ਮੀਂਹ ਦੇ ਪਾਣੀ ’ਚ ਬੰਦ ਹੋਈਆਂ ਲੋਕਾਂ ਦੀਆਂ ਗੱਡੀਆਂ | Bathinda News
Monsoon Rains : ਬਠਿੰਡਾ (ਸੁਖਜੀਤ ਮਾਨ)। ਸਾਉਣ ਮਹੀਨੇ ਦੇ ਮੀਂਹ ਨੇ ਅੱਜ ਬਠਿੰਡਾ ਵਾਸੀਆਂ ਦੀ ਬੱਸ ਕਰਵਾ ਦਿੱਤੀ। ਸ਼ਹਿਰੀ ਖੇਤਰ ’ਚ ਮੀਂਹ ਨੇ ਸੜਕਾਂ ਸਮੁੰਦਰ ਬਣਾ ਦਿੱਤੀਆਂ। ਪੇਂਡੂ ਖੇਤਰ ’ਚ ਮੀਂਹ ਨਾਲ ਖੇਤੀ ਸੈਕਟਰ ਨੂੰ ਹੁਲਾਰਾ ਮਿਲਣ ਕਰਕੇ ਲੋਕਾਂ ਤੋਂ ਚਾਅ ਨਹੀਂ ਚੁੱਕਿਆ ਜਾ ਰਿਹਾ। ਬਠਿੰਡਾ ’ਚ ਕਰੀਬ 5 ਘੰਟੇ ਮੀਂਹ ਪਿਆ। ਭਾਰੀ ਮੀਂਹ ਨੇ ਚਾਰ-ਚੁਫ਼ੇਰੇ ਪਾਣੀ ਹੀ ਪਾਣੀ ਕਰ ਦਿੱਤਾ। Bathinda News
ਵੇਰਵਿਆਂ ਮੁਤਾਬਿਕ ਬਠਿੰਡਾ ਜ਼ਿਲ੍ਹੇ ’ਚ ਅੱਜ ਭਾਰੀ ਮੀਂਹ ਪਿਆ। ਮੀਂਹ ਦੀ ਹਰ ਵਰਗ ਵੱਲੋਂ ਉਡੀਕ ਕੀਤੀ ਜਾ ਰਹੀ ਸੀ। ਗਰਮੀ ਕਾਰਨ ਜਿੱਥੇ ਲੋਕਾਂ ਦਾ ਬੁਰਾ ਹਾਲ ਸੀ ਉੱਥੇ ਹੀ ਫਸਲਾਂ ਵੀ ਸੁੱਕ ਚੱਲੀਆਂ ਸੀ। ਮੀਂਹਾਂ ਦੀ ਘਾਟ ਕਾਰਨ ਨਰਮੇ ਦਾ ਕੱਦ ਨਹੀਂ ਵਧਿਆ ਸੀ ਤੇ ਝੋਨੇ ਨੂੰ ਪਾਣੀ ਪੂਰਾ ਨਹੀਂ ਮਿਲ ਰਿਹਾ ਸੀ। ਬੀਤੀ ਦੇਰ ਰਾਤ ਤੋਂ ਸ਼ੁਰੂ ਹੋਇਆ ਮੀਂਹ ਅੱਜ ਦੁਪਹਿਰ ਤੱਕ ਰੁਕ-ਰੁਕ ਕੇ ਪੈ ਰਿਹਾ ਹੈ। ਮੀਂਹ ਨਾਲ ਬਠਿੰਡਾ ਦੀ ਪਰਜਾਪਤ ਕਲੋਨੀ ’ਚ ਇੱਕ ਘਰ ਦੀ ਛੱਤ ਡਿੱਗ ਪਈ। Bathinda News
ਇੱਕ ਮਕਾਨ ਦੀ ਛੱਤ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ | Bathinda News
ਛੱਤ ਡਿੱਗਣ ਨਾਲ ਮਾਲੀ ਨੁਕਸਾਨ ਹੋਇਆ ਹੈ ਪਰ ਘਰ ’ਚ ਕੋਈ ਨਾ ਹੋਣ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਬਠਿੰਡਾ ਦੀ ਪਾਵਰ ਹਾਊਸ ਰੋਡ, ਸਿਰਕੀ ਬਜ਼ਾਰ, ਅਮਰੀਕ ਸਿੰਘ ਰੋਡ, ਬਠਿੰਡਾ-ਮਾਨਸਾ ਰੋਡ ’ਤੇ ਅੰਡਰ ਬ੍ਰਿਜ ’ਚ ਭਾਰੀ ਮਾਤਰਾ ’ਚ ਪਾਣੀ ਭਰ ਗਿਆ। ਅੰਡਰ ਬ੍ਰਿਜ ਦੀ ਸਥਿਤੀ ਇਹ ਬਣੀ ਹੋਈ ਹੈ ਕਿ ਜਿਸ ਤਰ੍ਹਾਂ ਪੱਕੀ ਨਹਿਰ ਵਿੱਚੋਂ ਦੀ ਵਾਹਨ ਲੰਘ ਰਹੇ ਹੋਣ। ਬਜ਼ਾਰਾਂ ’ਚ ਪਾਣੀ ਭਰਨ ਕਰਕੇ ਦੁਕਾਨਦਾਰ ਅੱਜ ਸਵੇਰੇ ਆਪਣੀਆਂ ਦੁਕਾਨਾਂ ਨਹੀਂ ਖੋਲ ਸਕੇ।
Read Also : Weather Today: ਮੌਸਮ ਵਿਭਾਗ ਦੀ ਚੇਤਾਵਨੀ, ਅਗਲੇ ਦੋ ਦਿਨ ਹੋਵੇਗੀ ਤੂਫਾਨੀ ਬਾਰਿਸ਼! ਮੌਸਮ ਵਿਭਾਗ ਦਾ ਆਇਆ ਨਵਾਂ ਅਪਡੇਟ
ਐਸਐਸਪੀ ਦਫ਼ਤਰ, ਡੀਸੀ ਦਫ਼ਤਰ ਵਾਲੀ ਸੜਕ ਵੀ ਪਾਣੀ ਦੀ ਮਾਰ ਤੋਂ ਬਚ ਨਹੀਂ ਸਕੀ। ਮਹਿਲਾ ਥਾਣੇ ਅੱਗਿਓਂ ਲੰਘਦੀ ਸੜਕ ਵੀ ਛੱਪੜ ਬਣ ਗਈ। ਨਗਰ ਨਿਗਮ ਵੱਲੋਂ ਇਸ ਵਾਰ ਵੀ ਵੱਡੇ ਦਾਅਵੇ ਕੀਤੇ ਗਏ ਸੀ ਕਿ ਸ਼ਹਿਰ ’ਚੋਂ ਪਾਣੀ ਨਿਕਾਸੀ ਦੀ ਕੋਈ ਮੁਸ਼ਕਿਲ ਨਹੀਂ ਆਵੇਗੀ ਪਰ ਵਾਅਦੇ ਤੇ ਦਾਅਵੇ ਮੀਂਹ ਅੱਗੇ ਸੜਕਾਂ ’ਤੇ ਤੈਰ ਗਏ। ਮੀਂਹ ਦੇ ਨਾਲ ਜਿੱਥੇ ਸ਼ਹਿਰ ’ਚ ਸੜਕਾਂ ’ਤੇ ਪਾਣੀ ਹੀ ਪਾਣੀ ਹੋ ਗਿਆ ਉੱਥੇ ਹੀ ਮੀਂਹ ਕਾਰਨ ਬਿਜਲੀ ਦਾ ਕੱਟ ਲੱਗ ਗਿਆ। ਸਵੇਰੇ ਕਰੀਬ 10:30 ਵਜੇ ਬਿਜਲੀ ਠੱਪ ਹੋ ਗਈ ਜੋ ਬਾਅਦ ਦੁਪਹਿਰ 1:30 ਵਜੇ ਤੱਕ ਬਹਾਲ ਨਹੀਂ ਹੋ ਸਕੀ।