ਸਰਕਾਰ ਲਈ ਮੁਸੀਬਤ ਬਣ ਸਕਦੈ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ

ਸਰਕਾਰ ਲਈ ਮੁਸੀਬਤ ਬਣ ਸਕਦੈ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ

ਪੰਜਾਬ ਦੇ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ ਰਾਜ ਦੀ ਸੱਤਾਧਾਰੀ ਪਾਰਟੀ ਲਈ ਮੁਸੀਬਤਾਂ ਖੜ੍ਹੀਆਂ ਕਰ ਸਕਦਾ ਹੈ ਕਿਉਂਕਿ ਇਸ ਵਾਰ ਦਿੱਲੀ ਨੂੰ ਜਾਣ ਵਾਲਾ ਧੂੰਆਂ ਕਾਂਗਰਸ ਜਾਂ ਅਕਾਲੀ ਦਲ ਦਾ ਨਹੀਂ ਸਗੋਂ ਆਮ ਆਦਮੀ ਪਾਰਟੀ ਦਾ ਹੋਵੇਗਾ। ਪੰਜਾਬ ਦੇ ਕਿਸਾਨਾਂ ਵੱਲੋਂ ਹਰ ਸਾਲ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ। ਪਰਾਲੀ ਦਾ ਇਹ ਧੂੰਆਂ ਹਰਿਆਣੇ ਵਿੱਚੋਂ ਹੁੰਦਾ ਹੋਇਆ ਦਿੱਲੀ ਤੱਕ ਵੀ ਪੁੱਜ ਜਾਂਦਾ ਹੈ ਅਤੇ ਦਿਨ-ਦਿਹਾੜੇ ਹੀ ਰਾਤ ਮਹਿਸੂਸ ਹੋਣ ਲੱਗਦੀ ਹੈ। ਇਸ ਤੋਂ ਬਿਨਾਂ ਜ਼ਹਿਰੀਲੇ ਧੂੰਏਂ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ ਅਤੇ ਸੰਘਣੇ ਧੂੰਏਂ ਕਾਰਨ ਕਈ ਵਾਰ ਸੜਕ ਹਾਦਸੇ ਵੀ ਹੋ ਜਾਂਦੇ ਹਨ। ਪਰ ਝੋਨੇ ਦੀ ਪਰਾਲੀ ਦਾ ਇਹ ਜ਼ਹਿਰੀਲਾ ਧੂੰਆਂ ਕਿਸਾਨ ਦੇ ਆਪਣੇ ਅਤੇ ਉਸ ਦੇ ਪਰਿਵਾਰ ਦੇ ਫੇਫੜਿਆਂ ਵਿੱਚੋਂ ਲੰਘ ਕੇ ਅੱਗੇ ਜਾਂਦਾ ਹੈ।

ਕਣਕ ਦੇ ਨਾੜ ਨਾਲੋਂ ਝੋਨੇ ਦੀ ਪਰਾਲੀ ਦਾ ਧੂੰਆਂ ਇਸ ਕਰਕੇ ਵੀ ਜ਼ਿਆਦਾ ਖਤਰਨਾਕ ਹੁੰਦਾ ਹੈ ਕਿਉਂਕਿ ਝੋਨੇ ਦੇ ਗਿੱਲੇ ਨਾੜ ਨੂੰ ਅੱਗ ਲਾਈ ਜਾਂਦੀ ਹੈ, ਜਿਸ ਕਰਕੇ ਧੂੰਆਂ ਸੰਘਣਾ ਅਤੇ ਚਿੱਟਾ ਹੁੰਦਾ ਹੈ। ਇਸ ਧੂੰਏਂ ਨੂੰ ਰੋਕਣ ਅਤੇ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਹਰ ਸਾਲ ਕਰੋੜਾਂ ਰੁਪਏ ਦੀ ਮਸ਼ੀਨਰੀ ਹੈ ਕਿਸਾਨਾਂ ਨੂੰ ਸਬਸਿਡੀ ’ਤੇ ਦਿੱਤੀ ਜਾਂਦੀ ਹੈ। ਸਾਲ 2018-19 ਤੋਂ ਲੈ ਕੇ ਸਾਲ 2021-22 ਤੱਕ ਝੋਨੇ ਦੀ ਪਰਾਲੀ ਨੂੰ ਸੰਭਾਲਣ ਲਈ ਸਬਸਿਡੀ ਵਾਲੀਆਂ 90422 ਮਸ਼ੀਨਾਂ ਦਿੱਤੀਆਂ ਗਈਆਂ। ਮਾਰਚ 2009 ਦੀ ਇੱਕ ਰਿਪੋਰਟ ਮੁਤਾਬਿਕ ਪੰਜਾਬ ਵਿੱਚ ਚਾਰ ਲੱਖ 92 ਹਜਾਰ ਟਰੈਕਟਰ, ਤਿੰਨ ਲੱਖ ਪਾਵਰ ਟਿਲਰ, ਤਿੰਨ ਲੱਖ ਪੰਜਾਹ ਹਜਾਰ ਥਰੈਸ਼ਰ, 25 ਹਜਾਰ ਗੰਨਾ ਪੀੜਨ ਵਾਲੇ ਯੰਤਰ ਅਤੇ ਹੋਰ ਮਸ਼ੀਨਰੀ ਮੌਜੂਦ ਸੀ।

ਜਦੋਂਕਿ ਕੰਬਾਈਨਾਂ, ਰੀਪਰ, ਰੋਟਾਵੇਟਰ ਸਮੇਤ ਅਰਬਾਂ ਰੁਪਏ ਦੀ ਹੋਰ ਮਸ਼ੀਨਰੀ ਕਿਸਾਨਾਂ ਦੇ ਘਰਾਂ ’ਚ ਖੜ੍ਹੀ ਹੋਣ ਦੇ ਬਾਵਜੂਦ ਵੀ ਪਰਾਲੀ ਦਾ ਪੱਕੇ ਤੌਰ ’ਤੇ ਕੋਈ ਹੱਲ ਨਹੀਂ ਹੋ ਸਕਿਆ। ਪਰਾਲੀ ਪ੍ਰਦੂਸ਼ਣ ਦਾ ਦੂਸਰਾ ਵੱਡਾ ਕਾਰਨ ਕਣਕ ਨਾਲੋਂ ਝੋਨੇ ’ਤੇ ਕੀਟਨਾਸ਼ਕ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਵੀ ਜ਼ਿਆਦਾ ਹੁੰਦੀ ਹੈ। ਜਿਸ ਕਰਕੇ ਧੂੰਆਂ ਜ਼ਹਿਰੀਲਾ ਹੋਣ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਦਾ ਹੈ। ਪਰਾਲੀ ਨੂੰ ਅੱਗ ਲੱਗਣ ਕਾਰਨ ਨੇੜੇ ਖੜੇ੍ਹ ਰੁੱਖ ਅਤੇ ਜਮੀਨ ਵਿੱਚ ਰਹਿਣ ਵਾਲੇ ਮਿੱਤਰ ਕੀੜੇ ਵੀ ਸੜ ਜਾਂਦੇ ਹਨ। ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਲਈ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਲਾਈ ਜਾਂਦੀ ਅੱਗ ਹੀ ਜਿੰਮੇਵਾਰ ਹੈ ਜਾਂ ਫਿਰ ਹੋਰ ਵੀ ਕਈ ਅਜਿਹੇ ਸਾਧਨ ਹਨ ਜਿਨ੍ਹਾਂ ਰਾਹੀਂ ਵਾਤਾਵਰਨ ਨੂੰ ਪ੍ਰਦੂਸ਼ਿਤ ਕੀਤਾ ਜਾਂਦਾ ਹੈ।

ਪਿਛਲੀ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਬਣਾਏ ਗਏ ਨਵੇਂ ਨਿਯਮਾਂ ਮੁਤਾਬਿਕ 2 ਏਕੜ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨ ਨੂੰ 2500 ਰੁਪਏ ਜ਼ੁਰਮਾਨਾ, ਪੰਜ ਏਕੜ ਤੱਕ ਪੰਜ ਹਜਾਰ, ਪੰਜ ਏਕੜ ’ਤੋਂ ਉੱਤੇ ਝੋਨੇ ਦੀ ਪਰਾਲੀ ਸਾੜਨ ਵਾਲੇ ਨੂੰ ਪੰਦਰਾਂ ਹਜਾਰ ਰੁਪਏ ਜੁਰਮਾਨਾ ਲਾਉਣ ਦੀ ਯੋਜਨਾ ਤਿਆਰ ਕੀਤੀ ਗਈ ਸੀ। ਕਿਉਂਕਿ ਇੱਕ ਹੈਕਟੇਅਰ ਵਿੱਚ ਪਰਾਲੀ ਨੂੰ ਅੱਗ ਲਾਉਣ ਨਾਲ ਅੰਦਾਜ਼ਨ 30 ਕਿਲੋ ਨਾਈਟ੍ਰੋਜਨ, 13 ਕਿਲੋ ਫਾਸਫੋਰਸ, 30 ਕਿਲੋ ਪੋਟਾਸ਼, 6 ਕਿਲੋ ਸਲਫਰ, 2400 ਕਿਲੋ ਕਾਰਬਨ ਸੜ ਕੇ ਸੁਆਹ ਹੋ ਜਾਂਦੇ ਹਨ।

ਪਰ ਕਿਸੇ ਨਾ ਕਿਸੇ ਮੋੜ ’ਤੇ ਪਰਾਲੀ ਨੂੰ ਅੱਗ ਲਾਉਣ ਵਾਲੇ ਵਰਤਾਰੇ ਲਈ ਸਰਕਾਰਾਂ ਨੂੰ ਕਿਸਾਨਾਂ ਤੋਂ ਵੱਧ ਕਸੂਰਵਾਰ ਮੰਨਿਆ ਜਾ ਸਕਦਾ ਹੈ। ਕਿਉਂਕਿ ਪਰਾਲੀ ਦੀ ਸਾਂਭ-ਸੰਭਾਲ, ਜਮੀਨ ਵਿੱਚ ਪਰਾਲੀ ਗਾਲ਼ਣ ਆਦਿ ਲਈ ਸਰਕਾਰ ਵੱਲੋਂ ਕੋਈ ਯੋਗ ਪ੍ਰਬੰਧ ਨਹੀਂ ਕੀਤੇ ਜਾਂਦੇ। ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਤੋਂ ਬਾਅਦ ਬਿਜਲੀ ਸਪਲਾਈ ਕੁਝ ਘੰਟੇ ਹੀ ਦਿੱਤੀ ਜਾਂਦੀ ਹੈ ਜਦੋਂ ਕਿ ਪਰਾਲੀ ਨੂੰ ਜਮੀਨ ਵਿੱਚ ਖਤਮ ਕਰਨ ਲਈ ਬਿਜਲੀ ਚਾਹੀਦੀ ਹੈ। ਜਿਸ ਨਾਲ ਕਿਸਾਨ ਪਰਾਲੀ ਨਾਲ ਭਰੇ ਖੇਤ ਨੂੰ ਪਾਣੀ ਦੇ ਕੇ ਪਰਾਲੀ ਨੂੰ ਗਾਲ ਸਕਣ ਪਰ ਅਜਿਹਾ ਕੁਝ ਵੀ ਨਹੀਂ ਹੁੰਦਾ। ਪੰਜਾਬ ਵਿੱਚ ਕੁਝ ਕਿਸਾਨਾਂ ਨੇ ਜ਼ੀਰੋ ਡਰਿੱਲ ਰਾਹੀਂ ਪਰਾਲੀ ਦੇ ਵਿੱਚ ਹੀ ਕਣਕ ਬੀਜਣ ਦਾ ਤਜਰਬਾ ਕੀਤਾ ਹੈ ਪਰ ਪਰਾਲੀ ਜਿਆਦਾ ਹੋਣ ਕਰਕੇ ਜਮੀਨ ਵਿੱਚ ਚੂਹੇ ਖੁੱਡਾਂ ਬਣਾ ਲੈਂਦੇ ਹਨ ਜਿਸ ਕਰਕੇ ਕਣਕ ਦੇ ਬੀਜ ਦਾ ਨੁਕਸਾਨ ਹੁੰਦਾ ਹੈ।

ਅਸਲ ਵਿੱਚ ਜ਼ੀਰੋ ਡਰਿੱਲ, ਰੋਟਾਵੇਟਰ ਹੋਰ ਪਤਾ ਨਹੀ ਕਿੰਨਾ ਕੁ ਸੰਦ-ਸੰਦੇੜਾ ਕੰਪਨੀਆਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਝੋਨੇ ਦੀ ਪਰਾਲੀ ਦਾ ਪੱਕਾ ਹੱਲ ਕਰਨ ਦੱਸ ਕੇ ਕਿਸਾਨਾਂ ਦੇ ਘਰ ਮਹਿੰਗੀ ਮਸ਼ੀਨਰੀ ਨਾਲ ਭਰੇ ਜਾ ਰਹੇ ਹਨ। ਜਿਸ ਤਰ੍ਹਾਂ ਕੰਬਾਈਨ ’ਤੇ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ/ਸੁਪਰ ਐਸ.ਐਮ.ਐਸ ਲਾਉਣਾ ਤੇ ਇਸੇ ਹੀ ਸਿਸਟਮ ਵਾਲੀ ਕੰਬਾਈਨ ਨਾਲ ਝੋਨੇ ਦੀ ਕਟਾਈ ਕਰਵਾਉਣੀ। ਇਸ ਤਰ੍ਹਾਂ ਦੀ ਕਟਾਈ ਆਮ ਨਾਲੋਂ ਤਿੰਨ-ਚਾਰ ਸੌ ਪ੍ਰਤੀ ਏਕੜ ਵੱਧ ਹੋਣ ਦੇ ਨਾਲ ਹੀ ਕੰਬਾਈਨ ਵੱਲੋਂ ਸੁੱਟੇ ਜਾਂਦੇ ਦਾਣੇ ਵੀ ਨਜ਼ਰ ਨਹੀਂ ਪੈਂਦੇ।

ਜਿਸ ਕਰਕੇ ਕਿਸਾਨ ਦਾ ਦੂਹਰਾ ਨੁਕਸਾਨ ਹੁੰਦਾ ਹੈ ਤੇ ਕੰਬਾਈਨ ਮਾਲਕ ’ਤੇ ਵੀ ਕੰਪਨੀਆਂ ਨੇ ਖਰਚੇ ਦਾ ਹੋਰ ਭਾਰ ਵਧਾ ਦਿੱਤਾ। ਪਰ ਪਰਾਲੀ ਦਾ ਪੱਕੇ ਤੌਰ ’ਤੇ ਕੋਈ ਹੱਲ ਫਿਰ ਵੀ ਨਹੀਂ ਹੋਇਆ। ਹੁਣ ਵੇਖਣਾ ਇਹ ਹੈ ਕਿ ਵਤਾਵਰਨ ਪ੍ਰੇਮੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਝੋਨੇ ਦੀ ਪਰਾਲੀ ਸਾੜਨ ਵਾਲੀ ਇਸ ਸਮੱਸਿਆ ਦੇ ਹੱਲ ਲਈ ਕਿਹੜੀ ਨਵੀਂ ਯੋਜਨਾ ਲੈ ਕੇ ਆਉਦੀਆਂ ਹੈ ਕਿਉਕਿ ਦਿੱਲੀ ’ਚ ਵੀ ਇਸੇ ਪਾਰਟੀ ਦੀ ਸਰਕਾਰ ਹੈ।
ਕਾਹਨਗੜ੍ਹ ਰੋਡ ਪਾਤੜਾਂ, ਪਟਿਆਲਾ
ਮੋ. 98761-01698
ਬ੍ਰਿਸ਼ਭਾਨ ਬੁਜਰਕ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ