ਬੋਲਬਾਣੀ ਸਬੰਧੀ ਸਹਿਕਾਰੀ ਮੁਲਾਜ਼ਮਾਂ ਤੇ ਸਹਾਇਕ ਰਜਿਸਟਰਾਰ ‘ਚ ਖੜਕੀ

DESCRIPTION, TELECIAL, EMPLOYEES, ASSISTANT, REGISTRAR

ਸਹਿਕਾਰੀ ਮੁਲਾਜ਼ਮਾਂ ਵੱਲੋਂ ਅਧਿਕਾਰੀ ਦਾ ਬਾਈਕਾਟ

  • ਕੇਂਦਰੀ ਸਹਿਕਾਰੀ ਬੈਂਕ ਅੱਗੇ ਪੁਤਲਾ ਸਾੜ ਰੋਸ ਪ੍ਰਗਟਾਇਆ

ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਜ਼ਿਲ੍ਹੇ ਦੇ ਸਹਿਕਾਰੀ ਮੁਲਾਜ਼ਮਾਂ ਅਤੇ ਸਹਿਕਾਰਤਾ ਵਿਭਾਗ ਦੇ ਸਹਾਇਕ ਰਜਿਸਟਰਾਰ ਦਰਮਿਆਨ ਖੜਕ ਗਈ ਹੈ ਮਾਮਲਾ ਸਹਾਇਕ ਰਜਿਸਟਰਾਰ ਦੀ ਬੋਲਬਾਣੀ ਤੋਂ ਭਖਿਆ ਹੈ, ਜਿਸ ਸਬੰਧੀ ਬਠਿੰਡਾ ਜਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਦੀ ਜੱਥੇਬੰਦੀ ਪੇਂਡੂ ਸਹਿਕਾਰੀ ਖੇਤੀਬਾੜੀ ਸਭਾਵਾਂ ਯੂਨੀਅਨ ਨੇ ਅੱਜ ਇਸ ਅਧਿਕਾਰੀ ਦਾ ਬਾਈਕਾਟ ਕਰ ਦਿੱਤਾ ਹੈ।

ਸਹਿਕਾਰੀ ਮੁਲਾਜ਼ਮਾਂ ਨੇ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਸੰਘਰਸ਼ੀ ਰੂਪ-ਰੇਖਾ ਉਲੀਕੀ ਅਤੇ ਦਬਕੇ ਮਾਰਨ ਵਾਲੇ ਅਫਸਰਾਂ  ਨੂੰ ਤਾੜਨਾ ਕੀਤੀ ਹੈ ਕਿ ਉਹ ਆਪਣੀਆਂ ਹਰਕਤਾਂ  ਤੋਂ ਬਾਜ਼ ਆ ਜਾਣ  ਯੂਨੀਅਨ ਦਾ ਵਫਦ ਸਹਾਇਕ ਰਜਿਸਟਰਾਰ ਖਿਲਾਫ ਕਾਰਵਾਈ ਕਰਵਾਉਣ ਲਈ ਡਿਪਟੀ ਰਸਿਜਟਰਾਰ ਬਠਿੰਡਾ ਨੂੰ ਵੀ ਮਿਲਿਆ ਜਦੋਂ ਮਾਮਲਾ ਕਿਸੇ ਤੱਣ ਪੱਤਣ ਨਾ ਲੱਗਿਆ ਤਾਂ ਭੜਕੇ ਮੁਲਾਜ਼ਮਾਂ ਨੇ ਕੇਂਦਰੀ ਸਹਿਕਾਰੀ ਬੈਂਕ ਅੱਗੇ ਪੁਤਲਾ ਸਾੜਕੇ ਰੋਸ ਪ੍ਰਗਟਾਇਆ।

 ਯੂਨੀਅਨ ਨੇ ਡਿਪਟੀ ਰਜਿਸਟਰਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਕਥਿਤ ਤੌਰ ‘ਤੇ ਦਬਕੇ ਮਾਰਨ ਵਾਲੇ ਅਫਸਰ ਖਿਲਾਫ ਐਕਸ਼ਨ ਨਾ ਲਿਆ ਤਾਂ ਉਹ ਸੰਘਰਸ਼ ਭਖਾ ਦੇਣਗੇ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬਿੱਕਰ ਸਿੰਘ ਸਰਾਂ ਦਾ ਕਹਿਣਾ ਸੀ ਕਿ ਸਹਾਇਕ ਰਜਿਸਟਰਾਰ ਸ੍ਰੀ ਹਰਪਾਲ ਸਿੰਘ ਵੱਲੋਂ ਸਭਾਵਾਂ ਦੀ ਚੈਕਿੰਗ ਦੇ ਬਹਾਨੇ ਮੁਲਾਜ਼ਮਾਂ ਨੂੰ ਕਥਿਤ ਤੌਰ ‘ਤੇ ਜਲੀਲ ਕੀਤਾ ਜਾਂਦਾ ਹੈ ਤੇ ਕਥਿਤ ਮੰਦੀ ਭਾਸ਼ਾ ਬੋਲੀ ਜਾਂਦੀ ਹੈ ਜਿਸ ਤੋਂ ਤਾਜ਼ਾ ਪੁਆੜਾ ਪਿਆ ਹੈ। ਉਨ੍ਹਾਂ ਦੋਸ਼ ਲਾਏ ਕਿ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਪ੍ਰਬੰਧਕਾਂ ਅਤੇ ਮੈਂਬਰਾਂ ਨੂੰ ਮੁਲਾਜ਼ਮਾਂ ਖਿਲਾਫ ਭੜਕਾ ਰਹੇ ਹਨ ਜਿਸ ਨਾਲ ਪਿੰਡਾਂ ‘ਚ ਮਹੌਲ ਖਰਾਬ ਹੋ ਰਿਹਾ ਹੈ ਇਸ ਮੌਕੇ ਕੁਝ ਸਭਾਵਾਂ ਦੇ ਪ੍ਰਧਾਨ ਵੀ ਹਾਜ਼ਰ ਸਨ ਜਿਨ੍ਹਾਂ ਨੇ ਸਹਾਇਕ ਰਜਿਸਟਰਾਰ ਦੇ ਵਤੀਰੇ ਅਤੇ ਬੋਲਬਾਣੀ ‘ਤੇ ਉਂਗਲ ਉਠਾਈ ਹੈ ਅਤੇ ਸਹਿਕਾਰੀ ਮੁਲਾਜ਼ਮਾਂ  ਨੂੰ ਕਥਿਤ ਰੋਹਬ ਮਾਰੇ ਜਾਣ ਦੀ ਗੱਲ ਆਖੀ।

ਦਬਕੇ ਮਾਰਨ ਵਾਲਿਆਂ ਦਾ ਘਿਰਾਓ : ਪ੍ਰਧਾਨ

ਯੂਨੀਅਨ ਦੇ ਡਵੀਜਨ ਪ੍ਰਧਾਨ ਜਸਕਰਨ ਸਿੰਘ ਕੋਟਸ਼ਮੀਰ ਦਾ ਕਹਿਣਾ ਸੀ ਕਿ ਜੇਕਰ ਸਹਾਇਕ ਰਜਿਸਟਰਾਰ ਬਠਿੰਡਾ ਸਰਕਲ  ਨੇ ਮੁਲਾਜ਼ਮਾਂ ਨੂੰ ਦਬਕੇ ਮਾਰਨ ਦੀ ਕਾਰਵਾਈ ਬੰਦ ਨਾ ਕੀਤੀ ਤਾਂ ਅਜਿਹੇ ਅਫਸਰ  ਖ਼ਿਲਾਫ਼ ਸਖਤ ਕਦਮ ਚੁੱਕੇ ਜਾਣਗੇ ਉਨ੍ਹਾਂ ਆਖਿਆ ਕਿ ਜੇਕਰ ਕੋਈ ਅਧਿਕਾਰੀ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ‘ਤੇ ਦਬਾਅ ਪਾਉਣ ਲਈ ਆਇਆ ਤਾਂ ਉਸ ਦਾ ਘਰਾਓ ਕੀਤਾ ਜਾਵੇਗਾ ਉਨ੍ਹਾਂ ਮੰਗ ਕੀਤੀ ਕਿ ਸਹਾਇਕ ਰਜਿਸਟਰਾਰ ਹਰਪਾਲ ਸਿੰਘ ਖਿਲਾਫ ਵਿਜੀਲੈਂਸ ਪੜਤਾਲ ਕਰਵਾਈ ਜਾਵੇ ਅਤੇ ਜਦੋਂ ਤੱਕ ਜਾਂਚ ਮੁਕੰਮਲ ਨਹੀਂ ਹੋ ਜਾਂਦੀ ਉਦੋਂ ਤੱਕ ਉਨ੍ਹਾਂ ਦੇ ਸੇਵਾਮੁਕਤੀ ਦੇ ਬਕਾਏ ਰੋਕ ਦਿੱਤੇ ਜਾਣ।

ਦੋਸ਼ ਬੋਬੁਨਿਆਦ: ਸਹਾਇਕ ਰਜਿਸਟਰਾਰ

ਸਹਾਇਕ ਰਜਿਸਟਰਾਰ ਬਠਿੰਡਾ ਸ੍ਰੀ ਹਰਪਾਲ ਸਿੰਘ ਨੇ ਆਪਣੇ ‘ਤੇ ਲਾਏ ਜਾ ਰਹੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਸਭਾਵਾਂ ‘ਚ ਗੈਰਮਿਆਰੀ ਉਤਪਾਦ ਵੇਚਣ ਤੋਂ ਰੋਕਣ ਤੇ ਬੁਖਲਾਹਟ ‘ਚ ਆਏ ਮੁਲਾਜ਼ਮ ਉਨ੍ਹਾਂ ‘ਤੇ ਦਬਾਅ ਪਾਉਣਾ ਚਾਹੁੰਦੇ ਹਨ  ਉਨ੍ਹਾਂ ਆਖਿਆ ਕਿ ਇਸ ਪਿੱਛੇ ਕੁਝ ਪ੍ਰਾਈਵੇਟ ਡੀਲਰਾਂ ਦਾ ਵੀ ਹੱਥ ਹੈ ਜੋ ਆਪਣਾ ਮਾਲ ਵੇਚਣਾ ਚਾਹੁੰਦੇ ਹਨ ਪਰ ਉਹ ਕਿਸੇ ਨੂੰ ਵੀ ਨਿਯਮਾਂ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਦੇਣਗੇ ਤੇ ਸਮੇਂ-ਸਮੇਂ ‘ਤੇ ਚੈਕਿੰਗ ਜਾਰੀ ਰਹੇਗੀ ਉਨ੍ਹਾਂ ਨਰੂਆਣਾ ਸਭਾ ਦੇ ਸਕੱਤਰ ਵੱਲੋਂ ਕੁਤਾਹੀਆਂ ਸਬੰਧੀ ਲਿਖਤੀ ਮੁਆਫੀ ਮੰਗਣ ਦਾ ਦਾਅਵਾ ਵੀ ਕੀਤਾ ਅਤੇ ਕੁਝ ਸਹਿਕਾਰੀ ਸਭਾਵਾਂ ‘ਚ ਕਥਿਤ ਗਬਨ ਦਾ ਸ਼ੱਕ ਵੀ ਜਤਾਇਆ ਹੈ।

ਮਾਮਲਾ ਸਭਾਵਾਂ ਨੂੰ ਚੈਕਿੰਗ ਤੋਂ ਰੋਕਣ ਦਾ: ਡਿਪਟੀ ਰਜਿਸਟਰਾਰ

ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਬਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਅਸਲ ਮਾਮਲਾ ਸੁਸਾਇਟੀਆਂ ਦੀ ਚੈਕਿੰਗ ਤੋਂ ਰੋਕਣ ਅਤੇ ਕਮੇਟੀਆਂ ਨੂੰ ਕਿਸੇ ਕਿਸਮ ਦੀ ਕੋਈ ਵੀ ਗੱਲ ਨਾ ਦੱਸਣ ਤੋਂ ਰੋਕਣ ਦਾ ਹੈ ਉਨ੍ਹਾਂ ਦੱਸਿਆ ਕਿ ਸਹਿਕਾਰੀ ਮੁਲਾਜਮਾਂ ਦਾ ਵਫਦ ਉੱਠ ਕੇ ਚਲਾ ਗਿਆ ਸੀ ਤੇ ਉਸ ਮਗਰੋਂ ਕੋਈ ਗੱਲਬਾਤ ਨਹੀਂ ਹੋਈ ਹੈ।