ਫਿਰ ਲੱਗੀਆਂ ਖਾਲੀ ਪਏ ਸਕੂਲਾਂ ’ਚ ਬੱਚਿਆਂ ਦੀਆਂ ਰੌਣਕਾਂ

Schools Sachkahoon

ਫਿਰ ਲੱਗੀਆਂ ਖਾਲੀ ਪਏ ਸਕੂਲਾਂ ’ਚ ਬੱਚਿਆਂ ਦੀਆਂ ਰੌਣਕਾਂ 

ਕੋਰੋਨਾ ਮਹਾਂਮਾਰੀ ਕਾਰਨ ਪਿਛਲੇ ਲਗਭਗ ਇੱਕ ਮਹੀਨੇ ਤੋਂ ਪੰਜਾਬ ਦੇ ਬੰਦ ਪਏ ਸਮੂਹ ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ (Schools) ਵਿੱਚ ਫਿਰ ਤੋਂ ਵਿਦਿਆਰਥੀਆਂ ਦੀਆਂ ਰੌਣਕਾਂ ਲੱਗੀਆਂ। ਜਿਸ ਕਰਕੇ ਸਕੂਲਾਂ ਵਿੱਚ ਸੁੰਨੇ ਪਏ ਵਿਹੜੇ, ਦਰੱਖਤ, ਫੁੱਲ, ਕਮਰੇ, ਬਿਲਡਿੰਗਾਂ, ਗਰਾਊਂਡ, ਕੰਧਾਂ ’ਤੇ ਫਿਰ ਤੋਂ ਬਹਾਰ ਆਵੇਗੀ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 6ਵੀਂ ਤੋਂ 12ਵੀਂ ਜਮਾਤ ਤੱਕ ਸਮੂਹ ਸਕੂਲ 7 ਫਰਵਰੀ ਤੋਂ ਸਵੇਰੇ 9 ਵਜੇ ਤੋਂ ਦੁਪਹਿਰ 3.20 ਵਜੇ ਤੱਕ ਖੋਲ੍ਹਣ ਦੇ ਫੈਸਲੇ ਦਾ ਸਭ ਨੇ ਸਵਾਗਤ ਕੀਤਾ ਹੈ, ਜੇਕਰ ਸਭ ਕੁਝ ਠੀਕ-ਠਾਕ ਰਿਹਾ ਤਾਂ ਬਾਕੀ ਸਾਰੀਆਂ ਜਮਾਤਾਂ ਦੇ ਸਕੂਲ ਵੀ ਜ਼ਲਦੀ ਖੋਲ੍ਹਣ ਦਾ ਐਲਾਨ ਕੀਤਾ। ਹਰ ਇੱਕ ਵਿਦਿਆਰਥੀ, ਮਾਪੇ, ਆਮ ਲੋਕਾਂ ਤੇ ਅਧਿਆਪਕਾਂ ਨੇ ਸਰਕਾਰ ਦੇ ਇਸ ਫੈਸਲੇ ’ਤੇ ਖੁਸ਼ੀ ਪ੍ਰਗਟ ਕੀਤੀ ਹੈ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਮੁੱਚੇ ਸੰਸਾਰ ਵਿੱਚ ਕੋਰੋਨਾ ਮਹਾਂਮਾਰੀ ਦਾ ਹੁਣ ਬਿਲਕੁਲ ਖਾਤਮਾ ਹੋਵੇ ਅਤੇ ਦੁਬਾਰਾ ਕਦੇ ਵੀ ਇਸ ਤਰ੍ਹਾਂ ਦੀ ਆਫ਼ਤ ਨਾ ਆਵੇ।

ਹੁਣ ਪੂਰੇ ਦੇਸ਼ ਅੰਦਰ ਕਿਉਂਕਿ ਲਗਭਗ ਸਭ ਕੰਮ-ਕਾਰ ਸ਼ੁਰੂ ਹੋ ਚੁੱਕੇ ਸਨ, ਸਿਰਫ਼ ਸਕੂਲ (Schools) ਹੀ ਬੰਦ ਸਨ ਜਿਸ ਕਾਰਨ ਲੋਕ ਚਾਹੁੰਦੇ ਸਨ ਕਿ ਸਕੂਲ ਵੀ ਜਲਦੀ ਖੋਲ੍ਹੇ ਜਾਣ, ਹੁਣ ਸਰਕਾਰ ਵੱਲੋਂ ਸਕੂਲ ਖੋਲ੍ਹਣ ਦੇ ਐਲਾਨ ਨਾਲ ਹਰ ਇੱਕ ਪੰਜਾਬੀ ਦੇ ਚਿਹਰੇ ’ਤੇ ਖੁਸ਼ੀ ਆਈ ਹੈ, ਵਿਦਿਆਰਥੀ ਅਤੇ ਮਾਪੇ ਬਹੁਤ ਹੀ ਖੁਸ਼ ਹਨ ਕਿ ਉਹਨਾਂ ਨੂੰ ਸਕੂਲਾਂ ਵਿੱਚ ਹਾਜ਼ਰ ਹੋ ਕੇ, ਦੋਸਤਾਂ ਨੂੰ, ਅਧਿਆਪਕਾਂ ਨੂੰ ਮਿਲ ਕੇ ਸਿੱਖਿਆ ਗ੍ਰਹਿਣ ਕਰਨ ਦਾ ਮੌਕਾ ਮਿਲੇਗਾ। ਇਸੇ ਤਰ੍ਹਾਂ ਸਰਕਾਰ ਨੂੰ ਨਰਸਰੀ ਜਮਾਤ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੀ ਸਕੂਲ ਜਲਦੀ ਖੋਲ੍ਹਣ ਦਾ ਐਲਾਨ ਕਰਨਾ ਚਾਹੀਦਾ ਹੈ ਕਿਉਂਕਿ ਹਰ ਇੱਕ ਇਨਸਾਨ, ਮਾਪੇ, ਬੱਚੇ ਕੋਰੋਨਾ ਮਹਾਂਮਾਰੀ ਦੇ ਭੈਅ ਤੋਂ ਘਰ ਬੈਠ ਕੇ ਅੱਕ ਚੁੱਕੇ ਹਨ। ਸਭ ਸੂਝਵਾਨ ਹਨ ਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈੇ ਬੱਚਿਆਂ ਦੇ ਮਾਸਕ ਲਾ ਕੇ, ਸੈਨੇਟਾਈਜ਼ਰ ਆਦਿ ਦੇ ਕੇ, ਸੋਸ਼ਲ ਡਿਸਟੈਂਸ ਬਣਾ ਕੇ ਰੱਖਣਗੇ ।

ਵਿਕਸਿਤ ਦੇਸ਼ਾਂ ਨੇ ਮਹਾਂਮਾਰੀ ਦੇ ਨਾਲ ਨਿਪਟਦਿਆਂ ਇਹ ਯਕੀਨੀ ਬਣਾਇਆ ਕਿ ਕਿਸੇ ਵੀ ਹਾਲਤ ਵਿੱਚ ਸਕੂਲ (Schools) ਬੰਦ ਨਹੀਂ ਹੋਣੇ ਚਾਹੀਦੇ। ਬਹੁਤੇ ਮੁਲਕਾਂ ਵਿੱਚ ਸਕੂਲ ਪਹਿਲਾਂ ਹੀ ਖੁੱਲ੍ਹੇ ਹੋਏ ਨੇ ਕਿਉਂਕਿ ਸਾਇੰਸਦਾਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਕੋਰੋਨਾ ਦੇ ਛੋਟੇ ਬੱਚਿਆਂ ’ਤੇ ਪ੍ਰਭਾਵ ਨਾ-ਮਾਤਰ ਹਨ। ਕੁੁਝ ਕੁੁ ਨੂੰ ਛੱਡ ਕੇ ਬਹੁੁਤੇ ਲੋਕ ਸਮਾਜਿਕ ਤੌਰ ’ਤੇ ਇਹ ਸਮਝਦੇ ਹਨ ਕਿ ਬੱਚਿਆਂ ਨੂੰ ਸਕੂਲੋਂ ਬਾਹਰ ਰੱਖਣ ਦੇ ਨਤੀਜੇ ਕੋਰੋਨਾ ਦੇ ਅਸਰ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਹੋਣਗੇ। ਜੇ ਬੱਚੇ ਮੁੱਢਲੀ ਪੜ੍ਹਾਈ ਨਾਲੋਂ ਇੱਕ ਵਾਰ ਟੱੁਟ ਗਏ ਤਾਂ ਸ਼ਾਇਦ ਦੁੁਬਾਰਾ ਜੋੜਨਾ ਸੰਭਵ ਨਾ ਹੋਵੇ ਤੇ ਆਉਣ ਵਾਲੇ ਦਹਾਕਿਆਂ ਵਿੱਚ ਇਸ ਦੇ ਅਸਰ ਆਰਥਿਕ ਬਹਾਲੀ ’ਤੇ ਸਿੱਧੇ ਦਿਸਣਗੇ। ਆਨਲਾਈਨ ਪੜ੍ਹਾਈ ਲਈ ਮਜ਼ਬੂਰਨ ਵਿਦਿਆਰਥੀ ਮੋਬਾਇਲ ਫੋਨਾਂ ਦੇ ਆਦੀ ਹੋ ਗਏ ਨਤੀਜੇ ਵਜੋਂ ਕਈਆਂ ਦੇ ਐਨਕਾਂ ਲੱਗ ਗਈਆਂ, ਕਈ ਬੱਚੇ ਗਲਤ ਆਦਤਾਂ ਦੇ ਸ਼ਿਕਾਰ ਹੋ ਗਏ।

ਅੱਜ ਪੰਜਾਬ ਦੇ ਭਖਦੇ ਮੁੱਦਿਆਂ ’ਤੇ ਬਹੁੁਤ ਸਾਰੀਆਂ ਆਨਲਾਈਨ ਵਿਚਾਰ ਚਰਚਾਵਾਂ ਹੋ ਰਹੀਆਂ ਹਨ ਪਰ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਅਜੇ ਤੱਕ ਪੰਜਾਬ ਦੇ ਬੁਧੀਜੀਵੀਆਂ ਨੇ ਸਕੂਲ (Schools) ਬੰਦ ਦੇ ਮਸਲੇ ’ਤੇ ਕੋਈ ਵੱਡੇ ਪੱਧਰ ’ਤੇ ਸੰਵਾਦ ਨਹੀਂ ਰਚਾਇਆ। ਪਿਛਲੇ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਨੇ ਸਕੂਲ ਖੋਲ੍ਹਣ ਲਈ ਧਰਨੇ ਆਦਿ ਲਾ ਕੇ ਸੰਘਰਸ਼ ਜਰੂਰ ਸ਼ੁਰੂ ਕੀਤਾ ਹੈ। ਵਿਦਿਆਰਥੀਆਂ ਦੀ ਫਾਈਨਲ ਪ੍ਰੀਖਿਆ ਵੀ ਬਿਲਕੁਲ ਨਜ਼ਦੀਕ ਆ ਚੁੱਕੀ ਹੈ ਇਸ ਲਈ ਬੱਚੇ ਹੁਣ ਵਧੀਆ ਤਰੀਕੇ ਨਾਲ ਆਪਣੀ ਪ੍ਰੀਖਿਆ ਦੀ ਤਿਆਰੀ ਕਰ ਸਕਣਗੇ।

ਮੈਂ ਖ਼ਾਸ ਤੌਰ ’ਤੇ ਸਰਕਾਰੀ ਸਕੂਲਾਂ (Schools) ਵਿੱਚ ਪੜ੍ਹਦੇ ਬੱਚਿਆਂ ਲਈ ਫਿਕਰਮੰਦ ਹਾਂ ਜਿੰਨ੍ਹਾ ਦੇ ਦਿਹਾੜੀਦਾਰ ਮਾਂ-ਪਿਓ ਇੰਟਰਨੈਟ ਰਾਹੀਂ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ। ਇਹ ਬੱਚੇ ਜ਼ਿਆਦਾਤ ਘਰਾਂ ਵਿੱਚ ਇੰਟਰਨੈੱਟ ਤੇ ਟੈਬਲੇਟਸ ਜਾਂ ਲੈਪਟਾਪ ਅਤੇ ਮੋਬਾਇਲ ਫੋਨਾਂ ਤੋਂ ਵਾਂਝੇ ਹਨ। ਬੇਸ਼ੱਕ ਸਰਕਾਰ ਵੱਲੋਂ 12ਵੀਂ ਦੇ ਬੱਚਿਆਂ ਨੂੰ ਸਮਾਰਟ ਫੋਨ ਵੰਡ ਕੇ ਵਧੀਆ ਉਪਰਾਲਾ ਕੀਤਾ ਗਿਆ ਹੈ ਪਰ ਬਾਕੀ ਜਮਾਤਾਂ ਦੇ ਗਰੀਬ ਬੱਚੇ ਅਜੇ ਵੀ ਮੋਬਾਇਲਾਂ ਆਦਿ ਤੋਂ ਵਾਂਝੇ ਹਨ। ਉਹਨਾਂ ਦੇ ਸਕੂਲ ਬੰਦ ਹੋਣ ਦੇ ਲੰਮੇਰੇ ਪ੍ਰਭਾਵ ਪੈਣਗੇ। ਜੇ ਇਸ ਪਾਸੇ ਅਸੀਂ ਧਿਆਨ ਨਾ ਦਿੱਤਾ ਤਾਂ ਬਹੁੁਤੇ ਬੱਚੇ ਪੱਕੇ ਤੌਰ ’ਤੇ ਸਕੂਲ ਛੱਡ ਘਰਾਂ ਜਾਂ ਬਾਹਰ ਦੇ ਕੰਮਾਂ-ਕਾਰਾਂ ਵਿੱਚ ਲੱਗ ਜਾਣਗੇ ਤੇ ਪੜ੍ਹਾਈ ਤੋਂ ਵਾਂਝੇ ਰਹਿ ਜਾਣਗੇ।

ਮੈਂ ਅਧਿਆਪਕ ਵਰਗ ਦੀ ਬਹੁੁਤ ਕਦਰ ਕਰਦਾਂ, ਮੈਂ ਖ਼ੁੁਦ ਸਰਕਾਰੀ ਅਧਿਆਪਕ ਹਾਂ। ਮੈਨੂੰ ਇਹ ਵੀ ਪਤਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਨੇ ਅਧਿਆਪਕਾਂ ਨੂੰ ਬਹੁੁਤ ਮਸ਼ਰੂਫ ਰੱਖਿਆ, ਵਿਦਿਆਰਥੀ ਸਕੂਲਾਂ ਵਿੱਚ ਨਾ ਹੋਣ ਦੇ ਬਾਵਜ਼ੂਦ ਸਰਕਾਰ ਦੇ ਹੁਕਮਾਂ ਅਨੁਸਾਰ ਅਧਿਆਪਕ ਲਗਾਤਾਰ ਹੀ ਸਕੂਲਾਂ ਵਿੱਚ ਆਪਣੀ ਡਿਊਟੀ ’ਤੇ ਆ ਰਹੇ ਹਨ। ਬਹੁਤੇ ਅਧਿਆਪਕ ਇਲੈਕਸ਼ਨ ਡਿਊਟੀ ਅਤੇ ਕੋਰੋਨਾ ਡਿਊਟੀ ’ਤੇ ਵੀ ਹਨ, ਆਨਲਾਈਨ ਪੜ੍ਹਾਈ ਵੀ ਸਰਕਾਰ ਦੇ ਹੁਕਮਾਂ ਅਨੁਸਾਰ ਅਧਿਆਪਕਾਂ ਵੱਲੋਂ ਜਾਰੀ ਰੱਖੀ ਗਈ ਤਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਜੋ ਕਿ ਹੁਣ ਵੀ ਜਾਰੀ ਰਹੇਗੀ। ਪਰ ਇਹ ਅਸੀਂ ਸਭ ਭਲੀ-ਭਾਂਤ ਜਾਣਦੇ ਹਾਂ ਕਿ ਆਨਲਾਈਨ ਪੜ੍ਹਾਈ ਦਾ ਲਾਭ ਸਿਰਫ 50 ਤੋਂ 60 ਫੀਸਦੀ ਵਿਦਿਆਰਥੀ ਹੀ ਬੜੀ ਮੁਸ਼ਕਲ ਨਾਲ ਲੈ ਸਕੇ ਹਨ, ਜੋ ਬੱਚੇ ਆਰਥਿਕ ਪੱਖੋਂ ਤੇ ਪੜ੍ਹਾਈ ਪੱਖੋਂ ਕਮਜ਼ੋਰ ਹਨ ਉਹਨਾਂ ਦਾ ਬਹੁਤ ਹੀ ਜ਼ਿਆਦਾ ਪੜ੍ਹਾਈ ਦਾ ਨੁਕਸਾਨ ਹੋਇਆ ਹੈ।

ਮੈਂ 2020-21 ਤੇ 2021-22 ਸੈਸ਼ਨਾਂ ਦੌਰਾਨ ਸਰਕਾਰੀ ਸਕੂਲਾਂ (Schools) ਦੇ ਬੱਚਿਆਂ ਦੀ ਗਿਣਤੀ ਦੇਖ ਰਿਹਾ ਸੀ ਤਾਂ ਇਹ ਦੇਖ ਕੇ ਚੰਗਾ ਲੱਗਾ ਕਿ ਸਰਕਾਰੀ ਸਕੂਲਾਂ ਵਿੱਚ ਇਸ ਵਾਰ ਗਿਣਤੀ ਵਧੀ ਹੈ, ਲੋਕ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵੱਲ ਰੁਖ ਕਰ ਰਹੇ ਹਨ। ਸਿੱਖਿਆ ਵਿਭਾਗ ਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵੀ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਕੇ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇ ਕੇ ਸਮੇਂ ਦਾ ਹਾਣੀ ਬਣਾਉਣ ਲਈ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਅਧਿਆਪਕਾਂ ਦੀ ਸਖਤ ਮਿਹਨਤ ਤੇ ਹਿੰਮਤ ਸਦਕਾ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਭਾਰਤ ਦਾ ਨੰਬਰ ਇੱਕ ਸੂਬਾ ਚੁਣਿਆ ਗਿਆ ਹੈ ਜਿਸ ਲਈ ਸਭ ਅਧਿਆਪਕ ਵਧਾਈ ਦੇ ਪਾਤਰ ਹਨ। ਲਾਕਡਾਊਨ ਦੌਰਾਨ ਵੀ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਆਨਲਾਈਨ ਅਤੇ ਡੀ ਡੀ ਪੰਜਾਬੀ ਚੈਨਲ ਰਾਹੀਂ ਵੱਖ-ਵੱਖ ਵਿਸ਼ਿਆਂ ਦੀ ਪੜ੍ਹਾਈ ਨੂੰ ਜਾਰੀ ਰੱਖਿਆ ਗਿਆ ਜਿਸ ਦਾ ਲਾਭ ਸਰਕਾਰੀ ਦੇ ਨਾਲ-ਨਾਲ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੇ ਵੀ ਲਿਆ। ਅਧਿਆਪਕਾਂ ਵੱਲੋਂ ਜੂਮ ਐਪ ਦੇ ਮਾਧਿਅਮ ਨਾਲ ਵੀ ਆਨਲਾਈਨ ਕਲਾਸਾਂ ਲਾਈਆਂ ਗਈਆਂ ਤੇ ਆਨਲਾਈਨ ਟੈਸਟ ਵੀ ਲਏ ਗਏ ਤਾਂ ਕਿ ਬੱਚੇ ਪੜ੍ਹਾਈ ਨਾਲ ਜੁੜੇ ਰਹਿਣ।

ਆਓ! ਸਾਰੇ ਹਿੰਮਤ ਕਰੀਏ ਕਿ ਪੰਜਾਬ ਦੇ ਸਮੂਹ ਸਕੂਲਾਂ ਵਿੱਚ ਸਾਰੀਆਂ ਜਮਾਤਾਂ ਦੀ ਪੜ੍ਹਾਈ ਪਹਿਲਾਂ ਵਾਂਗ ਬਹਾਲ ਕਰ ਸਕੀਏ। ਸਮੂਹ ਮਾਪੇ ਤੇ ਵਿਦਿਆਰਥੀ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਨੂੰ ਸਹਿਯੋਗ ਦੇਣ, ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੋਰੋਨਾ ਮਹਾਂਮਾਰੀ ਤੋਂ ਬਚਾਅ ਰੱਖਦੇ ਹੋਏ ਮਾਸਕ ਆਦਿ ਪਹਿਣ ਕੇ ਹੀ ਸਕੂਲ ਜਾਣ, ਸੋਸ਼ਲ ਡਿਸਟੈਂਸ ਬਣਾ ਕੇ ਰੱਖਣ, ਸੈਨੇਟਾਈਜ਼ਰ ਦੀ ਵਰਤੋਂ ਯਕੀਨੀ ਬਣਾਉਣ, ਅਧਿਆਪਕਾਂ ਤੋਂ ਵਧੀਆ ਢੰਗ ਨਾਲ ਸਿੱਖਿਆ ਗ੍ਰਹਿਣ ਕਰਕੇ ਸਿੱਖਿਆ ਵਿਭਾਗ ਦੇ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਕਾਮਯਾਬ ਕਰਨ।

ਪ੍ਰਮੋਦ ਧੀਰ, ਕੰਪਿਊਟਰ ਅਧਿਆਪਕ
ਸਰਕਾਰੀ ਹਾਈ ਸਕੂਲ, ਢੈਪਈ (ਫਰੀਦਕੋਟ)
ਮੋ. 98550-31081

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ