੀਆਂ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ ਜਾਰੀ ਕਰਦੀਆਂ। ਜਿਆਦਾਤਰ ਕੁੜੀਆਂ ਆਪਣੇ ਘਰਾਂ ਤੋਂ ਦੂਰ ਵੱਡੇ ਸ਼ਹਿਰਾਂ ਵਿੱਚ ਪੜ੍ਹਾਈ ਕਰਦੀਆਂ ਹਨ ਤੇ ਰਾਤ ਦੇ ਸਮੇਂ ਉਨ੍ਹਾਂ ਨੂੰ ਇਕੱਲਿਆਂ ਬਾਹਰ ਨਿੱਕਲਣ ਤੋਂ ਪਹਿਲਾਂ ਉਨ੍ਹਾਂ ਦੇ ਸਾਹਮਣੇ ਆਪਣੀ ਸੁਰੱਖਿਆ ਆ ਜਾਂਦੀ ਹੈ ਤੇ ਦੂਸਰੇ ਪਾਸੇ ਕੁਝ ਲੋਕਾਂ ਦਾ ਗੈਂਗਰੇਪ ‘ਤੇ ਪ੍ਰਤੀਕਰਮ ਹੁੰਦਾ ਹੈ ਕਿ ਕੁੜੀਆਂ ਨੂੰ ਰਾਤ ਨੂੰ ਘਰੋਂ ਬਾਹਰ ਨਹੀਂ ਨਿੱਕਲਣਾ ਚਾਹੀਦਾ, ਉਨ੍ਹਾਂ ਨੂੰ ਭੜਕੀਲੇ ਕੱਪੜੇ ਨਹੀਂ ਪਾਉਣੇ ਚਾਹੀਦੇ। ਇਸ ਤੋਂ ਸਿੱਧ ਹੁੰਦਾ ਹੈ ਸਾਡੀ ਮਾਨਸਿਕਤਾ ਕਿੱਥੇ ਖੜ੍ਹੀ ਹੈ। ਸਭ ਤੋਂ ਪਹਿਲਾਂ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਗੈਂਗਰੇਪ ਰੋਕਣ ਲਈ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਸਖਤ ਕਾਨੂੰਨ ਬਣਾਏ ਜਾਣੇ ਤਾਂ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਨਾ ਹੋਣ ਤੇ ਕੁੜੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਸਰੀਰਕ ਤੇ ਮਾਨਸਿਕ ਤੌਰ ‘ਤੇ ਮਜਬੂਤ ਹੋਣ ਤੇ ਅਜਿਹੇ ਲੋਕਾਂ ਦਾ ਡਟ ਕੇ ਮੁਕਾਬਲਾ ਕਰਨ ਤਾਂ ਜੋ ਉਹ ਆਪਣੀ ਆਤਮ-ਰੱਖਿਆ ਕਰ ਸਕਣ।

ਪਿੰਡ: ਕੋਟਲੀ ਅਬਲੂ 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।