ਕਿਸੇ ਨੂੰ ਇੱਕ ਬੂੰਦ ਪਾਣੀ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ : ਮੁੱਖ ਮੰਤਰੀ

ਗੜ੍ਹਸ਼ੰਕਰ ਦੇ ਪਿੰਡ ਸਿੰਬਲੀ ’ਚ ਛੋਟੀ ਬੇਈ ਦੇ ਰੇਗੂਲੇਟਰੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਤੋਂ ਬਾਅਦ ਗੱਲਬਾਤ ਕਰਦੇ ਹੋਏ ਸੀਐਮ ਮਾਨ।

ਮੁੱਖ ਮੰਤਰੀ ਨੇ ਗੜ੍ਹਸ਼ੰਕਰ ’ਚ ਰੱਖਿਆ ਛੋਟੀ ਬੇਈ ਦਾ ਨੀਂਹ ਪੱਥਰ

(ਸੱਚ ਕਹੂੰ ਨਿਊਜ਼) ਗੜ੍ਹਸ਼ੰਕਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੜ੍ਹਸ਼ੰਕਰ ਦੇ ਪਿੰਡ ਸਿੰਬਲੀ ’ਚ ਛੋਟੀ ਬੇਈ ਦੇ ਰੇਗੂਲੇਟਰੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਨੀਂਹ ਪੱਥਰ ਰੱਖਣ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ (CM Maan) ਨੇ ਕਿਹਾ ਕਿ ਪੰਜਾਬ ਮਹਾਨ ਗੁਰੂਆਂ ਤੇ ਸੰਤਾਂ ਦੀ ਪਵਿੱਤਰ ਧਰਤੀ ਹੈ, ਜਿਨ੍ਹਾਂ ਸਾਨੂੰ ਵਾਤਾਵਰਨ ਦੀ ਸੰਭਾਲ ਦਾ ਰਾਹ ਦਿਖਾਇਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਨਕਸ਼ੇ-ਕਦਮ ’ਤੇ ਚੱਲਦਿਆਂ ਸੂਬਾ ਸਰਕਾਰ, ਪੰਜਾਬ ਦੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਵੱਡੇ ਪੱਧਰ ’ਤੇ ਮੁਹਿੰਮ ਵਿੱਢੇਗੀ।

ਪੰਜਾਬ ਕੋਲ 34 ਫੀਸਦੀ ਨਹਿਰੀ ਪਾਣੀ ਉਪਲੱਬਧ : CM Maan

ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨ ਲਈ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਲਈ ਵੱਡੇ ਪੱਧਰ ’ਤੇ ਕਦਮ ਚੁੱਕੇ ਹਨ। ਇਸ ਸਮੇਂ ਪੰਜਾਬ ਆਪਣੇ ਕੋਲ ਉਪਲੱਬਧ ਨਹਿਰੀ ਪਾਣੀ ਵਿੱਚੋਂ ਸਿਰਫ਼ 33 ਤੋਂ 34 ਫੀਸਦੀ ਦੀ ਵਰਤੋਂ ਕਰ ਰਿਹਾ ਹੈ ਜਿਸ ਨੂੰ ਆਉਣ ਵਾਲੇ ਦਿਨਾਂ ਵਿੱਚ ਵਧਾ ਕੇ 60 ਫੀਸਦੀ ਕੀਤਾ ਜਾਵੇਗਾ ਜਿਸ ਨਾਲ ਕੁੱਲ 14 ਲੱਖ ਟਿਊਬਵੈੱਲਾਂ ਵਿੱਚੋਂ ਤਕਰੀਬਨ ਚਾਰ ਲੱਖ ਟਿਊਬਵੈੱਲ ਬੰਦ ਹੋ ਸਕਣ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਸੂਬੇ ਭਰ ‘ਚ ਵਧਾਈ ਸੁਰੱਖਿਆ, ਕੱਢਿਆ ਫਲੈਗ ਮਾਰਚ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ-ਕਿਸਾਨ ਮਿਲਣੀ ਦੌਰਾਨ ਹੋਏ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਨਰਮੇ ਦੀ ਫਸਲ ਦੀ ਕਾਸ਼ਤ ਲਈ ਇੱਕ ਅਪਰੈਲ ਤੋਂ ਨਹਿਰੀ ਪਾਣੀ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੀ ਨਰਮਾ ਪੱਟੀ ਵਿੱਚ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਗਿਆ ਤਾਂ ਜੋ ਕਾਸ਼ਤਕਾਰਾਂ ਨੂੰ ਵੱਡੇ ਪੱਧਰ ’ਤੇ ਲਾਭ ਮਿਲ ਸਕੇ।

ਮੁੱਖ ਮੰਤਰੀ ਨੇ ਦੁਹਰਾਇਆ ਕਿ ਸਤਲੁਜ-ਯਮੁਨਾ ਲੰਕ ਐੱਸਵਾਈਐੱਲ ਨਹਿਰ ਦੇ ਪ੍ਰਾਜੈਕਟ ਨੂੰ ਹੁਣ ਯਮੁਨਾ-ਸਤਲੁਜ ਲਿੰਕ ਜਾਂ ਵਾਈਐੱਸਐੱਲ ਵਜੋਂ ਜਾਣਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਪਹਿਲਾਂ ਹੀ ਸੁੱਕ ਚੁੱਕਾ ਹੈ ਅਤੇ ਕਿਸੇ ਨੂੰ ਇੱਕ ਬੂੰਦ ਪਾਣੀ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਭਗਵੰਤ ਮਾਨ ਨੇ ਕਿਹਾ ਕਿ ਇਸ ਦੇ ਉਲਟ ਗੰਗਾ ਤੇ ਯਮੁਨਾ ਦਾ ਪਾਣੀ ਸਤਲੁਜ ਦਰਿਆ ਰਾਹੀਂ ਪੰਜਾਬ ਨੂੰ ਸਪਲਾਈ ਹੋਣਾ ਚਾਹੀਦਾ ਹੈ ਤਾਂ ਕਿ ਸੂਬੇ ਦੀਆਂ ਲੋੜਾਂ ਪੂਰੀਆਂ ਹੋ ਸਕਣ।

ਇਸ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਿਹੜੇ ਪਿੰਡ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨਾਲ ਜੁੜਨ ਦੇ ਇੱਛੁਕ ਹਨ, ਉਨ੍ਹਾਂ ਬਾਰੇ ਕੈਬਨਿਟ ਵੱਲੋਂ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਗੜ੍ਹਸ਼ੰਕਰ ਬਾਈਪਾਸ ਨੂੰ ਅਪਗੇ੍ਰਡ ਤੇ ਮਜ਼ਬੂਤ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ, ਡਿਪਟੀ ਸਪੀਕਰ ਜੈ ਕਿ੍ਰਸ਼ਨ ਰੋੜੀ, ਬਲਬੀਰ ਸਿੰਘ ਸੀਚੇਵਾਲ, ਕੁਲਜੀਤ ਸਿੰਘ ਸਰਹਾਲ, ਲਲਿਤ ਮੋਹਨ ਪਾਠਕ ਆਦਿ ਹਾਜ਼ਰ ਸਨ।