ਪੁਲਿਸ ਦਾ ਗੈਰ-ਜ਼ਿੰਮੇਵਾਰ ਵਤੀਰਾ

Police, NonResponsible, Behavior

ਪੰਜਾਬ ਪੁਲਿਸ ਦੀ ਲਾਪ੍ਰਵਾਹੀ ਤੇ ਸੰਵੇਦਨਹੀਣਤਾ ਦੀਆਂ ਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਡਿਊਟੀ ਪ੍ਰਤੀ ਗੈਰ-ਜ਼ਿੰਮੇਵਾਰਾਨਾ ਵਿਹਾਰ ਦੀ ਇੰਤਹਾ ਉਸ ਵੇਲੇ ਹੋ ਗਈ ਜਦੋਂ ਬੀਤੇ ਦਿਨੀਂ ਲੁਧਿਆਣਾ ਨੇੜੇ ਇੱਕ ਲੜਕੀ ਨੂੰ ਅਗਵਾ ਕਰਨ ਦੀ ਸ਼ਿਕਾਇਤ ਮਿਲਣ ਦੇ ਬਾਵਜ਼ੂਦ ਪੁਲਿਸ ਮੁਲਾਜ਼ਮਾਂ ਨੇ ਘਟਨਾ ਸਥਾਨ ‘ਤੇ ਪਹੁੰਚਣ ਦੀ ਜ਼ਹਿਮਤ ਨਹੀਂ ਉਠਾਈ ਅਪਰਾਧੀਆਂ ਨਾਲ ਘਿਰੇ ਲੜਕੇ-ਲੜਕੀ ਦਾ ਫੋਨ ਆਉਣ ‘ਤੇ ਉਨ੍ਹਾਂ ਦਾ ਦੋਸਤ ਮੱਦਦ ਲਈ ਥਾਣੇ ਪੁੱਜਾ ਸੀ ਜੇਕਰ ਪੁਲਿਸ ਸਮੇਂ ਸਿਰ ਪਹੁੰਚ ਜਾਂਦੀ ਤਾਂ ਹੋ ਸਕਦਾ ਸੀ ਲੜਕੀ 12 ਵਿਅਕਤੀਆਂ ਦੀ ਦਰਿੰਦਗੀ ਦਾ ਸ਼ਿਕਾਰ ਹੋਣੋਂ ਬਚ ਜਾਂਦੀ ਪੁਲਿਸ ਨੇ 24 ਘੰਟੇ ਬਾਅਦ ਪਰਚਾ ਉਸ ਵੇਲੇ ਦਰਜ ਕੀਤਾ ਮਾਮਲੇ ਨੇ ਤੂਲ ਫੜ੍ਹਿਆ ਤਦ ਇੱਕ ਪੁਲਿਸ ਅਫ਼ਸਰ ਨੂੰ ਮੁਅੱਤਲ ਕਰ ਦਿੱਤਾ ਗਿਆ ਦਿੱਲੀ ਅੰਦਰ 2012 ‘ਚ ਵਾਪਰੇ ਨਿਰਭੈਆ ਕਾਂਡ ਤੋਂ ਬਾਅਦ ਆਸ ਕੀਤੀ ਜਾਣ ਲੱਗੀ ਸੀ ਕਿ ਔਰਤਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਜਾਣਗੇ ਤੇ ਪੁਲਿਸ ਅਪਰਾਧੀਆਂ ‘ਤੇ ਸ਼ਿਕੰਜਾ ਕੱਸੇਗੀ ।

ਇਸ ਸਬੰਧੀ ਇੱਕ ਵਾਰ ਤਾਂ ਪੰਜਾਬ ਅੰਦਰ ਸਕੂਟੀ ਸਵਾਰ ਮਹਿਲਾ ਪੁਲਿਸ ਮੁਲਾਜ਼ਮਾਂ ਦੇ ਦਸਤੇ ਤਾਇਨਾਤ ਕੀਤੇ ਗਏ ਤੇ ਸਰਕਾਰ ਦੀ ਦਰੁਸਤਗੀ ਦਾ ਪ੍ਰਚਾਰ ਕੀਤਾ ਗਿਆ ਪਰ ਕੁਝ ਮਹੀਨਿਆਂ ਅੰਦਰ ਹੀ ਸਭ ਕੁਝ ਹਵਾ ਹੋ ਕੇ ਰਹਿ ਗਿਆ ਪੁਲਿਸ ਅਜੇ ਆਪਣੇ ਪੁਰਾਣੇ ਕਲਚਰ ਨੂੰ ਤਿਆਗਣ ਦਾ ਨਾਂਅ ਨਹੀਂ ਲੈ ਰਹੀ ਫਰਿਆਦੀ ਦੀ ਪੁਕਾਰ ਸੁਣ ਕੇ ਪੁਲਿਸ ਦੀ ਸਰਗਰਮੀ ਨਜ਼ਰ ਨਹੀਂ ਆਉਂਦੀ ਲੰਮੇ ਸਮੇਂ ਤੋਂ ਇਹੀ ਦੋਸ਼ ਲੱਗਦੇ ਆ ਰਹੇ ਹਨ ਕਿ ਉਦੋਂ ਤੱਕ ਐੱਫਆਈਆਰ ਦਰਜ ਨਹੀਂ ਕੀਤੀ ਜਾਂਦੀ ਜਦੋਂ ਤੱਕ ਕੋਈ ਸਿਆਸੀ ਫੋਨ ਨਾ ਆਵੇ ਜਾਂ ਫਿਰ ਜਦੋਂ ਤੱਕ ਮਾਮਲਾ ਪੂਰੀ ਤਰ੍ਹਾਂ ਤੂਲ ਨਾ ਫੜ੍ਹ ਜਾਵੇ ਜਿਹੜੀ ਪੁਲਿਸ ਸਿਆਸੀ ਇਸ਼ਾਰਿਆਂ ‘ਤੇ ਵਿਰੋਧੀਆਂ ‘ਤੇ ਝੱਟ ਪਰਚੇ ਦਰਜ ਕਰ ਦਿੰਦੀ ਹੈ ਉਹੀ ਪੁਲਿਸ ਇਤਲਾਹ ਮਿਲਣ ‘ਤੇ ਵੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਸਮਝਦੀ ਲੁਧਿਆਣਾ ਦੁਰਾਚਾਰ ਮਾਮਲੇ ‘ਚ ਸ਼ੱਕੀਆਂ ਦੇ ਸਕੈੱਚ ਜਾਰੀ ਹੋ ਗਏ ਤੇ ਦੇਰ-ਸਵੇਰ ਸਾਰੇ ਮੁਲਜ਼ਮ ਫੜ੍ਹੇ ਜਾਣਗੇ ਪਰ ਜਿੱਥੋਂ ਤੱਕ ਅਪਰਾਧਾਂ ਦੇ ਗ੍ਰਾਫ਼ ਦੇ ਹੇਠਾਂ ਆਉਣ ਦਾ ਸਬੰਧ ਹੈ ਉਸ ਦੀ ਆਸ ਕਰਨੀ ਸੌਖੀ ਨਹੀਂ ਪੁਲਿਸ ਅਜਿਹਾ ਪ੍ਰਭਾਵ ਨਹੀਂ ਬਣਾ ਸਕੀ ਕਿ ਅਪਰਾਧੀਆਂ ਦੇ ਦਿਲ ‘ਚ ਕਾਨੂੰਨ ਦਾ ਕੋਈ ਭੈਅ ਪੈਦਾ ਹੋਵੇ ਪੁਲਿਸ ਨੂੰ ਆਮ ਲੋਕਾਂ ਪ੍ਰਤੀ ਆਪਣੀ ਡਿਊਟੀ ਨਿਭਾਉਣੀ ਪਵੇਗੀ ਸਿਰਫ ਮੰਤਰੀਆਂ ਦੇ ਦੌਰੇ ਜਾਂ ਰੈਲੀਆਂ ਨੂੰ ਸਫਲ ਬਣਾਉਣਾ ਹੀ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਆਮ ਆਦਮੀ ਪੁਲਿਸ ਦੀ ਮੌਜ਼ੂਦਗੀ ‘ਚ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰੇ, ਇਸ ਵਾਸਤੇ ਪੁਲਿਸ ਨੂੰ ਸਿਰਫ ਹਥਿਆਰਾਂ ਦੀ ਨਹੀਂ ਸਗੋਂ ਮਨੁੱਖਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਵੀ ਹਮੇਸ਼ਾ ਦਿਲੋ-ਦਿਮਾਗ ‘ਚ ਵਸਾਉਣਾ ਪਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।