ਸੈਰ-ਸਪਾਟੇ ਲਈ ਵੀ ਸਮੇਂ ‘ਚੋਂ ਕੱਢੋ ਸਮਾਂ

Time, Tourism

ਸੰਦੀਪ ਕੰਬੋਜ

ਮੌਜੂਦਾ ਭੱਜ-ਦੌੜ ਦੀ ਜ਼ਿੰਦਗੀ ਵਿੱਚ ਹਰ ਵਿਅਕਤੀ ਕਿਸੇ ਨਾ ਕਿਸੇ ਪਰੇਸ਼ਾਨੀ ਵਿੱਚ ਘਿਰਿਆ ਹੋਇਆ ਹੈ ਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਹੈ। ਜਿਸ ਕਾਰਨ ਸੈਰ-ਸਪਾਟੇ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਸੈਰ-ਸਪਾਟੇ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਹੀ ਸੰਯੁਕਤ ਰਾਸ਼ਟਰ ਮਹਾਂ ਸਭਾ ਨੇ ਸਾਲ 1980 ਵਿੱਚ ਪੂਰੇ ਵਿਸ਼ਵ ਵਿੱਚ ਸੈਰ-ਸਪਾਟੇ ਨੂੰ ਵਧਾਉਣ ਲਈ ਵਿਸ਼ਵ ਸੈਲਾਨੀ ਦਿਵਸ ਮਨਾਉਣ ਦੀ ਸ਼ੁਰੂਆਤ 27 ਸਤੰਬਰ ਨੂੰ ਹੀ ਕੀਤੀ ਸੀ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਹਰ ਸਾਲ ਵਿਸ਼ਵ ਦੇ ਸਾਰੇ ਦੇਸ਼ 27 ਸਤੰਬਰ ਨੂੰ ਵਿਸ਼ਵ ਸੈਲਾਨੀ ਦਿਵਸ ਵਜੋਂ ਮਨਾਉਂਦੇ ਆ ਰਹੇ ਹਨ।

ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਸੈਰ ਸਪਾਟੇ ਦੇ ਨਾਲ ਉਸਦੇ ਰਾਜਨੀਤਕ, ਸਮਾਜਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਪ੍ਰਤੀ ਵਿਸ਼ਵ ਭਾਈਚਾਰੇ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸੈਰ-ਸਪਾਟੇ ਤੋਂ ਆਪਣੀ ਆਮਦਨ ਵਧਾਉਣਾ ਹੁੰਦਾ ਹੈ। ਸੈਰ-ਸਪਾਟੇ ਦੀ ਕਿਸੇ ਵੀ ਦੇਸ਼ ਦੇ ਸਮਾਜਿਕ, ਸੱਭਿਆਚਾਰਕ, ਰਾਜਨੀਤਿਕ ਤੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਅੱਜ ਦੇ ਸਮੇਂ ਵਿੱਚ ਜਿੱਥੇ ਹਰ ਦੇਸ਼ ਦੀ ਪਹਿਲੀ ਜਰੂਰਤ ਅਰਥ ਵਿਵਸਥਾ ਨੂੰ ਮਜ਼ਬੂਤ ਕਰਨਾ ਹੈ, ਉੱਥੇ ਅੱਜ ਸੈਰ-ਸਪਾਟੇ ਕਾਰਨ ਕਈ ਦੇਸ਼ਾਂ ਦੀ ਅਰਥਵਿਵਸਥਾ ਸੈਰ-ਸਪਾਟਾ ਉਦਯੋਗ ਦੇ ਆਲੇ-ਦੁਆਲੇ ਘੁੰਮਦੀ ਹੈ। ਯੂਰਪੀ ਦੇਸ਼, ਕੰਢੀ ਅਫਰੀਕੀ ਦੇਸ਼, ਪੂਰਬੀ ਏਸ਼ੀਆਈ ਦੇਸ਼, ਕੈਨੇਡਾ ਤੇ ਅਸਟ੍ਰੇਲੀਆ ਆਦਿ ਅਜਿਹੇ ਦੇਸ਼ ਹਨ ਜਿੱਥੇ ਸੈਰ-ਸਪਾਟੇ ਦੇ ਉਦਯੋਗ ਤੋਂ ਪ੍ਰਾਪਤ ਆਮਦਨ ਉੱਥੋਂ ਦੀ ਅਰਥਵਿਵਸਥਾ ਨੂੰ ਮਜਬੂਤ ਕਰਦੀ ਹੈ।

ਇਸ ਦਿਨ ਦੀ ਖਾਸੀਅਤ ਇਹ ਹੈ ਕਿ ਇਸ ਦਿਨ ਦੇ ਮਹੱਤਵ ਨੂੰ ਸਮਝਾਉਣ ਲਈ ਵੱਖ-ਵੱਖ ਤਰ੍ਹਾਂ ਦੀ ਥੀਮ ਰੱਖੀ ਜਾਂਦੀ ਹੈ। ਜਿਸ ਲਈ ਹਰ ਭਾਈਚਾਰਾ ਜਾਂ ਫਿਰ ਦੇਸ਼ ਸੈਰ-ਸਪਾਟੇ ਨਾਲ ਜੁੜਣ ਲੱਗਦਾ ਹੈ। ਸੰਨ 1980 ਵਿੱਚ ਪਹਿਲੇ ਵਿਸ਼ਵ ਸੈਲਾਨੀ ਦਿਵਸ ਦੇ ਸੰਸਕ੍ਰਿਤ ਧਰੋਹਰ ਦੀ ਸੁਰੱਖਿਆ ਸੈਰ-ਸਪਾਟੇ ਦੇ ਯੋਗਦਾਨ ਨੂੰ ਥੀਮ ਬਣਾਇਆ ਗਿਆ। ਜਿਸ ਨਾਲ ਕਿ ਸੰਸਕ੍ਰਿਤ ਧਰੋਹਰ ਦੇ ਮਹੱਤਵ ਨੂੰ ਸਮਝਿਆ ਜਾ ਸਕਿਆ। 1981 ਵਿੱਚ ਸੈ- ਸਪਾਟਾ ਤੇ ਜੀਵਨ ਦੇ ਗੁਣ ਨੂੰ ਥੀਮ ਬਣਾਇਆ ਗਿਆ ਸੀ। 1982 ਵਿੱਚ ਸੈਰ ਸਪਾਟੇ ਦੇ ਵਿਕਾਸ ਲਈ ਮਹਿਮਾਨ ਅਤੇ ਮੇਜ਼ਬਾਨ ਦੋਵਾਂ ਦੀ ਭੂਮਿਕਾ ਤੈਅ ਕਰਦੇ ਹੋਏ ਥੀਮ ਯਾਤਰਾ ਲਈ ਚੰਗੇ ਮਹਿਮਾਨ ਤੇ ਮੇਜ਼ਬਾਨ ਰੱਖਿਆ। ਇਹੀ ਨਹੀਂ ਸਮੇਂ ਦੇ ਨਾਲ-ਨਾਲ ਵੀ ਸੈਲਾਨੀ ਦਿਵਸ ਦੇ ਥੀਮ ਵਿੱਚ ਬਦਲਾਅ ਕੀਤਾ ਗਿਆ, ਜਿਵੇਂ 1988 ਦਾ ਥੀਮ ਸੀ, ਸੈਰ-ਸਪਾਟਾ ਸਭ ਲਈ ਸਿੱਖਿਆ, 1994 ਦਾ ਥੀਮ ਸੀ ਗੁਣਾਤਮਕ ਸਟਾਫ- ਗੁਣਾਤਮਕ ਸੈਰ-ਸਪਾਟਾ, 2004 ਵਿੱਚ ਖੇਡਾਂ ਨੂੰ ਸੈਰ ਸਪਾਟੇ ਦੇ ਨਾਲ ਜੋੜਦੇ ਹੋਏ ਖੇਡਾਂ ਤੇ ਸੈਰ-ਸਪਾਟਾ ਨੂੰ ਥੀਮ ਬਣਾਇਆ ਗਿਆ, 2010 ਵਿੱਚ ਸੈਰ ਸਪਾਟਾ ਅਤੇ ਜੈਵਿਕ ਵਿਭਿੰਨਤਾ ਨੂੰ ਥੀਮ ਬਣਾਇਆ ਗਿਆ ਸੀ। 2011 ਵਿੱਚ ਸੈਰ ਸਪਾਟਾ ਅਤੇ ਸੱਭਿਆਚਾਰਕ ਨੂੰ  ਜੋੜਣਾ ਥੀਮ ਰੱਖਿਆ ਗਿਆ। 2013 ਲਈ ਥੀਮ ਸੈਰ ਸਪਾਟਾ ਅਤੇ ਪਾਣੀ ਆਪਣੇ ਸਾਂਝੇ ਭਵਿੱਖ ਨੂੰ ਸੁਰੱਖਿਅਤ ਰੱਖਣਾ ਸੀ। 2014 ਲਈ ਥੀਮ ਸੈਰ ਸਪਾਟਾ ਅਤੇ ਕਮਿਊਨਿਟੀ ਵਿਕਾਸ ਰੱਖਿਆ ਗਿਆ।

ਭਾਰਤ ਦੀ ਪੁਰਾਤਨ ਵਿਰਾਸਤ ਜਾਂ ਸੱਭਿਆਚਾਰ ਸਿਰਫ ਦਾਰਸ਼ਨਿਕ ਸਥਾਨ ਲਈ ਨਹੀਂ ਹੁੰਦੀ ਹੈ ਇਸ ਨੂੰ ਆਮਦਨ ਦਾ ਸੋਮਾ ਵੀ ਮੰਨਿਆ ਜਾਂਦਾ ਹੈ ਤੇ ਨਾਲ ਹੀ ਸੈਰ-ਸਪਾਟੇ ਦੇ ਵਿਕਾਸ ਨਾਲ ਕਈ ਲੋਕਾਂ ਦੀ ਰੋਜੀ-ਰੋਟੀ ਜੁੜੀ ਹੁੰਦੀ ਹੈ।ਅੱਜ ਭਾਰਤ ਵਰਗੇ ਦੇਸ਼ਾਂ ਨੂੰ ਦੇਖ ਕੇ ਹੀ ਵਿਸ਼ਵ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਹੀ ਇਤਿਹਾਸਕ ਅਤੇ ਪੁਰਾਤਨ ਇਮਾਰਤਾਂ ਦੀ ਸਾਂਭ-ਸੰਭਾਲ ਕੀਤੀ ਜਾਣ ਲੱਗੀ ਹੈ।ਭਾਰਤ ਦੀ ਸੰਸਕ੍ਰਿਤੀ ਅਤੇ ਕੁਦਰਤੀ ਸੁੰਦਰਤਾ ਇੰਨੀ ਜਿਆਦਾ ਹੈ ਕਿ ਸੈਲਾਨੀ ਜਿਆਦਾ ਸਮੇਂ ਤੱਕ ਇੱਥੋਂ ਦੇ ਸੁੰਦਰ ਨਜ਼ਾਰੇ ਦੇਖਣ ਤੋਂ ਦੂਰ ਨਹੀਂ ਰਹਿ ਸਕਦੇ। ਭਾਰਤੀ ਸੈਲਾਨੀ ਵਿਭਾਗ ਨੇ ਸਤੰਬਰ 2002 ਵਿੱਚ ‘ਅਤੁੱਲ ਭਾਰਤ’ ਨਾਂਅ ਨਾਲ ਇੱਕ ਨਵਾਂ ਅਭਿਆਨ ਸ਼ੁਰੂ ਕੀਤਾ ਸੀ। ਇਸ ਅਭਿਆਨ ਦਾ ਉਦੇਸ਼ ਭਾਰਤੀ ਸੈਰ ਸਪਾਟੇ ਨੂੰ ਵਿਸ਼ਵ ਮੰਚ ਤੱਕ ਪਹੁੰਚਾਉਣਾ ਸੀ, ਜੋ ਕਾਫੀ ਹੱਦ ਤੱਕ ਸਫਲ ਹੋਇਆ।

ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ ਪੰਜਾਬ

ਪੰਜਾਬ ਕਈ ਤਰ੍ਹਾਂ ਦੇ ਸੈਰ-ਸਪਾਟੇ ਤੇ ਮਨੋਰੰਜਨ ਨਾਲ ਭਰਪੂਰ ਸੂਬਾ ਹੈ। ਇਸ ਦੀਆਂ ਨਦੀਆਂ, ਖੇਤਾਂ ਅਤੇ ਜਲਗਾਹਾਂ ਵਾਲੀ ਧਰਤੀ ਕੁਦਰਤੀ ਸੁੰਦਰਤਾ ਦੀ ਅਥਾਹ ਨੁਮਾਇਸ਼ ਪੇਸ਼ ਕਰਦੀ ਹੈ। ਇੱਥੋਂ ਦਾ ਸੱਭਿਆਚਾਰਕ ਖਾਣ-ਪੀਣ, ਰਹਿਣ-ਸਹਿਣ ਅਤੇ ਇਮਾਰਤਸਾਜ਼ੀ ਸਭ ਕੁਝ ਇੱਥੋਂ ਦੀ ਧਾਰਮਿਕ ਵਿਰਾਸਤ ਤੇ ਇਸ ਦੇ ਲੋਕਾਂ ਦੀ ਬਹਾਦਰੀ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਹੋਇਆ ਹੈ। ਪੰਜਾਬ ਦੀਆਂ ਵੱਖ-ਵੱਖ ਵਿਰਾਸਤੀ ਇਮਾਰਤਾਂ ਅਤੇ ਇੱਥੋਂ ਦਾ ਅਮੀਰ ਸੱਭਿਆਚਾਰ ਕੌਮੀ ਤੇ ਕੌਮਾਂਤਰੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਰਿਹਾ ਹੈ। ਇਹ ਇੱਕ ਅਜਿਹਾ ਸੂਬਾ ਹੈ, ਜਿਹੜਾ ਤੁਹਾਨੂੰ ਵਿਅਕਤੀਗਤ ਸੈਰ-ਸਪਾਟੇ ਲਈ ਆਕਰਸ਼ਿਤ ਕਰੇਗਾ। ਖਾਣ-ਪੀਣ, ਤੀਰਥ ਸਥਾਨ, ਵਿਰਾਸਤੀ ਥਾਵਾਂ ਤੇ ਪੇਂਡੂ ਰਹਿਣ-ਸਹਿਣ ਤੋਂ ਲੈ ਕੇ ਬਾਜ਼ਾਰਾਂ ਤੱਕ ਦੀ ਖਰੀਦਦਾਰੀ ਲਈ ਹਰੇਕ ਸੈਲਾਨੀ ਲਈ ਇੱਥੇ ਕੁਝ ਨਾ ਕੁਝ ਮੌਜੂਦ ਹੈ। ਪੰਜਾਬ ਦੀ ਜਰਖੇਜ਼ ਧਰਤੀ ਇੱਥੋਂ ਦੇ ਅਨੁਭਵ ਵਿਚ ਹੋਰ ਵੀ ਵਾਧਾ ਕਰਦੀ ਹੈ। ਹਰੇ-ਭਰੇ ਤੇ ਸੁਨਹਿਰੀ ਮੈਦਾਨਾਂ ਤੋਂ ਲੈ ਕੇ ਪਿੰਡਾਂ ਅਤੇ ਸ਼ਹਿਰਾਂ ਵਿਚ ਗੁਰਦੁਆਰਾ ਸਾਹਿਬ ਦੀਆਂ ਖੂਬਸੂਰਤ ਇਮਾਰਤਾਂ ਸਿੱਖ ਸੱਭਿਆਚਾਰ ਤੇ ਸਿੱਖ ਧਰਮ ਦੇ ਸਤਿਕਾਰ ਵਿਚ ਸ਼ਾਨ ਨਾਲ ਖੜ੍ਹੀਆਂ ਹਨ।

ਵਿਰਾਸਤੀ ਮਹੱਲ ਇੱਥੋਂ ਦੀਆਂ ਰਿਆਸਤਾਂ ਦੀ ਅਮੀਰੀ ਬਾਰੇ ਆਪ-ਮੁਹਾਰੇ ਹੀ ਗੱਲ ਕਰਦੇ ਹਨ। ਲੰਡਨ ਬੁੱਕ ਆਫ ਵਰਲਡ ਰਿਕਾਰਡਜ਼ ਮੁਤਾਬਿਕ ਅੰਮ੍ਰਿਤਸਰ ਵਿਚ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੂਰੀ ਦੁਨੀਆ ਵਿਚੋਂ ਸਭ ਤੋਂ ਵੱਧ ਸੈਲਾਨੀ ਨਤਮਸਤਕ ਹੋਣ ਲਈ ਆਉਂਦੇ ਹਨ। ਇਸ ਤੋਂ ਇਲਾਵਾ ਸੂਬੇ ਵਿਚ ਹੋਰ ਵੀ ਕਈ ਇਤਿਹਾਸਕ ਗੁਰਦੁਆਰਾ ਸਾਹਿਬ ਇੱਥੋਂ ਦੀ ਵਿਰਾਸਤ ਨੂੰ ਸੰਭਾਲੇ ਹੋਏ ਹਨ।

ਪੰਜਾਬ ਵਿਚ ਵੱਖ-ਵੱਖ ਮਾਨਤਾਵਾਂ ਨਾਲ ਸਬੰਧਿਤ ਤਿਉਹਾਰਾਂ ਤੇ ਮੇਲਿਆਂ ਦੇ ਰੰਗ ਵੇਖਣ ਨੂੰ ਮਿਲਦੇ ਹਨ। ਮੌਸਮੀ ਤਿਉਹਾਰ, ਧਾਰਮਿਕ ਮੇਲਿਆਂ (ਹੋਲਾ ਮਹੱਲਾ) ਇਸ ਤੋਂ ਇਲਾਵਾ ਕਿਲ੍ਹਾ ਰਾਏਪੁਰ ਵਿਖੇ ਪੇਂਡੂ ਓਲੰਪਿਕਸ ਤੇ ਤੀਆਂ ਦਾ ਤਿਉਹਾਰ ਸੈਲਾਨੀਆਂ ਲਈ ਵੱਡੀ ਖਿੱਚ ਦਾ ਕੇਂਦਰ ਬਣਦੇ ਹਨ। ਪੰਜਾਬ ਦਾ ਪੇਂਡੂ ਸੱਭਿਆਚਾਰ ਇਸ ਦਾ ਵੱਡਾ ਮਾਣ ਹੈ।ਇੱਥੋਂ ਦੀ ਅਸਧਾਰਨ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਦੇ ਦਿਲਾਂ ਵਿਚ ਸੈਲਾਨੀਆਂ ਲਈ ਇੱਕ ਵੱਖਰਾ ਹੀ ਉਤਸ਼ਾਹ ਦੇਖੋਗੇ। ਇਥੋਂ ਦੇ ਵਸਨੀਕਾਂ ਵਲੋਂ ਕੀਤੀ ਜਾਂਦੀ ਮਹਿਮਾਨ ਨਿਵਾਜ਼ੀ ਤਾਂ ਪੂਰੀ ਦੁਨੀਆ ਵਿਚ ਮਸ਼ਹੂਰ ਹੈ।

ਪੰਜਾਬ ਦਾ ਖਾਣ-ਪੀਣ ਸਭ ਤੋਂ ਜ਼ਿਆਦਾ ਆਕਰਸ਼ਣ ਪੈਦਾ ਕਰਦਾ ਹੈ। ਦੁੱਧ, ਘਿਓ ਤੇ ਮੱਖਣਾਂ ਵਾਲੀ ਇਸ ਧਰਤੀ ‘ਤੇ ਖਾਣ-ਪੀਣ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ। ਇੱਥੋਂ ਦਾ ਵਿਰਾਸਤੀ ਖਾਣ-ਪੀਣ ਅਤੇ ਉਨ੍ਹਾਂ ਨੂੰ ਬਣਾਉਣ ਦੇ ਵਿਲੱਖਣ ਤਰੀਕੇ ਸੈਲਾਨੀਆਂ ਨੂੰ ਕਾਫੀ ਚੰਗੇ ਲੱਗਦੇ ਹਨ। ਪੰਜਾਬ ਵਿਚ ਤੁਸੀਂ ਜ਼ਿੰਦਗੀ ਨੂੰ ਭਰਪੂਰ ਜਿਉਂਦੇ ਹੋ ਤੇ ਇਹ ਤੁਹਾਡੇ ਘੁੰਮਣ-ਫਿਰਨ ਦੇ ਤਜਰਬੇ ਵਿਚ ਚੋਖਾ ਵਾਧਾ ਕਰਦਾ ਹੈ।

ਗੋਲੂ ਕਾ ਮੋੜ, ਫਿਰੋਜ਼ਪੁਰ