ਨਵੀਂ ਦਿੱਲੀ, (ਸੱਚ ਕਹੂੰ ਨਿਊਜ਼)। ਦੇਸ਼ ਦੇ ਕਈ ਥਾਵਾਂ ’ਤੇ ਜਿੱਥੇ ਟਮਾਟਰ ਦੀਆਂ ਕੀਮਤਾਂ ਅਸਧਾਰਨ ਤੌਰ ’ਤੇ ਉੱਚੀਆਂ ਸਨ, 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਬਸਿਡੀ ਵਾਲੇ ਟਮਾਟਰਾਂ ਨੂੰ ਵੇਚਣ ਲਈ ਸਰਕਾਰ ਦੇ ਦਖਲ ਨੇ ਥੋਕ ਕੀਮਤਾਂ ਨੂੰ ਹੇਠਾਂ ਲਿਆਂਦਾ ਹੈ। ਦੇਸ਼ ਭਰ ’ਚ 500 ਤੋਂ ਵੱਧ ਥਾਵਾਂ ’ਤੇ ਸਥਿਤੀ ਦਾ ਮੁੜ ਮੁਲਾਂਕਣ ਕਰਨ ਤੋਂ ਬਾਅਦ ਐਤਵਾਰ ਤੋਂ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਵੇਚਣ ਦਾ ਫੈਸਲਾ ਕੀਤਾ ਗਿਆ ਹੈ। ਇਹ ਵਿਕਰੀ ਅੱਜ ਤੋਂ ਦਿੱਲੀ, ਨੋਇਡਾ, ਲਖਨਊ, ਕਾਨਪੁਰ, ਵਾਰਾਣਸੀ, ਪਟਨਾ, ਮੁਜੱਫਰਪੁਰ ਅਤੇ ਅਰਰਾ ਦੇ ਵੱਖ-ਵੱਖ ਸਥਾਨਾਂ ’ਤੇ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸਨ ਆਫ ਇੰਡੀਆ ਅਤੇ ਨੈਸ਼ਨਲ ਕੰਜਿਊਮਰ ਕੋਆਪਰੇਟਿਵ ਫੈਡਰੇਸ਼ਨ ਰਾਹੀਂ ਸ਼ੁਰੂ ਕੀਤੀ ਗਈ ਹੈ। ਮੌਜੂਦਾ ਬਾਜਾਰ ਦੀਆਂ ਕੀਮਤਾਂ ਦੇ ਆਧਾਰ ’ਤੇ ਕੱਲ੍ਹ ਤੋਂ ਸ਼ੁਰੂ ਹੋਣ ਵਾਲੇ ਹੋਰ ਸ਼ਹਿਰਾਂ ’ਚ ਵਿਕਰੀ ਦਾ ਵਿਸਤਾਰ ਕੀਤਾ ਜਾਵੇਗਾ। ਭਾਰਤ ਸਰਕਾਰ ਖਪਤਕਾਰਾਂ ਨੂੰ ਰਾਹਤ ਦੇਣ ਲਈ ਵਚਨਬੱਧ ਹੈ। (Tomato Price)
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਤੇ ਵੱਡੀ ਅਪਡੇਟ
ਨੈਸ਼ਨਲ ਕੋਆਪਰੇਟਿਵ ਕੰਜਿਊਮਰ ਫੈਡਰੇਸ਼ਨ ਆਫ ਇੰਡੀਆ (ਐਨਸੀਸੀਐਫ) ਅਤੇ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ (ਨੈਫੇਡ) ਕੇਂਦਰ ਵੱਲੋਂ ਮੋਬਾਈਲ ਵੈਨਾਂ ਰਾਹੀਂ ਟਮਾਟਰ ਵੇਚ ਰਹੇ ਹਨ। ਕੇਂਦਰੀ ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਟਵੀਟ ਕੀਤਾ, “ਸਬਸਿਡੀ ਵਾਲੇ ਰੇਟਾਂ ’ਤੇ ਟਮਾਟਰਾਂ ਦੀ ਵਿਕਰੀ ਅੱਜ ਤੋਂ ਦਿੱਲੀ ਅਤੇ ਨੋਇਡਾ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਲਖਨਊ, ਪਟਨਾ ਅਤੇ ਮੁਜੱਫਰਪੁਰ ’ਚ ਸ਼ੁਰੂ ਹੋਵੇਗੀ।“ ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਇੱਕ ਬਿਆਨ ’ਚ ਕਿਹਾ ਕਿ ਦਿੱਲੀ-ਐਨਸੀਆਰ ’ਚ ਪ੍ਰਚੂਨ ਖਪਤਕਾਰਾਂ ਨੂੰ ਲਗਭਗ 18,000 ਕਿਲੋ ਟਮਾਟਰ ਵੇਚੇ ਗਏ ਸਨ। ਇਸ ਨੇ ਅੱਗੇ ਕਿਹਾ, ‘‘ਇਸਦਾ ਅਸਰ ਹੋਇਆ ਜਾਪਦਾ ਹੈ ਕਿਉਂਕਿ ਅੱਜ ਆਜਾਦਪੁਰ ਮੰਡੀ ’ਚ (ਥੋਕ) ਕੀਮਤਾਂ ’ਚ ਭਾਰੀ ਗਿਰਾਵਟ ਆਈ ਹੈ ਅਤੇ ਪ੍ਰਚੂਨ ਮੁੱਲ ’ਚ ਮਾਮੂਲੀ ਗਿਰਾਵਟ ਆਈ ਹੈ।’’ (Tomato Price)
ਵਿਭਾਗ ਨੇ ਕਿਹਾ, “ਅਸੀਂ ਅੱਜ ਲਖਨਊ ’ਚ ਵਿਕਰੀ ਸ਼ੁਰੂ ਕੀਤੀ ਅਤੇ 7,000 ਕਿਲੋਗ੍ਰਾਮ ਵੇਚੇ ਗਏ। ਕੱਲ੍ਹ, ਦਿੱਲੀ ਅਤੇ ਲਖਨਊ ’ਚ ਦਖਲ ਜਾਰੀ ਰੱਖਦੇ ਹੋਏ, ਅਸੀਂ ਕਾਨਪੁਰ ਦੇ ਪ੍ਰਚੂਨ ਬਾਜਾਰ ’ਚ ਵੀ ਦਖਲ ਦੇਵਾਂਗੇ। ਖਪਤਕਾਰ ਮਾਮਲਿਆਂ ਦੇ ਵਿਭਾਗ ਦੁਆਰਾ ਇਕੱਤਰ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਸ਼ਨਿੱਚਰਵਾਰ ਨੂੰ ਟਮਾਟਰ ਦੀ ਔਸਤ ਅਖਿਲ ਭਾਰਤੀ ਪ੍ਰਚੂਨ ਕੀਮਤ 116.86 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜਦੋਂ ਕਿ ਵੱਧ ਤੋਂ ਵੱਧ ਰੇਟ 250 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਨਿਊਨਤਮ ਰੇਟ 25 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਟਮਾਟਰ ਦੀ ਮਾਡਲ ਕੀਮਤ 100 ਰੁਪਏ ਪ੍ਰਤੀ ਕਿਲੋ ਹੈ। ਮਹਾਨਗਰਾਂ ’ਚ, ਟਮਾਟਰ ਦੀ ਕੀਮਤ ਦਿੱਲੀ ’ਚ 178 ਰੁਪਏ ਪ੍ਰਤੀ ਕਿਲੋਗ੍ਰਾਮ, ਮੁੰਬਈ ’ਚ 150 ਰੁਪਏ ਪ੍ਰਤੀ ਕਿਲੋ ਅਤੇ ਚੇਨਈ ’ਚ 132 ਰੁਪਏ ਪ੍ਰਤੀ ਕਿਲੋਗ੍ਰਾਮ ਹੈ। (Tomato Price)