ਅਮੀਰ ਬਣਨ ਲਈ ਫਿਰੌਤੀ ਦੀ ਸਕੀਮ ਘੜਨ ਵਾਲਾ ਚੜ੍ਹਿਆ ਪੁਲਿਸ ਅੜਿੱਕੇ

Police, Hindrances, Wake, Ransom, Scheme, Become, Rich

ਬੰਦ ਲਿਫਾਫਾ ਭੇਜ ਕੇ ਮੰਗੀ ਸੀ ਫਿਰੌਤੀ

ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਸੀਆਈਏ ਸਟਾਫ ਬਠਿੰਡਾ ਨੇ ਰਾਮਾਂ ਮੰਡੀ ਦੇ ਇੱਕ ਕਾਰੋਬਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ ‘ਚ ਪਿੰਡ ਰਾਮਸਰਾ ਦੇ ਬੇਅੰਤ ਸਿੰਘ ਨਾਂਅ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਵਿਅਕਤੀ ਨੇ ਛੇਤੀ ਅਮੀਰ ਬਣਨ ਲਈ ਇਹ ਸਕੀਮ ਘੜੀ ਸੀ, ਜਿਸ ਤਹਿਤ ਇੱਕ ਆਟੋ ਚਾਲਕ ਰਾਹੀਂ ਲਿਫਾਫਾ ਕਾਰੋਬਾਰੀ ਕੋਲ ਭੇਜਿਆ ਸੀ। ਇਸ ਮਾਮਲੇ ‘ਚ ਦੋ ਆਟੋ ਚਾਲਕ ਵੀ ਪੁਲਿਸ ਨੇ ਜੁਡੀਸ਼ੀਅਲ ਰਿਮਾਂਡ ‘ਤੇ ਰੱਖੇ ਹੋਏ ਹਨ।

ਬੇਅੰਤ ਸਿੰਘ ਨੇ ਇੱਕ ਹੋਰ ਦੁਕਾਨਦਾਰ ਤੋਂ ਵੀ ਫੋਨ ‘ਤੇ ਫਿਰੌਤੀ ਮੰਗਣ ਦੀ ਗੱਲ ਪੁਲਿਸ ਕੋਲ ਕਬੂਲ ਕੀਤੀ ਹੈ। ਜਾਣਕਾਰੀ ਅਨੁਸਾਰ ਬੇਅੰਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਰਾਮਸਰਾ ਜੋ ਨਸ਼ੇ ਕਰਨ ਦਾ ਆਦੀ ਹੈ ਤੇ ਥੋੜ੍ਹੀ ਜ਼ਮੀਨ ਦਾ ਮਾਲਕ ਹੈ, ਨੇ ਛੇਤੀ ਅਮੀਰ ਬਣਨ ਲਈ ਇੱਕ ਆਟੋ ਚਾਲਕ ਰਾਹੀਂ ਬੰਦ ਲਿਫਾਫਾ ਭੇਜਕੇ ਪ੍ਰੇਮ ਬਾਂਸਲ ਪੁੱਤਰ ਹੇਮਰਾਜ ਬਾਂਸਲ ਵਾਸੀ ਮਾਡਲ ਟਾਉੂਨ ਬਠਿੰਡਾ, ਜਿਸ ਦਾ ਰਿਫਾਇਨਰੀ ਰੋਡ ਰਾਮਸਰਾਂ ਵਿਖੇ ਬਜਰੀ ਦਾ (ਆਰ.ਐਮ.ਸੀ) ਪਲਾਂਟ ਕਰੀਬ ਢਾਈ ਸਾਲ ਤੋਂ ਚੱਲ ਰਿਹਾ ਹੈ, ਤੋਂ 8 ਜੂਨ ਨੂੰ ਚਿੱਠੀ ਰਾਹੀਂ ਫਿਰੌਤੀ ਮੰਗੀ ਸੀ। ਪ੍ਰੇਮ ਬਾਂਸਲ ਨੂੰ ਇਹ ਚਿੱਠੀ ਵਾਲਾ ਲਿਫਾਫਾ ਇੱਕ ਆਟੋ ਚਾਲਕ ਨੇ ਫੜਾਇਆ ਸੀ, ਜਿਸ ‘ਚ ਪੰਜਾਬੀ ਭਾਸ਼ਾ ਵਿੱਚ 30 ਲੱਖ ਰੁਪਏ ਫਿਰੌਤੀ ਦੇਣ ਅਤੇ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਤੇ ਪੁਲਿਸ ਨੂੰ ਇਤਲਾਹ ਦੇਣ ਬਦਲੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੋਈ ਸੀ। ਚਿੱਠੀ ਦੇਣ ਵਾਲੇ ਨੇ ਆਪਣਾ ਨਾਂਅ ਨੀਰਜ ਕੁਮਾਰ ਦੱਸਿਆ ਸੀ।

 ਨੀਰਜ ਕੁਮਾਰ ਨੇ ਪ੍ਰੇਮ ਬਾਂਸਲ ਨੂੰ ਦੱਸਿਆ ਸੀ ਕਿ ਉਸ ਨੂੰ ਇਹ ਚਿੱਠੀ ਰਾਜੂ ਸਿੰਘ ਉਰਫ ਰਾਜੀ ਪੁੱਤਰ ਮੁਖਤਿਆਰ ਸਿੰਘ ਫੱਤੀਵਾਲੀ ਢਾਹਣੀ ਤਲਵੰਡੀ ਰੋਡ ਰਾਮਾਂ ਨੇ ਦਿੱਤੀ ਸੀ। ਪੁਲਿਸ ਨੇ ਨੀਰਜ ਕੁਮਾਰ ਅਤੇ ਰਾਜੂ ਸਿੰਘ ਉਰਫ ਰਾਜੀ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ। ਰਾਜੂ ਸਿੰਘ ਉਰਫ ਰਾਜੀ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਆਟੋ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ ਜੋ ਅਕਸਰ ਰਾਮੇ ਤੋਂ ਰਿਫਾਇਨਰੀ ਸਵਾਰੀਆਂ ਛੱਡਣ ਆਉਂਦਾ-ਜਾਂਦਾ ਰਹਿੰਦਾ ਹੈ ਅਤੇ ਨੀਰਜ ਕੁਮਾਰ ਵੀ ਆਟੋ ਚਲਾਉਂਦਾ ਹੈ ਜੋ ਉਸਦਾ ਦੋਸਤ ਹੈ ਤੇ ਉਹ ਵੀ ਰਿਫਾਇਨਰੀ ਆਟੋ ‘ਤੇ ਸਵਾਰੀਆਂ ਛੱਡਣ ਆਉਂਦਾ-ਜਾਂਦਾ ਰਹਿੰਦਾ ਹੈ।

ਇਸੇ ਦੌਰਾਨ 8 ਜੂਨ ਨੂੰ ਜਦੋਂ ਉਹ ਰਾਮੇਂ ਆਟੋ ਸਟੈਂਡ ‘ਤੇ ਖੜ੍ਹਾ ਸੀ ਤਾਂ ਉਸ ਵਕਤ ਦੁਪਹਿਰੇ ਇੱਕ ਨਾਮਾਲੂਮ ਵਿਅਕਤੀ, ਜਿਸ ਦੀ ਉਮਰ ਕਰੀਬ 50 ਸਾਲ ਸੀ , ਉਹ ਬੰਦ ਲਿਫਾਫਾ ਪ੍ਰੇਮ ਕੁਮਾਰ ਬਾਂਸਲ ਨੂੰ ਦੇਣ ਲਈ ਕਿਹਾ ਸੀ। ਉਸ ਨੇ ਤਰਸ ਦੇ ਅਧਾਰ ‘ਤੇ ਉਹ ਲਿਫਾਫਾ ਫੜ ਲਿਆ। ਪਰੰਤੂ ਉਸਨੂੰ ਕਿਸੇ ਹੋਰ ਪਾਸੇ ਦਾ ਗੇੜਾ ਮਿਲਣ ‘ਤੇ ਆਪਣੇ ਦੋਸਤ ਨੀਰਜ ਕੁਮਾਰ ਨੂੰ ਦੇ ਦਿੱਤਾ ਸੀ। ਪੁਲਿਸ ਨੇ ਇਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਦੀ ਪੁੱਛਗਿਛ ਕੀਤੀ ਤਾਂ ਇਹਨਾਂ ਦੋਵਾਂ ਨੇ ਚਿੱਠੀ ਦੇਣ ਵਾਲੇ ਨਾ ਮਾਲੂਮ ਵਿਅਕਤੀ ਦਾ ਹੋਰ ਅਤਾ-ਪਤਾ ਨਾ ਪਤਾ ਹੋਣ ਬਾਰੇ ਮਜ਼ਬੂਰੀ ਜ਼ਾਹਰ ਕੀਤੀ ਸੀ ਜੋ ਹੁਣ ਜੂਡੀਸ਼ੀਅਲ ਰਿਮਾਂਡ ਵਿੱਚ ਬਠਿੰਡਾ ਜੇਲ੍ਹ ਵਿੱਚ ਬੰਦ ਹਨ।

ਕੇਸ ਦੀ ਤਫਤੀਸ਼ ਇੰਸਪੈਕਟਰ ਰਜਿੰਦਰ ਕੁਮਾਰ ਸੀ.ਆਈ.ਏ.ਸਟਾਫ ਬਠਿੰਡਾ ਨੂੰ ਸੌਪੀ ਗਈ ਤਾਂ ਉਨ੍ਹਾਂ ਨੇ ਤੱਥਾਂ ਦੇ ਅਧਾਰ ‘ਤੇ ਬੇਅੰਤ ਸਿੰਘ ਪੁੱਤਰ ਜਰਨੈਲ ਸਿੰਘ ਰਾਮਸਰਾਂ ਨੂੰ ਮੁਕੱਦਮੇ ‘ਚ ਸ਼ਾਮਲ ਕੀਤਾ ਤਾਂ ਅੱਜ ਰਿਫਾਇਨਰੀ ਟਾਊੁਨਸ਼ਿਪ ਦੇ ਨੇੜਿਓਂ ਗ੍ਰਿਫਤਾਰ ਕਰ ਲਿਆ। ਇਸ ਵਿਅਕਤੀ ਦੇ ਘਰੋਂ ਇਕ ਕਾਲੇ ਰੰਗ ਦਾ ਫੋਨ, ਇੱਕ ਅਛਰੂ ਕੁਮਾਰ ਕਰਿਆਨਾ ਸਟੋਰ ਰਾਮਾਂ ਮੰਡੀ ਦਾ ਵਿਜੀਟਿੰਗ ਕਾਰਡ , ਇੱਕ ਲਾਈਨਦਾਰ ਕਾਪੀ ਬਰਾਮਦ ਕੀਤੇ ਹਨ।

ਬੇਅੰਤ ਸਿੰਘ ਨੇ ਮੰਨਿਆਂ ਕਿ 8 ਜੂਨ ਨੂੰੰ ਫਿਰੌਤੀ ਵਾਲੀ ਚਿੱਠੀ ਆਟੋ ਰਿਕਸ਼ੇ ਵਾਲਿਆਂ ਨੂੰ ਉਸ ਨੇ ਹੀ ਦਿੱਤੀ ਸੀ ਅਤੇ ਮਨੋਜ ਕੁਮਾਰ ਵਾਸੀ ਰਾਮਾ ਮੰਡੀ, ਜੋ ਕਰਿਆਨੇ ਦੀ ਦੁਕਾਨ ਕਰਦਾ ਹੈ, ਨੂੰ ਫੋਨ ਕਰਕੇ ਲੱਖਾਂ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਤੇ ਨਾ ਦੇਣ ਦੀ ਸੂਰਤ ਵਿੱਚ ਮਨੋਜ ਕੁਮਾਰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪੁਲਿਸ ਨੇ ਦੱਸਿਆ ਕਿ ਬੇਅੰਤ ਸਿੰਘ, ਜੋ ਨਸ਼ਾ ਕਰਨ ਦਾ ਆਦਿ ਹੈ, ਨੇ ਲਾਲਚ ਵਿੱਚ ਆ ਕੇ ਜਲਦੀ ਅਮੀਰ ਬਣਨ ਦੀ ਕੋਸ਼ਿਸ਼ ਕੀਤੀ ਸੀ। ਪਰੰਤੂ ਫੜਿਆ ਗਿਆ ਹੈ, ਜਿਸ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।