ਪੰਜਾਬ ਵਿੱਚ ਟਿੱਡੀ ਦਲ ਦੇ ਹਮਲੇ ਦਾ ਨਹੀਂ ਕੋਈ ਮਾਮਲਾ, ਰਾਜਸਥਾਨ ‘ਚ ਅਸਰ

Tiddi dal became source trouble

ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ-ਖੇਤੀਬਾੜੀ ਸਕੱਤਰ

ਰਾਜਸਥਾਨ ਦੇ ਨਾਲ ਲੱਗਦੇ ਜ਼ਿਲਿਆਂ ਵਿੱਚ 24 ਘੰਟੇ ਨਿਗਰਾਨੀ ਰੱਖਣ ਦੇ ਹੁਕਮ ਜਾਰੀ

ਚੰਡੀਗੜ, (ਅਸ਼ਵਨੀ ਚਾਵਲਾ) ਸੂਬੇ ਦੇ ਖੇਤੀਬਾੜੀ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਵਿਭਾਗ ਵੱਲੋਂ ਕੀਤੇ ਗਏ ਸਰਵੇਖਣ ਅਨੁਸਾਰ ਹੁਣ ਤੱਕ ਪੰਜਾਬ ਵਿੱਚ ਟਿੱਡੀ ਦਲ ਦੇ ਹਮਲੇ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ  ਅੱਜ ਇੱਥੇ  ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਨੇ ਕਿਸਾਨਾਂ ਨੂੰ ਨਾ ਘਬਰਾਉਣ ਦੀ ਸਲਾਹ ਦਿੱਤੀ ਕਿਉਂਕਿ ਵਿਭਾਗ ਦੇ ਅਧਿਕਾਰੀ ਰਾਜਸਥਾਨ ਅਤੇ ਭਾਰਤ ਸਰਕਾਰ ਦੇ ਖੇਤੀਬਾੜੀ ਮਾਹਿਰਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ, ਜੋ ਕਿ ਰਾਜਸਥਾਨ ਵਿੱਚ ਸਥਿਤੀ ‘ਤੇ 24 ਘੰਟੇ ਨਿਗਰਾਨੀ ਰੱਖ ਰਹੇ ਹਨ।

ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਇਸ ਸਬੰਧੀ ਕਿਸੇ ਵੀ ਤਰਾਂ ਦੇ ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸਬੰਧੀ ਕੀਤੇ ਗਏ ਪ੍ਰਬੰਧਾਂ ਅਤੇ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਖੇਤੀਬਾੜੀ ਸਕੱਤਰ ਨੇ ਦੱਸਿਆ ਕਿ ਪੰਜਾਬ ਵਿੱਚ ਟਿੱਡੀ ਦਲ ਦੇ ਹਮਲੇ ਦਾ ਕੋਈ ਖ਼ਤਰਾ ਨਹੀਂ ਫਿਰ ਵੀ ਵਿਭਾਗ ਨੇ ਸਥਿਤੀ ‘ਤੇ ਤਿੱਖੀ ਨਜ਼ਰ ਰੱਖਣ ਅਤੇ ਸਰਹੱਦੀ ਜ਼ਿਲਿਆਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦਾ ਲਗਾਤਾਰ ਸਰਵੇਖਣ ਕਰਨ ਲਈ ਨਿਗਰਾਨ ਅਤੇ ਸਰਵੇਖਣ ਟੀਮਾਂ ਪਹਿਲਾਂ ਹੀ ਇਸ ਇਸ ਕਾਰਜ ਵਿੱਚ ਲਾ ਦਿੱਤੀਆਂ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਟਿੱਡੀ ਦਲ ਟਿੱਡੀਆਂ ਦਾ ਇੱਕ ਝੁੰਡ ਹੁੰਦਾ ਹੈ ਅਤੇ ਜਿੱਥੇ ਵੀ ਬੈਠਦਾ ਹੈ, ਹਰਿਆਲੀ ਖ਼ਤਮ ਕਰ ਦਿੰਦਾ ਹੈ, ਭਾਵੇਂ ਉਹ ਦਰੱਖਤ ਹੋਣ ਜਾਂ ਫਸਲ।

ਪਿਛਲੇ ਕਈ ਦਿਨਾਂ ਤੋਂ ਪਕਿਸਤਾਨ ਵਾਲੇ ਪਾਸਿਓ ਰਾਜਸਥਾਨ ਵਿੱਚ ਇਸ ਟਿੱਡੀ ਦਲ ਨੇ ਹਮਲਾ ਕੀਤਾ ਸੀ। ਹਾਲਾਂਕਿ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੇ ਯਤਨਾਂ ਨਾਲ ਇਸ ਹਮਲੇ ‘ਤੇ ਕੰਟਰੋਲ ਕਰ ਲਿਆ ਗਿਆ ਹੈ। ਰਾਜਸਥਾਨ ਦੇ ਅਨੂਪਗੜ ਅਤੇ ਸ੍ਰੀ ਗੰਗਾਨਗਰ ਜ਼ਿਲਿਆਂ ਵਿੱਚ ਵੀ ਇਸ ਟਿੱਡੀ ਦਲ ਦੇ ਕਈ ਝੁੰਡ ਆਏ ਸਨ ਅਤੇ ਰਾਜਸਥਾਨ ਸਰਕਾਰ ਦੇ ਅਧਿਕਾਰੀਆਂ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਇਨਾਂ ਨੂੰ ਪੂਰੀ ਤਰਾਂ ਕੰਟਰੋਲ ਕੀਤਾ ਜਾ ਚੁੱਕਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।