ਸਰਸਾ। ਸਰਵ-ਧਰਮ-ਸੰਗਮ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੰਜਾਬ ਪੁਲਿਸ ਨੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਚ ਸ਼ਾਮਲ ਕਰਨ ਦੀਆਂ ਕੋਸਿਸ਼ਾਂ ਕਰਕੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਅਸਲੀਅਤ ਇਹ ਹੈ ਕਿ ਪੂਜਨੀਕ ਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਖੁਦ ਤਾਂ ਕਰਦੇ ਹੀ ਹਨ, ਸਗੋਂ ਕਰੋੜਾਂ ’ਚ ਗਿਣਤੀ ’ਚ ਸਾਧ-ਸੰਗਤ ਨੂੰ ਵੀ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਦਾ ਅਦਬ ਕਰਨ ਦੀ ਸਿੱਖਿਆ ਦਿੰਦੇ ਹਨ। ਅਜਿਹੇ ਮਹਾਨ ਗੁਰੂ ’ਤੇ ਬੇਅਦਬੀ ਦੇ ਦੋਸ਼ ਲਾਉਣ ਦਾ ਇੱਕੋ ਇੱਕ ਮਕਸਦ ਗੁਰੂ ਜੀ ਨੂੰ ਸਿੱਖ ਧਰਮ ਦੇ ਵਿਰੋਧੀ ਸਾਬਤ ਕਰਨਾ ਹੈ ਤਾਂ ਕਿ ਸਿੱਖ ਵੋਟਰਾਂ ਨੂੰ ਗੁੰਮਰਾਹ ਕਰਕੇ ਚੋਣਾਂ ’ਚ ਫਾਇਦਾ ਲਿਆ ਜਾ ਸਕੇ। ਪੰਜਾਬ ਦੀ ਪੁਲਿਸ ਅਤੇ ਉਸ ਦੇ ਸਿਆਸੀ ਅਕਾਵਾਂ ਤੋਂ ਅਸੀਂ ਗੁਰੂ ਜੀ ’ਤੇ ਦੋਸ਼ ਲਾਉਣ ਤੋਂ ਪਹਿਲਾਂ ਇਨ੍ਹਾਂ ਸਵਾਲਾਂ ਦੇ ਜਵਾਬ ਮੰਗਦੇ ਹਾਂ : –
ਸਵਾਲ : ਡੇਰਾ ਸੱਚਾ ਸੌਦਾ ਸਰਵ-ਧਰਮ ਸੰਗਮ ਹੈ, ਜਿੱਥੇ ਸਿੱਖ ਭਾਈਚਾਰਾ ਲੱਖਾਂ ਦੀ ਤਦਾਦ ’ਚ ਸ਼ਰਧਾ ਰੱਖਦਾ ਹੈ। ਕੀ ਪੁਲਿਸ ਕੋਲ ਇਸ ਗੱਲ ਦਾ ਕੋਈ ਸਬੂਤ ਹੈ ਕਿ ਡੇਰਾ ਸੱਚਾ ਸੌਦਾ ਸਿੱਖ ਧਰਮ ’ਚ ਵਿਸ਼ਵਾਸ ਨਹੀਂ ਰੱਖਦਾ?
ਸਵਾਲ : ਡੇਰਾ ਸੱਚਾ ਸੌਦਾ ਦੀ ਸਥਾਪਨਾ 1948 ’ਚ ਹੋਈ। ਡੇਰੇ ’ਚ ਆਸਥਾ ਰੱਖਣ ਵਾਲੇ ਸਿੱਖ ਪਰਿਵਾਰ ਚਾਰ-ਪੰਜ ਪੀੜ੍ਹੀਆਂ ਤੋਂ ਜੁੜੇ ਹੋਏ ਹਨ। ਕੀ 73 ਸਾਲਾਂ ਦੇ ਇਤਿਹਾਸ ’ਚ ਇੱਕ ਵੀ ਸਿੱਖ ਪਰਿਵਾਰ ਨੇ ਕਿਸੇ ਥਾਣੇ ’ਚ ਸ਼ਿਕਾਇਤ ਕੀਤੀ ਕਿ ਡੇਰਾ ਸੱਚਾ ਸੌਦਾ ਉਹਨਾਂ ਦੇ ਧਰਮ ਖਿਲਾਫ ਲਿਖਦਾ, ਬੋਲਦਾ ਜਾਂ ਪ੍ਰਚਾਰ ਕਰਦਾ ਹੈ?
ਸਵਾਲ : ਜੇਕਰ ਡੇਰੇ ’ਚ ਸਿੱਖ ਧਰਮ ਦੇ ਕਦੇ ਖਿਲਾਫ਼ ਬੋਲਿਆ ਜਾਂਦਾ ਤਾਂ ਕੀ ਸਿੱਖ ਭਾਈਚਾਰੇ ਦੇ ਲੋਕ ਡੇਰੇ ’ਚ ਸ਼ਰਧਾ ਰੱਖਦੇ?
ਸਵਾਲ : ਡੇਰਾ ਸੱਚਾ ਸੌਦਾ ਸ਼ੁਰੂ ਤੋਂ ਹੀ ਹਰ ਸ਼ਰਧਾਲੂ ਨੂੰ ਆਪਣੇ-ਆਪਣੇ ਧਰਮ ਅਨੁਸਾਰ ਜੀਵਨ ਗੁਜ਼ਾਰਨ ਦੀ ਸਿੱਖਿਆ ਦਿੰਦਾ ਹੈ। ਕੀ ਡੇਰੇ ਨੇ ਕਦੇ ਕਿਸੇ ਹਿੰਦੂ, ਸਿੱਖ, ਈਸਾਈ ਜਾਂ ਮੁਸਲਮਾਨ ਨੂੰ ਧਰਮ ਬਦਲਣ, ਪਹਿਰਾਵਾ ਬਦਲਣ ਜਾਂ ਭਾਸ਼ਾ ਬਦਲਣ ਲਈ ਕਿਹਾ?
ਸਵਾਲ : ਡੇਰੇ ਆਉਣ ਵਾਲੇ ਸਿੱਖ ਸ਼ਰਧਾਲੂ ਕੇਸ ਦਾੜ੍ਹੀ ਵੀ ਰੱਖਦੇ ਹਨ ਅਤੇ ਦਸਤਾਰਾਂ ਵੀ ਸਜਾਉਂਦੇ ਹਨ। ਕੀ ਧਰਮਾਂ ਦੇ ਅਸੂਲਾਂ ਨੂੰ ਸਨਮਾਨ ਦੇਣ ਵਾਲੇ ਡੇਰੇ ਨੂੰ ਸਿੱਖ ਵਿਰੋਧੀ ਕਿਹਾ ਜਾ ਸਕਦਾ ਹੈ?
ਸਵਾਲ : ਡੇਰਾ ਸੱਚਾ ਸੌਦਾ ਕਿਸੇ ਧਰਮ ਵਿਸੇਸ਼ ਦੀ ਮਰਿਆਦਾ ਤੇ ਸੱਭਿਆਚਾਰ ਖਿਲਾਫ਼ ਨਹੀਂ ਹੈ। ਸਿੱਖ ਧਰਮ ਨਾਲ ਸਬੰਧਤ ਬਹੁਤ ਸਾਰੇ ਡੇਰਾ ਸ਼ਰਧਾਲੂ ਅੱਜ ਵੀ ਆਪਣੇ ਬੱਚਿਆਂ ਦੇ ਵਿਆਹ ਅਤੇ ਦੁੱਖ-ਸੁੱਖ ਦੇ ਹੋਰ ਕਾਰਜ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਸੰਪੂਰਨ ਕਰਦੇ ਹਨ। ਕੀ ਕੋਈ ਅਜਿਹੀ ਇੱਕ ਵੀ ਮਿਸਾਲ ਹੈ ਜਦੋਂ ਡੇਰੇ ਦੇ ਕਿਸੇ ਸ਼ਰਧਾਲੂ ਨੂੰ ਸਿੱਖ ਰੀਤੀ-ਰਿਵਾਜਾਂ ਅਨੁਸਾਰ ਆਪਣੇ ਕਾਰਜ ਕਰਨ ਤੋਂ ਰੋਕਿਆ ਗਿਆ ਹੋਵੇ ?
ਸਵਾਲ : ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਅਨੇਕ ਸਿੱਖ ਗੁਰਧਾਮਾਂ ’ਚ ਕੋਰੋਨਾ ਮਹਾਂਮਾਰੀ ਦੌਰਾਨ ਸੈਨੇਟਾਈਜੇਸ਼ਨ ਤੇ ਸਫ਼ਾਈ ਦੀ ਸੇਵਾ ਕੀਤੀ। ਕੀ ਆਪਣੇ ਸ਼ਰਧਾਲੂਆਂ ਨੂੰ ਅਜਿਹੀ ਸਿੱਖਿਆ ਦੇਣ ਵਾਲੇ ਪੂਜਨੀਕ ਗੁਰੂ ਜੀ ਕਿਸੇ ਪਵਿੱਤਰ ਗ੍ਰੰਥ ਦਾ ਅਪਮਾਨ ਕਰਨ ਬਾਰੇ ਕਦੇ ਸੋਚ ਸਕਦੇ ਹਨ?
ਸਵਾਲ : ਜੇਕਰ ਡੇਰਾ ਸਿੱਖ ਧਰਮ ਦੇ ਖਿਲਾਫ਼ ਹੁੰਦਾ ਤਾਂ ਕੀ ਡੇਰੇ ਦੇ ਪਵਿੱਤਰ ਗ੍ਰੰਥਾਂ ’ਚ ਪਵਿੱਤਰ ਗੁਰਬਾਣੀ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ?
ਸਵਾਲ : ਬੀਤੇ ਸਾਲਾਂ ’ਚ ਡੇਰਾ ਸ਼ਰਧਾਲੂਆਂ ਨੇ ਇੱਕ ਗੁਰਦੁਆਰਾ ਸਾਹਿਬ ’ਚ ਲੱਗੀ ਅੱਗ ਆਪਣੀ ਜਾਨ ’ਤੇ ਖੇਡ ਕੇ ਬੁਝਾਈ। ਕੀ ਅਜਿਹਾ ਕਰਨ ਵਾਲੇ ਸ਼ਰਧਾਲੂ ਸਿੱਖ ਧਰਮ ਦੇ ਵਿਰੋੋਧੀ ਹੋ ਸਕਦੇ ਹਨ?
ਸਵਾਲ : ਪੂਜਨੀਕ ਗੁਰੂ ਜੀ ਨੇ ਪੁਸ਼ਾਕ ਦੇ ਮਾਮਲੇ ’ਚ ਫਰਮਾਇਆ ਸੀ ਕਿ ਉਹ ਕਿਸੇ ਵੀ ਸਿੱਖ ਗੁਰੂ ਸਾਹਿਬਾਨ ਦੀ ਨਕਲ ਕਰਨਾ ਤਾਂ ਦੂਰ, ਅਜਿਹਾ ਸੋਚ ਵੀ ਨਹੀਂ ਸਕਦੇ। ਕੀ ਇਹ ਸ਼ਬਦ ਗੁਰੂ ਸਾਹਿਬਾਨਾਂ ਦੀ ਮਹਾਨਤਾ ਅਤੇ ਉਨ੍ਹਾਂ ਦੇ ਸਤਿਕਾਰ ਤੋਂ ਖਾਲੀ ਹਨ?
ਸਵਾਲ : ਪੂਜਨੀਕ ਗੁਰੂ ਜੀ ਸਤਿਸੰਗਾਂ ਦੌਰਾਨ ਸਿੱਖ ਗੁਰੂਆਂ ਲਈ ‘ਭਗਵਾਨ ਸਰੂਪ ਗੁਰੂ ਸਾਹਿਬਾਨ ’ ਅਤੇ ਗੁਰਬਾਣੀ ਲਈ ‘ਪਵਿੱਤਰ ਗੁਰਬਾਣੀ’ ਸ਼ਬਦ ਵਰਤਦੇ ਹਨ। ਕੀ ਅਜਿਹਾ ਕਹਿਣ ਵਾਲੇ ਪੂਜਨੀਕ ਗੁਰੂ ਜੀ ਸਿੱਖ ਵਿਰੋਧੀ ਹੋ ਸਕਦੇ ਹਨ?
ਸੰਪਾਦਕ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ