ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ ’ਚ ਭਾਰਤੀ ਰੇਲ ਲਈ 2.41 ਲੱਖ ਕਰੋੜ ਰੁਪਏ ਦੀ ਵੰਡ ਪ੍ਰਸਤਾਵਿਤ ਕੀਤੀ ਹੈ। ਇਸ ਖੇਤਰ ’ਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਵੰਡ ਹੈ। ਇਹ ਰਾਸ਼ੀ ਸਾਲ 2013-14 ਦੇ ਮੁਕਾਬਲੇ ਨੌਂ ਗੁਣਾ ਹੈ ਇਸ ਤੋਂ ਸਪੱਸ਼ਟ ਜਾਹਿਰ ਹੁੰਦਾ ਹੈ ਕਿ ਦੇਸ਼ ’ਚ ਆਵਾਜਾਈ ਅਤੇ ਮਾਲ ਢੁਆਈ ਦੇ ਸਭ ਤੋਂ ਸੁਖਾਲੇ ਸਾਧਨ ਰੇਲਵੇ ਦੇ ਵਿਕਾਸ ਤੋਂ ਬਿਨਾਂ ਵਿਕਾਸ ਨੂੰ ਰਫ਼ਤਾਰ ਨਹੀਂ ਮਿਲੇਗੀ। ਰੇਲ ਮੰਤਰੀ ਵੈਸ਼ਣਵ ਨੇ ਜਾਣਕਾਰੀ ਦਿੱਤੀ ਹੈ ਕਿ ਅਮਿ੍ਰਤ ਭਾਰਤ ਸਟੇਸ਼ਨ ਯੋਜਨਾ ਤਹਿਤ 1,275 ਸਟੇਸ਼ਨਾਂ ਦਾ ਮੁੜ-ਵਿਕਾਸ ਕੀਤਾ ਜਾ ਰਿਹਾ ਹੈ । ਇਸ ਕੰਮ ’ਚ ਤੇਜ਼ੀ ਲਿਆਉਣ ’ਚ ਬਜਟ ’ਚ ਰੱਖੀ ਰਾਸ਼ੀ ਵੱਡਾ ਯੋਗਦਾਨ ਦੇਵੇਗੀ। ਤੇਜ਼ ਰਫ਼ਤਾਰ ਦੀ ਆਵਾਜਾਈ ਨੂੰ ਯਕੀਨੀ ਕਰਨ ਲਈ ਵੰਦੇ ਭਾਰਤ ਰੇਲਾਂ ਦਾ ਲਗਾਤਾਰ ਵਿਸਥਾਰ ਕੀਤਾ ਜਾ ਰਿਹਾ ਹੈ।
ਰੇਲਵੇ ਦੀ ਅਰਥਵਿਵਸਥਾ ਪੱਟੜੀ ’ਤੇ ਪਰਤ ਰਹੀ ਹੈ, ਉਹ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਪੂਰੇ ਦੇਸ਼ ’ਚ ‘ਵੰਦੇ ਭਾਰਤ ਰੇਲ’ ਲੜੀ ਨੂੰ ਵਿਸਥਾਰ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵੰਦੇ ਭਾਰਤ ਐਕਸਪ੍ਰੈਸ ਭਾਰਤ ਦੀ ਪਹਿਲੀ ਸਵਦੇਸ਼ੀ ਸੈਮੀ ਹਾਈ-ਸਪੀਡ ਰੇਲ ਹੈ। ਜਿਸ ਦਾ ਨਿਰਮਾਣ ਚੇੱਨਈ ਸਥਿਤ ਕੋਚ ਫੈਕਟਰੀ ਦੁਆਰਾ ਕੀਤਾ ਜਾ ਰਿਹਾ ਹੈ। ਉੱਥੇ ਦੂਜੇ ਪਾਸੇ ਇਹ ਉਤਸ਼ਾਹਜਨਕ ਹੈ ਕਿ ਦੇਸ਼ ਨੂੰ ਆਪਣੀ ਪਹਿਲੀ ਹਾਈਡ੍ਰੋਜਨ ਰੇਲ ਦਸੰਬਰ ਤੱਕ ਮਿਲਣ ਜਾ ਰਹੀ ਹੈ। ਜੋ ਆਤਮ-ਨਿਰਭਰ ਭਾਰਤ ਅਭਿਆਨ ਦੀ ਨਵੀਂ ਕਾਮਯਾਬੀ ਕਹੀ ਜਾ ਸਕਦੀ ਹੈ। ਆਤਮ-ਨਿਰਭਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਕਲਪ ਨੂੰ ਸਾਕਾਰ ਕਰਨ ਦੀ ਦਿਸ਼ਾ ’ਚ ਇਹ ਇੱਕ ਮਹੱਤਵਪੂਰਨ ਪਹਿਲ ਹੈ। ਅਜਿਹੀਆਂ ਰੇਲਾਂ ਦੇ ਉਤਪਾਦਨ ਨੂੰ ਬਜਟ ਨਾਲ ਬਹੁਤ ਹੱਲਾਸ਼ੇਰੀ ਮਿਲੇਗੀ। ਇਨ੍ਹਾਂ ਰੇਲਾਂ ਦਾ ਨਿਰਮਾਣ ਹੁਣ ਹਰਿਆਣਾ ਦੇ ਸੋਨੀਪਤ ਅਤੇ ਮਹਾਂਰਾਸ਼ਟਰ ਦੇ ਲਾਤੂਰ ’ਚ ਵੀ ਕੀਤਾ ਜਾਵੇਗਾ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਸੁਝਾਅ
ਪਿਛਲੇ ਦਿਨੀਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਸੁਝਾਅ ਦਿੱਤਾ ਸੀ ਕਿ ਦੇਸ਼ ਦੇ ਜਲਮਾਰਗ, ਰਾਜਮਾਰਗ ਅਤੇ ਰੇਲਵੇ ਨੈਟਵਰਕ ਆਪਸ ’ਚ ਜੁੜੇ ਹੋਣ। ਇਨ੍ਹਾਂ ਯਤਨਾਂ ਨਾਲ ਰੇਲਵੇ ਦੀਆਂ ਲਾਗਤਾਂ ਨੂੰ ਘੱਟ ਕਰਨ ਅਤੇ ਮਾਲੀਏ ਨੂੰ ਵਧਾਉਣ ’ਚ ਮੱਦਦ ਮਿਲ ਸਕਦੀ ਹੈ। ਦੇਸ਼ ’ਚ ਕਰੋੜਾਂ ਲੋਕ ਰੋਜ਼ਾਨਾਂ ਰੇਲਾਂ ਦੀ ਵਰਤੋਂ ਕਰਦੇ ਹਨ। ਇਸ ਦੇ ਮੱਦੇਨਜ਼ਰ ਯਾਤਰੀਆਂ ਦੀ ਸੰਤੁਸ਼ਟੀ ਰੇਲਵੇ ਦੀ ਸਰਵਉੱਚ ਪਹਿਲ ਹੋਣੀ ਚਾਹੀਦੀ ਹੈ।
ਇਹ ਚੰਗੀ ਗੱਲ ਹੈ ਕਿ ਕੋਵਿਡ ਸੰਕਰਮਣ ਦੇ ਸਮੇਂ ਤੋਂ ਰੇਲਵੇ ਜਿਸ ਵੱਡੇ ਸੰਕਟ ’ਚੋਂ ਲੰਘ ਰਿਹਾ ਹੈ, ਉਸ ਤੋਂ ਹੁਣ ਉੱਭਰਨ ਲੱਗਾ ਹੈ ਹਾਲਾਂਕਿ, ਉਸ ਦੌਰਾਨ ਵੀ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੰਡ ਪਹੰੁਚਾਉਣ ਅਤੇ ਖੁਰਾਕ ਸਪਲਾਈ ’ਚ ਫੈਸਲਾਕੁੰਨ ਭੂਮਿਕਾ ਨਿਭਾਈ ਸੀ। ਫ਼ਿਲਹਾਲ, ਰੇਲਵੇ ਪ੍ਰਸ਼ਾਸਨ ਦੇ ਸਾਹਮਣੇ ਮੌਜੂਦ ਚੁਣੌਤੀਆਂ ਦੇ ਮੱਦੇਨਜ਼ਰ ਹਾਲੀਆ ਬਜਟ ’ਚ ਵਿੱਤੀ ਵਸੀਲਿਆਂ ਦਾ ਵੱਡਾ ਵਾਧਾ ਇਸ ਖੇਤਰ ’ਚ ਅਥਾਹ ਸੰਭਾਵਨਾਵਾਂ ਦੇ ਦੁਆਰ ਖੋਲ੍ਹਦਾ ਹੈ। ਜਿੱਥੇ ਰੇਲਵੇ ਇੱਕ ਪਾਸੇ ਆਮ ਲੋਕਾਂ ਦਾ ਸਸਤਾ ਅਤੇ ਸੌਖਾ ਆਵਾਜਾਈ ਦਾ ਜਰੀਆ ਹੈ, ਉਥੇ ਕਰੋੜਾਂ ਲੋਕਾਂ ਦਾ ਰੁਜ਼ਗਾਰ ਵੀ ਇਸ ਨਾਲ ਪ੍ਰਤੱਖ ਅਤੇ ਅਪ੍ਰਤੱਖ ਤੌਰ ’ਤੇ ਜੁੜਿਆ ਹੁੰਦਾ ਹੈ ਮਾਲੀਏ ਦੇ ਮੋਰਚੇ ’ਤੇ ਵੀ ਇਹ ਵੰਡ ਰੇਲਵੇ ਲਈ ਉਮੀਦ ਜਗਾਉਣ ਵਾਲੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।