ਥਰਮਲ ਮਾਮਲਾ : ਹੁਣ ਪੰਜਾਬ ਸਰਕਾਰ ਨੂੰ ਘੇਰੇਗਾ ਮਹਿਲਾ ਬ੍ਰਿਗੇਡ

Thermal, Women, Brigade, Cover, Punjab, Government

ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਥਰਮਲ ਬੰਦ ਕਰਨ ਦੇ ਮਾਮਲੇ ‘ਚ ਪੰਜਾਬ ਸਰਕਾਰ ਨੂੰ ਹੁਣ ‘ਮਹਿਲਾ ਬ੍ਰਿਗੇਡ’ ਵੱਲੋਂ ਘੇਰਿਆ ਜਾਵੇਗਾ ਅਤੇ ਖਾਸ ਨਿਸ਼ਾਨਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਣਨਗੇ ਬਠਿੰਡਾ ਦੇ ‘ਥਰਮਲ ਬਚਾਓ ਪੱਕੇ ਮੋਰਚੇ’ ਵਿੱਚ ਡਟੀਆਂ ਔਰਤਾਂ  ਨੇ ਚੁੱਲ੍ਹੇ ਚੌਕੇ ਛੱਡ ਦਿੱਤੇ ਹਨ ਅਤੇ ਉਹ ਥਰਮਲ ਦੀ ਜੂਹ ਨੂੰ ਸਿਆਸੀ ਹੱਲੇ ਤੋਂ ਬਚਾਉਣ ਲਈ ਘਰਾਂ ਦੀ ਦਹਿਲੀਜ਼ ਤੋਂ ਬਾਹਰ ਕੁੱਦੀਆਂ ਹਨ ਅੱਜ ਤੋਂ ਥਰਮਲ ਮੁਲਾਜ਼ਮਾਂ ਦੇ ਪਰਿਵਾਰਾਂ ਦੀਆਂ ਔਰਤਾਂ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਲੱਗਿਆ ‘ਥਰਮਲ ਬਚਾਓ ਪੱਕਾ ਮੋਰਚਾ’ ਲਾਉਣ ਦਾ ਜਿੰਮਾ ਸਾਂਭ ਲਿਆ ਹੈ।

ਅੱਜ ਮੋਰਚੇ ਦੇ 65ਵੇਂ ਦਿਨ ਥਰਮਲ ਮੁਲਾਜਮ 15 ਤਰੀਕ ਦੇ ਪਟਿਆਲਾ ਧਰਨੇ ਲਈ ਪਿੰਡਾਂ ‘ਚ ਲਾਮਬੰਦੀ ਕਰਨ ‘ਚ ਜੁਟ ਗਏ ਹਨ ਮਹਿਲਾ ਬ੍ਰਿਗੇਡ ਵੱਲੋਂ ਸਰਕਾਰ ਖ਼ਿਲਾਫ਼ ਮੋਰਚਾ ਲਾਉਣ ਕਾਰਨ ਜਿਲ੍ਹਾ ਪ੍ਰਸ਼ਾਸਨ ਲਈ ਇਹ ਔਰਤਾਂ  ਸਿਰਦਰਦੀ ਬਣ ਗਈਆਂ ਹਨ ਕੱਚੇ ਕਾਮਿਆਂ ਦੀ ਗੈਰਮੌਜੂਦਗੀ ‘ਚ ਇੰਨ੍ਹਾਂ ਔਰਤਾਂ ਨੇ ਸੰਘਰਸ਼ੀ ਲੋਅ ਮੱਠੀ ਨਾ ਪੈਣ ਦੇਣ ਦਾ ਫੈਸਲਾ ਲਿਆ ਹੈ ਕਈ ਔਰਤਾਂ ਨੇ ਤਾਂ ਪਹਿਲੀ ਦਫ਼ਾ ਥਰਮਲ ਬਚਾਓ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਹੈ।

ਕੱਚੇ ਕਾਮਿਆਂ ਦਾ ਪ੍ਰਧਾਨ ਅਸ਼ਵਨੀ ਕੁਮਾਰ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਖਿਲਾਫ ਲੜਾਈ ਲੜ ਰਿਹਾ ਹੈ ਅੱਜ ਤੋਂ ਉਸ ਦੀ ਪਤਨੀ ਸ਼ਿੰਦਰਪਾਲ ਕੌਰ ਮੋਰਚੇ ਦੀ ਸਟੇਜ ਸੰਭਾਲਣ ਲਈ ਅੱਗੇ ਆ ਗਈ ਹੈ ਮਹਿਲਾ ਸ਼ਿੰਦਰਪਾਲ ਕੌਰ ਨੇ ਬੁਲੰਦ ਜਜਬੇ ਨਾਲ ਕਿਹਾ ਕਿ ਜੇਕਰ ਥਰਮਲ ਚਾਲੂ ਕਰਵਾਉਣਾ ਹੈ ਤਾਂ ਲੜਨਾ ਹੀ ਪੈਣਾ ਹੈ ਉਸ ਨੇ ਕਿਹਾ ਕਿ ਅੱਜ ਉਹ ਔਰਤਾਂ ਵੀ  ਮੋਰਚੇ ਵਿੱਚ ਪੁੱਜ ਰਹੀਆਂ  ਹਨ, ਜਿਨ੍ਹਾਂ ਨੇ ਸ਼ੁਰੂ ਤੋਂ ਹੀ ਸੰਘਰਸ਼ਾਂ ਵਿੱਚ ਭਾਗ ਲਿਆ ਹੈ ਜਦੋਂਕਿ ਕਾਫ਼ੀ ਔਰਤਾਂ ਨੇ ਪਹਿਲੀ ਦਫ਼ਾ ਸੰਘਰਸ਼ ਵਿੱਚ ਹਾਜ਼ਰੀ ਲਵਾਈ ਹੈ।

ਇਹ ਵੀ ਪੜ੍ਹੋ : ਸੀਐਮਸੀ ਡਕੈਤੀ : ਲੁਧਿਆਣਾ ਪੁਲਿਸ ਨੇ ਇੱਕ ਹੋਰ ਨੂੰ ਕਾਬੂ ਕਰਕੇ 75 ਲੱਖ ਕੀਤੇ ਬਰਾਮਦ

ਥਰਮਲ ਮੁਲਾਜਮ ਆਗੂ ਕਰਮਜੀਤ ਸਿੰਘ ਦਿਉਣ ਦੇ ਪਤਨੀ ਰਾਣੀ ਕੌਰ ਵੀ ਅੱਜ ਤੋਂ ਮੋਰਚੇ ਦੀ ਕਮਾਂਡ ਸੰਭਾਲਣ ਵਾਲਿਆਂ ‘ਚ ਸ਼ਾਮਲ ਹੋ ਗਈ ਹੈ ਉਸ ਨੇ ਆਖਿਆ ਕਿ ਮਹਿਲਾ ਬ੍ਰਿਗੇਡ ਬਣਾਏ ਵੱਲੋਂ ਆਉਂਦੇ ਦਿਨਾਂ ਵਿੱਚ ਹਾਕਮ ਧਿਰ ਕਾਂਗਰਸ ਸਰਕਾਰ ਦਾ ਰੋਸ ਮਾਰਚਾਂ ਅਤੇ ਧਰਨਿਆ ਰਾਹੀਂ ਵਿਰੋਧ ਕੀਤਾ ਜਾਵੇਗਾ ਥਰਮਲ ਮੁਲਾਜ਼ਮ ਪਰਮਿੰਦਰ ਸਿੰਘ ਦੀ ਪਤਨੀ ਗੁਰਮੀਤ ਕੌਰ ਦਾ ਕਹਿਣਾ ਸੀ ਕਿ ਮੁਲਾਜ਼ਮਾਂ ਦੀਆਂ ਵੱਖ ਵੱਖ ਧਿਰਾਂ ਨੇ 15 ਮਾਰਚ ਨੂੰ ਪਾਵਰਕੌਮ  ਦੇ ਪਟਿਆਲਾ ਸਥਿਤ ਮੁੱਖ ਦਫਤਰ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਰੱਖਿਆ ਹੋਇਆ ਹੈ।

ਜਿਸ ਲਈ ਮੁਲਾਜਮ ਪਿੰਡਾਂ ‘ਚ ਗਏ ਹੋਏ ਹਨ ਉਨ੍ਹਾਂ ਦੱਸਿਆ ਕਿ ਪਟਿਆਲਾ ਰੋਸ ਪ੍ਰਦਰਸ਼ਨ ਦੇ ਸਫਲਤਾਪੂਰਵਕ ਨੇਪਰੇ ਚੜ੍ਹਨ ਤੱਕ ਉਹ ਮੋਰਚੇ ਵਾਲੀ ਥਾਂ ਤੋਂ ਅਫਸਰਾਂ ਨੂੰ ਸੁਆਲ ਕਰਨਗੀਆਂ ਮਹਿਲਾ ਵੀਨਾ ਰਾਣੀ ਅਤੇ ਪੂਨਮ ਆਦਿ ਨੇ ਆਖਿਆ ਕਿ ਹੁਣ ਬ੍ਰਿਗੇਡ ਇਨ੍ਹਾਂ ਵਾਅਦਾ ਖਿਲਾਫੀਆਂ ਤੇ ਸਰਕਾਰ ਦੀਆਂ ਬੇਵਫਾਈਆਂ ਦਾ ਹਿਸਾਬ ਲਵੇਗਾ ਉਨ੍ਹਾਂ ਆਖਿਆ ਕਿ ਹੁਣ ਔਰਤਾਂ ਝਾਂਸੀ ਵਾਲੀ ਰਾਣੀ ਦੇ ਰੂਪ ਵਿੱਚ ਸਰਕਾਰ ਨਾਲ ਟੱਕਰਨਗੀਆਂ।

ਔਰਤਾਂ ਨੇ ਸਿੱਖੇ ਸੰਘਰਸ਼ੀ ਦਾਅ ਪੇਚ

ਜਾਣਕਾਰੀ ਅਨੁਸਾਰ ਮੁਲਾਜ਼ਮਾਂ ਦੀਆਂ ਪ੍ਰੀਵਾਰਕ ਮਹਿਲਾਵਾਂ ਨੇ ਤਾਂ ਲੰਘੇ ਦੋ ਮਹੀਨਿਆਂ ਦੌਰਾਨ ਭਾਸ਼ਨ ਕਲਾ ਦੀ ਮੁਹਾਰਤ ਹਾਸਲ ਕਰ ਲਈ ਹੈ ਕਈ ਔਰਤਾਂ ਕੋਲ ਕੋਈ ਵੱਡੀ ਵਿੱਦਿਅਕ ਯੋਗਤਾ ਨਹੀਂ ਹੈ ਪ੍ਰੰਤੂ ਉਨ੍ਹਾਂ ਨੇ ਮੋਰਚੇ ਦੌਰਾਨ ਆਪਣੇ ਜਜ਼ਬੇ ਦਾ ਜਦੋਂ ਮੁਜ਼ਾਹਰਾ ਕੀਤਾ ਤਾਂ ਸਭ ਦੰਗ ਰਹਿ ਗਏ ਪੱਕੇ ਮੋਰਚੇ ਦੌਰਾਨ ਭਾਸ਼ਨ ਦੇ ਰਹੀ ਇੱਕ ਔਰਤ ਨੇ ਆਪਣੀ ਗੱਲ ਥਰਮਲ ਪਲਾਂਟ ਤੋਂ ਸ਼ੁਰੂ ਕਰਕੇ ਪੰਜਾਬ ਸਰਕਾਰ ਦੀ ਕਿਸਾਨਾਂ ਦਾ ਕਰਜਾ ਮੁਆਫ ਨਾ ਕਰਨ, ਮੁਲਾਜ਼ਮਾਂ ਨੂੰ ਤਨਖਾਹਾਂ ਨਾ ਦੇਣ ਅਤੇ ਪਿੰਡ ਪਿੰਡ ‘ਚ ਹੋ ਰਹੀਆਂ ਕਿਸਾਨ ਮਜ਼ਦੂਰ ਖੁਦਕੁਸ਼ੀਆਂ ‘ਤੇ ਆ ਕੇ ਨਿਬੇੜੀ।

ਘਰੇ ਮਰਨ ਨਾਲੋਂ ਸੰਘਰਸ਼ ਨੂੰ ਤਰਜੀਹ

ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਥਰਮਲ ਬੰਦੀ ਦੀ ਸਭ ਤੋਂ ਵੱਡੀ ਮਾਰ ਝੱਲਣੀ ਪਈ ਹੈ ਜਿਸ ਦਾ ਵੱਡਾ ਭਾਰ ਔਰਤਾਂ ਨੂੰ ਸਹਿਣਾ ਪਿਆ ਹੈ ਉਨ੍ਹਾਂ ਦੱਸਿਆ ਕਿ ਔਰਤਾਂ ਅੰਦਰੋਂ ਅੰਦਰੀਂ ਮਾਲੀ ਸੰਕਟ ਨਾਲ ਜੂਝ ਰਹੀਆਂ ਹਨ, ਜਿਸ ਕਰਕੇ ਉਨ੍ਹਾਂ ਨੂੰ ਸੰਘਰਸ਼ ਵਾਸਤੇ ਤਿਆਰ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਔਰਤਾਂ ਮਾਨਸਿਕ ਤੌਰ ‘ਤੇ ਏਨਾ ਤਿਆਰ ਹੋ ਗਈਆਂ  ਹਨ ਕਿ ਉਨ੍ਹਾਂ ਨੂੰ ਘਰਾਂ ਵਿੱਚ ਚੁੱਪ ਬੈਠ ਕੇ ਮਰਨ ਨਾਲੋਂ ਸੰਘਰਸ਼ ਵਿੱਚ ਕੁੱਦਣਾ ਤਰਜੀਹੀ ਲੱਗਣ ਲੱਗਿਆ ਹੈ।