ਠੇਕਾ ਮੁਲਾਜਮ ਸੰਘਰਸ਼ ਮੋਰਚਾ ਵਲੋਂ ਸਰਕਾਰ ਵਿਰੁੱਧ ਜਲੰਧਰ ਸ਼ਹਿਰ ’ਚ ਰੋਹ ਭਰਪੂਰ ਮਾਰਚ ਦਾ ਐਲਾਨ

Jalandhar city

ਵੱਖ-ਵੱਖ ਵਿਭਾਗਾਂ ਦੇ ਸਮੂਹ ਕੈਟਾਗਿਰੀਆਂ ਦੇ ਠੇਕਾ ਮੁਲਾਜਮਾਂ ਨੂੰ ਸਬੰਧਤ ਵਿਭਾਗਾਂ ’ਚ ਮਰਜ ਕਰਕੇ ਰੈਗੂਲਰ ਕਰੇ ਸਰਕਾਰ : ਮੋਰਚਾ ਆਗੂ

ਜਲਾਲਾਬਾਦ (ਰਜਨੀਸ਼ ਰਵੀ)। ਵੱਖ-ਵੱਖ ਵਿਭਾਗਾਂ ਵਿਚ ਸਾਲਾਂਬੱਧੀ ਅਰਸ਼ੇ ਤੋਂ ਕੰਮ ਕਰਦੇ ਆਊਟਸੋਰਸ ਅਤੇ ਇਨਲਿਸਟਮੈਂਟ ਮੁਲਾਜਮਾਂ ਦੇ ਪੱਕੇ ਰੁਜਗਾਰ ਦੀ ਮੰਗ ਪ੍ਰਤੀ ਪੰਜਾਬ ਸਰਕਾਰ ਦੇ ਵਿਹਾਰ ਵਿਰੁੱਧ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵਲੋਂ ਤਿੱਖੇ ਸੰਘਰਸ਼ਾਂ ਦਾ ਐਲਾਨ ਕੀਤਾ ਹੈ।

ਅੱਜ ਇਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਠੇਕਾ ਮੁਲਾਜਮ ਸੰਘਰਸ ਮੋਰਚਾ ਪੰਜਾਬ ਦੇ ਸੂਬਾਈ ਆਗੂ ਵਰਿੰਦਰ ਸਿੰਘ ਮੋਮੀ, ਬਲਿਹਾਰ ਸਿੰਘ ਕਟਾਰੀਆ, ਪਵਨਦੀਪ ਸਿੰਘ, ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂ, ਸ਼ੇਰ ਸਿੰਘ ਖੰਨਾ, ਸਿਮਰਨਜੀਤ ਸਿੰਘ ਨੀਲੋਂ, ਜਸਪ੍ਰੀਤ ਸਿੰਘ ਗਗਨ, ਸੁਰਿੰਦਰ ਕੁਮਾਰ ਅਤੇ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਵਾਲਾ ਨੇ ਕਿਹਾ ਕਿ ਮੋਜੂਦਾ ਪੰਜਾਬ ਸਰਕਾਰ ਜਿਹੜੀ ਪਿਛਲੀਆਂ ਸਰਕਾਰਾਂ ਦਾ ਬਦਲ ਪੇਸ਼ ਕਰਨ ਦੇ ਦਾਅਵੇ ਕਰਦੀ ਸੀ।

ਇਸ ਸਰਕਾਰ ਨੇ ਬਦਲ ਤਾਂ ਪੇਸ਼ ਕੀ ਕਰਨਾ ਸੀ, ਸਗੋਂ ਪਹਿਲੀਆਂ ਸਰਕਾਰਾਂ ਤੋਂ ਵੀ ਅਗਾਂਹ ਮੇਹਨਤਕਸ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਕਾਰਪੋਰੇਟ ਘਰਾਣਿਆਂ ਦੀ ਲੁੱਟ ਅਤੇ ਮੁਨਾਫੇ ਕਮਾਉਣ ਦੇ ਹਿੱਤਾਂ ਦੀ ਪੂਰਤੀ ਲਈ ਸੂਬੇ ਦੇ ਲੋਕ ਨਾਲ ਝੂਠ ਅਤੇ ਧੋਖੇ ਦੀ ਖੇਡ ਨੂੰ ਜਾਰੀ ਰੱਖਿਆ ਗਿਆ ਹੈ ਅਤੇ ਲੋਕ ਸੇਵਾ ਲਈ ਉਸਾਰੇ ਹੋਏ ਅਦਾਰਿਆਂ ਨੂੰ ਕਾਰਪੋਰੇਟਰਾਂ ਦੇ ਹੱਥ ਵਿਚ ਸੌਪ ਕੇ ਅੰਨੀ ਲੁੱਟ ਕਰਵਾਉਣ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆ ਹਨ। ਉਥੇ ਇਸਦੇ ਨਾਲ ਹੀ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਪਿਛਲੇ ਲੰਮੇ ਅਰਸੇ ਤੋਂ ਆਊਟਸੋਰਸ ਅਤੇ ਇਨਲਿਸਟਮੈਟ ਦੇ ਰੂਪ ਵਿੱਚ ਕੰਮ ਕਰਦੇ ਕਾਮਿਆਂ ਜੋਕਿ ਸਬੰਧਤ ਵਿਭਾਗਾਂ ਵਿਚ ਮਰਜ ਕਰਕੇ ਰੈਗੂਲਰ ਕਰਨ, ਆਪਣੇ ਪੱਕੇ ਰੁਜਗਾਰ, ਘੱਟੋ-ਘੱਟ ਉਜਰਤ ਦੇ ਕਾਨੂੰਨ ਅਨੁਸਾਰ ਗੁਜਾਰੇ ਯੋਗ ਤਨਖਾਹ, ਬਰਾਬਰ ਕੰਮ ਲਈ ਬਰਾਬਰ ਤਨਖਾਹ, ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਵਿਰੁੱਧ ਅਤੇ ਹੋਰ ਭੱਖਦੀਆਂ ਅਹਿਮ ਮੰਗਾਂ ਦੀ ਪ੍ਰਾਪਤੀ ਲਈ ਜਦੋ-ਜਹਿਦ ਕਰਦੇਂ ਆ ਰਹੇ ਹਨ।

ਮੀਟਿੰਗ ਕਰਨ ਲਈ ਸਮਾਂ ਤੈਅ

ਇਨਾਂ ਕਾਮਿਆਂ ਦੀਆਂ ‘ਮੰਗਾਂ-ਮਸਲਿਆਂ’ ਦਾ ਹੱਲ ਆਪਸੀ ਗੱਲਬਾਤ ਰਾਹੀ ਹੋਣ ਦੇ ਉਦੇਸ਼ ਨਾਲ ਪਿਛਲੇ 1 ਸਾਲ ਤੋਂ ਮੁੱਖ ਮੰਤਰੀ ਪੰਜਾਬ ਸਰਕਾਰ ਨਾਲ ਮੀਟਿੰਗ ਕਰਨ ਲਈ ਵਾਰ ਵਾਰ ਪੱਤਰ ਲਿੱਖ ਕੇ ਬੇਨਤੀ ਕਰ ਰਹੇ ਹਨ। ਜਿਸ ’ਤੇ ਭਾਵੇ ਕਿ ਮੁੱਖ ਮੰਤਰੀ ਪੰਜਾਬ ਵਲੋਂ 10 ਵਾਰ ਲਿਖਤੀ ਰੂਪ ਵਿਚ ਮੀਟਿੰਗ ਕਰਨ ਲਈ ਸਮਾਂ ਤੈਅ ਕੀਤਾ ਗਿਆ ਪਰ ਐਨ ਮੌਕੇ ਤੇ ਆ ਕੇ ਆਪਣੇ ਜ਼ਰੂਰੀ ਰਝੇਵਿਆਂ ਦਾ ਬਹਾਨਾ ਲਗਾ ਕੇ ਮੁੱਖ ਮੰਤਰੀ ਸਾਹਿਬ ਵਲੋਂ ਹਰ ਵਾਰ ਮੀਟਿੰਗ ਕਰਨ ਤੋਂ ਇਨਕਾਰ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜਿੱਥੇ ਇਕ ਪਾਸੇ ਮੁਲਾਜਮਾਂ ਮੰਗਾਂ ਦਾ ਹੱਲ ਕਰਨ ਲਈ ਮੁੱਖ ਮੰਤਰੀ ਪੰਜਾਬ ਸਰਕਾਰ ਵਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ ਉਥੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਕੰਮ ਕਰਦੇ ਆਊਟਸੋਰਸ ਤੇ ਇਨਲਿਸਟਮੈਂਟ ਮੁਲਾਜਮਾਂ ਦੇ ਵਿਰੋਧ ਵਿਚ ਫੈਸਲੇ ਲਏ ਜਾ ਰਹੇ ਹਨ।

ਮੁਲਾਜਮ ਸੰਘਰਸ਼ ਮੋਰਚਾ ਪੰਜਾਬ

ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਠੇਕਾ ਮੁਲਾਜਮ ਵਿਰੋਧੀ ਅਪਣਾਏ ਜਾ ਰਹੇ ਰਵੱਈਏ ਦੇ ਕਾਰਨ ਆਪਣੇ ਕੱਚੇ-ਪਿੱਲੇ ਰੁਜਗਾਰ ਨੂੰ ਬਚਾਉਣ ਦੇ ਨਾਲ ਨਾਲ ਆਪਣੇ ਹੱਕਾਂ ਦੀ ਰਾਖੀ ਲਈ ਸਾਡੇ ਕੋਲ ਸੰਘਰਸ਼ ਤੋਂ ਬਿਨਾ ਕੋਈ ਹੋਰ ਰਾਹ ਨਹੀਂ ਹੈ, ਜਿਸਦੇ ਸਬੰਧ ਵਿਚ ਲੋਕ ਸਭਾ ਹਲਕਾ ਜਲੰਧਰ ਦੀ ਹੋਣ ਜਾ ਰਹੀ ਜਿੰਮਨੀ ਦੇ ਦੌਰਾਨ ਪੰਜਾਬ ਸਰਕਾਰ ਦੇ ਖਿਲਾਫ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਪਲੇਟਫਾਰਮ ਤੇ ਵੱਖ-ਵੱਖ ਵਿਭਾਗਾਂ ਦੇ ਆਊਟਸੋਰਸ ਅਤੇ ਇਨਲਿਸਟਮੈਂਟ ਮੁਲਾਜਮਾਂ ਵਲੋਂ 5 ਮਈ ਨੂੰ ਜਲੰਧਰ ਪੁੱਜ ਕੇ ਸਰਕਾਰ ਦੀਆਂ ਇਨਾਂ ਵਧੀਕੀਆਂ ਦਾ ਲੋਕ ਸੱਥ ’ਚ ਪਾਜ ਉਘਾੜਨ ਅਤੇ ਵਿਰੋਧ ਪ੍ਰਦਰਸਨ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਉਨਾਂ ਸਾਰੇ ਵਿਭਾਗਾਂ ਦੇ ਸਮੂਹ ਕੈਟਾਗਿਰੀਆਂ ਦੇ ਠੇਕਾ ਮੁਲਾਜਮਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਪਹਿਲੀਆਂ ਸਰਕਾਰਾਂ ਦੀ ਤਰਾਂ ਕਾਰਪੋਰੇਟ ਲੁਟੇਰਿਆਂ ਦੀ ਸੇਵਾਦਾਰ ਲੋਕ ਅਤੇ ਮੁਲਾਜਮ ਦੁਸਮਣ ਪੰਜਾਬ ਸਰਕਾਰ ਨੂੰ ਆਪਣੀ ਇਕਜੁੱਟ ਤਾਕਤ ਦਾ ਅਹਿਸਾਸ ਕਰਵਾ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅੱਜ ਤੋਂ ਹੀ ਇਸ ਸੰਘਰਸ਼ ਦੀ ਤਿਆਰੀ ਵਿਚ ਲੱਕ ਬੰਨ ਕੇ ਜੁਟ ਜਾਣ ਅਤੇ ਆਪਣੇ ਸੰਘਰਸ਼ ਤਾਕਤ ਦੇ ਜੋਰ ਨਾਲ ਪੰਜਾਬ ਸਰਕਾਰ ਨੂੰ ਮੰਗਾਂ ਪ੍ਰਵਾਨ ਕਰਨ ਲਈ ਮਜਬੂਰ ਕੀਤਾ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।