ਵਿਜੀਲੈਂਸ ਜਾਂਚ ਤੋਂ ਪਹਿਲਾਂ ‘ਚੋਰ ਲੈ ਗਏ ਫਾਈਲ’, ਰਾਜਪੁਰਾ ਥਰਮਲ ਪਲਾਂਟ ਦੀ ਫਾਈਲ ਹੋਈ ‘ਗੁੰਮ’

Rajpura thermal plant

ਪਾਵਰਕੌਮ ਲੱਭ ਰਿਹੈ ਫਾਈਲ, ਵਿਜੀਲੈਂਸ ਜਾਂਚ ਚੱਲਣ ਕਰਕੇ ਪਈਆਂ ਭਾਜੜਾਂ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪ੍ਰਾਈਵੇਟ ਰਾਜਪੁਰਾ ਥਰਮਲ ਪਲਾਂਟ (Rajpura thermal plant) ਦੀ ਚੱਲ ਰਹੀ ਵਿਜੀਲੈਂਸ ਜਾਂਚ ਦੌਰਾਨ ਹੀ ਪਾਵਰਕੌਮ ਦੇ ਦਫ਼ਤਰ ਵਿੱਚੋਂ ਇੱਕ ਫਾਈਲ ਹੀ ਗਾਇਬ ਹੋ ਗਈ ਹੈ। ਇਹ ਫਾਈਲ ਗੁੰਮ ਹੋਈ ਹੈ ਜਾਂ ਫਿਰ ਕੋਈ ਇਸ ਨੂੰ ਚੋਰ ਲੈ ਗਏ ਹਨ, ਇਸ ਸਬੰਧੀ ਪਾਵਰਕੌਮ ਦੇ ਅਧਿਕਾਰੀ ਜਾਂਚ ਵਿੱਚ ਲੱਗੇ ਹੋਏ ਹਨ।

ਇਸ ਪੂਰੇ ਮਾਮਲੇ ਵਿੱਚ ਫਿਲਹਾਲ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਦੀ ਥਾਂ ’ਤੇ ਵਿਭਾਗ ਵੱਲੋਂ ਆਪਣੇ ਦਫ਼ਤਰ ਵਿੱਚ ਹੀ ਫਾਈਲ ਨੂੰ ਲੱਭਿਆ ਜਾ ਰਿਹਾ ਹੈ ਫਾਈਲ ਨਾ ਮਿਲਣ ਕਰਕੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਭਾਜੜਾਂ ਪਈਆਂ ਹੋਈਆਂ ਹਨ। ਹਾਲਾਂਕਿ ਇੱਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਫਾਈਲ ਨਾਲ ਵਿਜੀਲੈਂਸ ਜਾਂਚ ਵਿੱਚ ਕੋਈ ਜ਼ਿਆਦਾ ਅਸਰ ਨਹੀਂ ਪੈਣਾ ਹੈ ਪਰ ਉਹ ਇਹ ਵੀ ਮੰਨ ਰਹੇ ਹਨ ਕਿ ਰਾਜਪੁਰਾ ਪਾਵਰ ਪ੍ਰੋਜੈਕਟ ਦੀ ਬਿਡਿੰਗ ਦੀ ਪਹਿਲੀ ਫਾਈਲ ਹੋਣ ਕਰਕੇ ਇਹ ਰਿਕਾਰਡ ਦਾ ਅਹਿਮ ਹਿੱਸਾ ਵੀ ਹੈ।

ਕੋਈ ਵੀ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ, ਸਾਰਿਆਂ ਨੇ ਵੱਟੀ ਚੁੱਪ | Rajpura thermal plant

ਜਾਣਕਾਰੀ ਅਨੁਸਾਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਵਿੱਚ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਹੋਏ ਪ੍ਰਾਈਵੇਟ ਬਿਜਲੀ ਸਮਝੌਤਿਆਂ ਦੀ ਜਾਂਚ ਸ਼ੁਰੂ ਕੀਤੀ ਹੋਈ ਹੈ। ਇਹ ਜਾਂਚ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ ਅਤੇ ਵਿਜੀਲੈਂਸ ਵਿਭਾਗ ਵੱਲੋਂ ਹਰ ਬਿਜਲੀ ਸਮਝੌਤੇ ਦੀ ਸ਼ੁਰੂਆਤ ਤੋਂ ਲੈ ਕੇ ਪ੍ਰੋਜੈਕਟ ਦੀ ਹੁਣ ਤੱਕ ਦੀ ਫਾਈਲ ਰਿਪੋਰਟ ਪਾਵਰਕੌਮ ਤੋਂ ਮੰਗੀ ਹੋਈ ਹੈ।

ਪਾਵਰਕੌਮ ਵੱਲੋਂ ਇਨ੍ਹਾਂ ਸਾਰੇ ਪ੍ਰਾਈਵੇਟ ਥਰਮਲ ਪਲਾਂਟ ਦੀਆਂ ਸਾਰੀਆਂ ਫਾਈਲਾਂ ਨੂੰ ਵਿਜੀਲੈਂਸ ਨੂੰ ਸੌਂਪਿਆ ਵੀ ਜਾ ਰਿਹਾ ਹੈ ਪਰ ਇਸ ਦੌਰਾਨ ਹੀ ਰਾਜਪੁਰਾ ਥਰਮਲ ਪਲਾਂਟ ਲਈ 28 ਮਈ 2008 ਤੋਂ 24 ਜੁਲਾਈ 2008 ਤੱਕ ਕੀਤੀ ਗਈ ਪਹਿਲੀ ਬਿਡਿੰਗ ਦੀ ਫਾਈਲ ਨੰਬਰ ਡੀਟੀਪੀ 57 ਦਾ ਭਾਗ 3 ਦਫ਼ਤਰੀ ਰਿਕਾਰਡ ਵਿੱਚੋਂ ਹੀ ਗਾਇਬ ਚੱਲ ਰਿਹਾ ਹੈ।

Indigo Airlines : ਯਾਤਰੀ ਦੇਣ ਧਿਆਨ, 12 ਘੰਟੇ ਲੇਟ ਇਹ ਉਡਾਣ

ਪਾਵਰਕੌਮ ਵੱਲੋਂ ਇਸ ਫਾਈਲ ਨੂੰ ਲੱਭਣ ਲਈ ਆਪਣੇ ਵਿਭਾਗ ਦੇ ਹਰ ਦਫ਼ਤਰ ਨੂੰ ਸੂਚਨਾ ਭੇਜੀ ਹੈ ਕਿ ਜੇਕਰ ਉਨ੍ਹਾਂ ਦੇ ਦਫ਼ਤਰ ਵਿੱਚ ਗਲਤੀ ਨਾਲ ਇਹ ਫਾਈਲ ਚਲੀ ਗਈ ਹੈ ਤਾਂ ਤੁਰੰਤ ਇਸ ਨੂੰ ਵਾਪਸ ਭੇਜਿਆ ਜਾਵੇ। ਵਿਭਾਗ ਸ਼ੁਰੂਆਤੀ ਦੌਰ ਵਿੱਚ ਆਪਣੇ ਹੀ ਦਫ਼ਤਰਾਂ ਵਿੱਚ ਫਾਈਲ ਨੂੰ ਲੱਭਣ ਲੱਗਿਆ ਹੋਇਆ ਹੈ ਅਤੇ ਜੇਕਰ ਅਗਲੇ ਇੱਕ-ਦੋ ਦਿਨਾਂ ਵਿੱਚ ਫਾਈਲ ਦਾ ਪਤਾ ਨਾ ਲੱਗਾ ਤਾਂ ਇਸ ਦੀ ਪੁਲਿਸ ਨੂੰ ਚੋਰੀ ਦੀ ਸ਼ਿਕਾਇਤ ਵੀ ਦਰਜ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਗੁੰਮ ਹੋਈ ਫਾਈਲ ਨਾਲ ਵਿਜੀਲੈਂਸ ਜਾਂਚ ਵਿੱਚ ਪਵੇਗਾ ਅਸਰ

ਵਿਜੀਲੈਂਸ ਵੱਲੋਂ ਪ੍ਰਾਈਵੇਟ ਥਰਮਲ ਪਲਾਂਟ ਲਈ ਕੀਤੀ ਜਾ ਰਹੀ ਜਾਂਚ ਵਿੱਚ ਇਸ ਫਾਈਲ ਦੇ ਗੁੰਮ ਹੋਣ ਕਰਕੇ ਕਾਫ਼ੀ ਜ਼ਿਆਦਾ ਅਸਰ ਪਵੇਗਾ, ਕਿਉਂਕਿ ਪ੍ਰੋਜੈਕਟ ਦੇ ਪਹਿਲੀ ਬਿਡਿੰਗ ਤੋਂ ਹੀ ਵਿਜੀਲੈਂਸ ਨੂੰ ਜਾਂਚ ਸ਼ੁਰੂ ਕਰਨੀ ਹੈ। ਰਾਜਪੁਰਾ ਥਰਮਲ ਪਲਾਂਟ ਦੀ ਪਹਿਲੀ ਬਿਡਿੰਗ ਦੀ ਹੀ ਫਾਈਲ ਗੁੰਮ ਹੋਣ ਕਰਕੇ ਜਾਂਚ ਵਿੱਚ ਦੇਰੀ ਵੀ ਸੰਭਵ ਮੰਨੀ ਜਾ ਰਹੀ ਹੈ।

ਵਿਜੀਲੈਂਸ ਦੀ ਜਾਂਚ ਸ਼ੁਰੂ ਹੁੰਦੈ ਹੀ ਗੁੰਮ ਹੋ ਰਹੀਆਂ ਹਨ ਫਾਈਲਾਂ

ਵਿਜੀਲੈਂਸ ਦੀ ਜਾਂਚ ਸ਼ੁਰੂ ਹੋਣ ਤੋਂ ਬਾਅਦ ਦਫ਼ਤਰੀ ਰਿਕਾਰਡ ਵਿੱਚੋਂ ਫਾਈਲ ਗੁੰਮ ਹੋਣ ਦਾ ਇਹ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਵੱਖ-ਵੱਖ ਵਿਭਾਗਾਂ ਵਿੱਚ ਜਾਂਚ ਸ਼ੁਰੂ ਹੋਣ ਦੇ ਨਾਲ ਹੀ ਫਾਈਲਾਂ ਗੁੰਮ ਹੁੰਦੀ ਆਈਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਹੀ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਵਿੱਚ ਇੱਕ ਜਾਂਚ ਦੌਰਾਨ ਫਾਈਲਾਂ ਗੁੰਮ ਹੋ ਗਈਆਂ ਸਨ, ਜਿਸ ਸਬੰਧੀ ਪੁਲਿਸ ਤੱਕ ਸ਼ਿਕਾਇਤ ਪੁੱਜ ਗਈ ਸੀ। ਹੁਣ ਤੱਕ ਉਨ੍ਹਾਂ ਨੂੰ ਫਾਈਲਾਂ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਕਿ ਉਹ ਵਿਭਾਗ ਨੂੰ ਮਿਲ ਵੀ ਗਈਆਂ ਹਨ ਜਾਂ ਫਿਰ ਹੁਣ ਤੱਕ ਗੁੰਮ ਹੀ ਹਨ।

IMD Alert : ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਮੌਸਮ ਵਿਭਾਗ ਦੀ ਇਹ ਭਵਿੱਖਬਾਣੀ ਜ਼ਰੂਰ ਪੜ੍ਹ ਲਵੋ….