20 ਦਿਨ ਦੇ ਅਲਟੀਮੇਟਮ ਨਾਲ ਆਪ ਦਾ ਧਰਨਾ ਸਮਾਪਤ

ਆਖਰੀ ਦਿਨ ਕੈਬਨਿਟ ਮੰਤਰੀ ਦਾ ਅਰਥੀ ਫੂਕ ਮੁਜਾਹਰਾ ਅਤੇ ਨਾਅਰੇਬਾਜੀ

ਨਾਭਾ, (ਤਰੁਣ ਕੁਮਾਰ ਸ਼ਰਮਾ)। ਬੀਤੀ ਦੇਰ ਰਾਤ ਨਾਭਾ ਪੁਲਿਸ ਵੱਲੋਂ ਬਿਨ੍ਹਾਂ ਸ਼ਰਤ ਰਿਹਾਅ ਕੀਤੇ ਆਪ ਆਗੂਆਂ ਸਮੇਤ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਅੱਗੇ ਮੁੜ ਧਰਨਾ ਸ਼ੁਰੂ ਕਰ ਦਿੱਤਾ ਗਿਆ ਜੋ ਕਿ ਸਾਰੀ ਰਾਤ ਜਾਰੀ ਰਿਹਾ। ਇਸ ਦੌਰਾਨ ਵਿਧਾਇਕ ਬੀਬੀ ਬਲਜਿੰਦਰ ਕੌਰ ਸਾਰੀ ਰਾਤ ਬਿਨ੍ਹਾਂ ਬਿਜਲੀ ਅਤੇ ਪੱਖੇ ਤੋਂ ਧਰਨੇ ਵਿੱਚ ਧਰਨਾਕਾਰੀਆਂ ਨਾਲ ਲਗਾਤਾਰ ਮੌਜੂਦ ਰਹੇ। ਧਰਨੇ ਦੇ ਆਖਰੀ ਦਿਨ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਦਾ ਅਰਥੀ ਫੂਕ ਮੁਜਾਹਰਾ ਕਰਕੇ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ।

ਇਸ ਦੌਰਾਨ ਜਦੋਂ ਜੱਸੀ ਸੋਹੀਆ ਵਾਲਾ, ਬਲਵਿੰਦਰ ਬਿੱਟੂ, ਨਰਿੰਦਰ ਸ਼ਰਮਾ ਐਡਵੋਕੇਟ ਬਲਾਕ ਪ੍ਰਧਾਨ ਦੀ ਅਗਵਾਈ ਵਿੱਚ ਆਪ ਆਗੂ ਮੰਤਰੀ ਦੀ ਅਰਥੀ ਚੁੱਕ ਕੇ ਉਨ੍ਹਾਂ ਦੀ ਰਿਹਾਇਸ਼ ਵੱਲ ਵਧੇ ਤਾਂ ਮੌਕੇ ‘ਤੇ ਮੌਜੂਦ ਭਾਰੀ ਪੁਲਿਸ ਬਲ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਆਪ ਆਗੂ ਐਡਵੋਕੇਟ ਗਿਆਨ ਸਿੰਘ ਮੂੰਗੋ ਨੇ ਸਿੱਧੇ ਤੌਰ ‘ਤੇ ਪੁਲਿਸ ਨੂੰ ਚਿਤਾਵਨੀ ਜਾਰੀ ਕੀਤੀ ਕਿ ਬੀਤੇ ਦਿਨ ਜੋ ਕੁੱਝ ਵੀ ਪੁਲਿਸ ਨੇ ਕੀਤਾ, ਉਹ ਬਿਲਕੁੱਲ ਗਲਤ ਕੀਤਾ ਹੈ।

ਉਨ੍ਹਾਂ ਪੁਲਿਸ ਨੂੰ ਹਦਾਇਤ ਦਿੱਤੀ ਕਿ ਉਹ ਮੰਤਰੀ ਦੇ ਆਦੇਸ਼ਾਂ ‘ਤੇ ਪੱਖਪਾਤੀ ਕਾਰਵਾਈ ਨਾ ਕਰਨ ਕਿਉਂਕਿ ਮੌਕੇ ‘ਤੇ ਮੰਤਰੀ ਨੇ ਵੀ ਪੁਲਿਸ ਦੇ ਕੰਮ ਨਹੀਂ ਆਉਣਾ। ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਨਾਲ ਸਿੱਧਾ ਟਕਰਾਅ ਨਹੀਂ ਚਾਹੁੰਦੇ, ਇਸ ਲਈ ਪੁਲਿਸ ਕਰਮਚਾਰੀਆਂ ਨੂੰ ਵੀ ਆਪ ਆਗੂਆਂ ਪ੍ਰਤੀ ਆਪਣੀ ਸ਼ਬਦਾਵਲੀ ‘ਤੇ ਕਾਬੂ ਰੱਖਣਾ ਚਾਹੀਦਾ ਹੈ। ਇਸ ਤੋਂ ਬਾਦ ਆਪ ਆਗੂਆਂ ਨੇ ਜੋਰਦਾਰ ਪਿੱਟ ਸਿਆਪਾ ਕਰਦਿਆਂ ਮੰਤਰੀ ਦੀ ਅਰਥੀ ਫੂਕੀ ਅਤੇ ਜੋਰਦਾਰ ਨਾਅਰੇਬਾਜੀ ਕੀਤੀ। ਅਰਥੀ ਫੂਕ ਮੁਜਾਹਰੇ ਤੋਂ ਬਾਦ ਧਰਨਾ ਸਮਾਪਤ ਕਰ ਦਿੱਤਾ ਗਿਆ ਜਿਸ ਨਾਲ ਨਾਭਾ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਨੇ ਰਾਹਤ ਦਾ ਸਾਹ ਲਿਆ।

aam admi party

ਹਾਈਕੋਰਟ ਦੇ ਸਿਟਿੰਗ ਜੱਜ ਦੀ ਅਗਵਾਈ ਹੇਠ ਜਾਂਚ ਨਾ ਕਰਵਾਈ ਤਾ ਸੀਸਵਾ ਮਹਿਲ ਦਾ ਹੋਵੇਗਾ ਘਿਰਾਉ

ਇਸ ਦੌਰਾਨ ਬੀਤੀ ਸ਼ਾਮ ਤੋਂ ਹੀ ਨਾਭਾ ਵਿੱਚ ਮੌਜੂਦ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ ਬਲਜਿੰਦਰ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਪਾਰਟੀ ਹਾਈਕਮਾਂਡ ਦੇ ਆਦੇਸ਼ਾਂ ਅਨੁਸਾਰ ਧਰਨਾ ਖਤਮ ਕਰਕੇ ਪਾਰਟੀ ਵੱਲੋਂ ਪੰਜਾਬ ਸਰਕਾਰ ਨੂੰ ਪੋਸਟ ਸਕਾਲਰਸ਼ਿਪ ਘੋਟਾਲੇ ਦੀ ਜਾਂਚ ਹਾਈਕੋਰਟ ਦੇ ਸਿਟਿੰਗ ਜੱਜ ਦੀ ਅਗਵਾਈ ਵਿੱਚ ਸੀਬੀਆਈ ਤੋਂ ਕਰਾਉਣ ਸੰਬੰਧੀ 20 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ।

ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਸਮੇਂ ਦੌਰਾਨ ਸਰਕਾਰ ਨਾ ਸਿਰਫ ਮਾਮਲੇ ਦੀ ਨਿਰਪੱਖ ਜਾਂਚ ਕਰਵਾਏ ਬਲਕਿ 64 ਕਰੋੜ ਦੀ ਰਾਸ਼ੀ ਨੂੰ ਬਰਾਮਦ ਕਰਵਾ ਕੇ ਦਲਿਤ ਵਿਦਿਆਰਥੀਆਂ ਵਿੱਚ ਤਕਸੀਮ ਵੀ ਕਰਵਾਏ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਪੂਰੇ ਸੂਬੇ ਦੇ ਦਲਿਤ ਵਿਦਿਆਰਥੀਆਂ ਨੂੰ ਲਾਮਬੰਦ ਕਰਕੇ ਆਮ ਆਦਮੀ ਪਾਰਟੀ ਵੱਲੋਂ ਕੈਪਟਨ ਦੇ ਚੰਡੀਗੜ ਦੇ ਸੀਸਵਾ ਮਹਿਲ ਦਾ ਘਿਰਾਉ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.