ਕੈਪਟਨ ਸਾਹਿਬ, ਅਧਿਕਾਰੀਆਂ ਦੀ ਕਰੋ ਖਿਚਾਈ ਅਤੇ ਅਗਲਾ ਇੱਕ ਸਾਲ ਕਰੋ ਦੱਬ ਕੇ ਕੰਮ ਤਾਂ ਹੋਊ ਕਾਂਗਰਸ ਦੀ ਵਾਪਸੀ

ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਕੀਤੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ, ਪੌਣਾ ਘੰਟੇ ਤੱਕ ਦਾ ਬਿਤਾਇਆ ਸਮਾਂ

ਕਿਹਾ, ਵਿਰੋਧੀ ਸੁਰਾਂ ਨਹੀਂ ਅਲਾਪ ਰਿਹਾ ਬੱਸ ਸਚਾਈ ਉਹ ਬਿਆਨ ਕੀਤੀ ਹੈ, ਹੁਣ ਅੰਦਰ ਵੀ ਇਹੋ ਕਰਕੇ ਆਇਆਂ

ਚੰਡੀਗੜ,(ਅਸ਼ਵਨੀ ਚਾਵਲਾ)। ਕੈਪਟਨ ਸਾਹਿਬ, (Amrinder singh) ਅਧਿਕਾਰੀਆਂ ਦੀ ਖਿਚਾਈ ਕਰਕੇ ਹੁਣ ਅਗਲਾ ਇੱਕ ਸਾਲ ਦਬ ਕੇ ਕੰਮ ਕਰਨਾ ਪਏਗਾ ਤਾਂ ਹੀ ਕਾਂਗਰਸ ਦੀ ਮੁੜ ਤੋਂ ਜਨਤਾ ਦੇ ਦਰਬਾਰ ਵਿੱਚ ਵਾਪਸੀ ਹੋਏਗੀ ਨਹੀਂ ਤਾਂ ਪੰਜਾਬ ਦੀ ਜਨਤਾ ਇਸ ਸਮੇਂ ਕਾਂਗਰਸ ਸਰਕਾਰ ਤੋਂ ਖਾਸੀ ਨਰਾਜ਼ ਹੋਣ ਕਾਰਨ ਕੋਈ ਹੋਰ ਮਨ ਬਣਾਉਣ ਲਈ ਮਜਬੂਰ ਹੋਈ ਬੈਠੀ ਹੈ। ਪੰਜਾਬ ਦੇ ਅਧਿਕਾਰੀ ਉਸ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਹਨ, ਜਿਸ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਸੀ। ਕਾਂਗਰਸ ਪਾਰਟੀ ਦੇ ਵਾਅਦੇ ਮੁਕੰਮਲ ਕਰਨ ਦਾ ਹੁਣ ਸਮਾਂ ਆ ਗਿਆ ਹੈ, ਕਿਉਂਕਿ ਇਸ ਤੋਂ ਜਿਆਦਾ ਦੇਰੀ ਕੀਤੀ ਤਾਂ ਬਹੁਤ ਹੀ ਜਿਆਦਾ ਦੇਰ ਹੋ ਜਾਏਗੀ।

ਇਹ ਸਾਰਾ ਕੁਝ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਹਿ ਕੇ ਆਏ ਹਨ। ਕੁਝ ਦਿਨ ਪਹਿਲਾਂ ਤੱਕ ਸਿਰਫ਼ ਇੱਕ ਚਿੱਠੀ ਰਾਹੀਂ ਆਪਣਾ ਗੁੱਸਾ ਜ਼ਾਹਿਰ ਕਰਨ ਵਾਲੇ ਉਨ੍ਹਾਂ ਨੇ ਬੁੱਧਵਾਰ ਨੂੰ ਅਮਰਿੰਦਰ ਸਿੰਘ ਨਾਲ ਪਿੰਡ ਸਿਸਵਾਂ ਵਿਖੇ ਸਥਿਤ ਨਿੱਜੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਅਮਰਿੰਦਰ ਸਿੰਘ ਦੀ ਇਸ ਨਿੱਜੀ ਰਿਹਾਇਸ਼ ਦੇ ਆਸ਼ੇ ਪਾਸੇ ਵੀ ਜਾਣ ਲਈ ਪਾਬੰਦੀ ਲੱਗੀ ਹੋਈ ਹੈ।

ਪਰਗਟ ਸਿੰਘ ਆਪਣੇ ਤੈਅ ਸਮੇਂ ਅਨੁਸਾਰ ਅਮਰਿੰਦਰ ਸਿੰਘ ਨੂੰ ਮਿਲਣ ਲਈ ਇਸ ਰਿਹਾਇਸ਼ ਵਿੱਚ ਦਾਖ਼ਲ ਤਾਂ ਹੋ ਗਏ ਪਰ ਅੰਦਰ ਕਿੰਨੀ ਦੇਰ ਗੱਲਬਾਤ ਹੋਈ ਅਤੇ ਉਸ ਗੱਲਬਾਤ ਦੌਰਾਨ ਕੌਣ-ਕੌਣ ਹਾਜਰ ਸੀ, ਇਸ ਸਬੰਧੀ ਪਰਗਟ ਸਿੰਘ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਉਨ੍ਹਾਂ ਲਗਭਗ ਪੌਣਾ ਘੰਟੇ ਮੁੱਖ ਮੰਤਰੀ ਦੀ ਰਿਹਾਇਸ਼ ਵਿੱਚ ਬਿਤਾਇਆ ਹੈ।

ਪਰਗਟ ਸਿੰਘ ਨੇ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨਾਂ ਦੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਾਰੀ ਗੱਲਬਾਤ ਸੁਣ ਕੇ ਉਸ ਨੂੰ ਲਾਗੂ ਕਰਨ ਬਾਰੇ ਵੀ ਭਰੋਸਾ ਦਿੱਤਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ  ਨੂੰ ਉਨਾਂ ਕਿਹਾ ਕਿ ਪੰਜਾਬ ਦੀ ਜਨਤਾ ਉਹ ਅਮਰਿੰਦਰ ਸਿੰਘ ਨੂੰ ਦਿਲੋਂ ਚਾਹੁੰਦੀ ਹੈ, ਜਿਸ ਨੇ 1984 ਦੌਰਾਨ ਆਪਣਾ ਅਸਤੀਫ਼ਾ ਦੇ ਦਿੱਤਾ ਸੀ ਅਤੇ ਸਾਲ 2002 ਦੀ ਸਰਕਾਰ ਦੌਰਾਨ ਪੰਜਾਬ ਦੇ ਪਾਣੀਆਂ ਦੇ ਰਾਖੇ ਬਣੇ ਸਨ। ਉਸੇ ਅਮਰਿੰਦਰ ਸਿੰਘ ਨੂੰ ਹੁਣ ਵਾਪਸ ਆਉਣਾ ਪਏਗਾ ਨਹੀਂ ਤਾਂ ਖਾਸੀ ਦੇਰ ਹੋ ਜਾਏਗੀ।

Amrinder singh | ਪਰਗਟ ਸਿੰਘ ਨੇ ਦੱਸਿਆ ਕਿ ਉਨਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਜਲਦ ਹੀ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਚੋਣ ਮਨੋਰਥ ਪੱਤਰ ਦੇ ਸਾਰੇ ਵਾਅਦੇ ਪੂਰੇ ਕਰਨ ਵਲ ਤੁਰਨਾ ਚਾਹੀਦਾ ਹੈ ਤਾਂ ਅਗਲੇ ਇੱਕ ਸਾਲ ਦੌਰਾਨ ਉਹ ਕੰਮ ਕਰ ਦਿੱਤੇ ਜਾਣ, ਇਨਾਂ ਕੰਮਾਂ ਦੀ ਪੰਜਾਬ ਦੀ ਜਨਤਾ ਊਨਾਂ ਤੋਂ ਆਸ ਵੀ ਕਰ ਰਹੀਂ ਹੈ।

ਉਨਾਂ ਦੱਸਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਉਨਾਂ ਨੂੰ ਭਰੋਸਾ ਦਿੱਤਾ ਕਿ ਇਸ ਸਾਰੇ ਮਾਮਲੇ ਵਿੱਚ ਉਹ ਜਲਦ ਹੀ ਵਿਚਾਰ ਕਰਦੇ ਹੋਏ ਕੋਈ ਨਾ ਕੋਈ ਕਦਮ ਜਰੂਰ ਚੁੱਕਣਗੇ

ਪਰਗਟ ਸਿੰਘ ਨੇ ਇਥੇ ਇਹ ਵੀ ਕਿਹਾ ਉਨਾਂ ਨੇ ਜਿਹੜੀ ਚਿੱਠੀ ਅਮਰਿੰਦਰ ਸਿੰਘ ਨੂੰ ਲਿਖੀ ਸੀ, ਉਹ ਅੱਜ ਵੀ ਉਸੇ ਚਿੱਠੀ ‘ਤੇ ਪੂਰੀ ਤਰਾਂ ਕਾਇਮ ਹਨ ਅਤੇ ਕਦੇ ਵੀ ਉਸ ਤੋਂ ਮੁਨਕਰ ਨਹੀਂ ਹੋਣਗੇ। ਉਨਾਂ ਕਿਹਾ ਕਿ ਹਰ ਵਿਧਾਇਕ ਨੂੰ ਇਹ ਹੱਕ ਹੈ ਕਿ ਉਹ ਆਪਣੇ ਸੂਬੇ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖਦੇ ਹੋਏ ਆਪਣੀ ਗਲ ਰੱਖ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।