ਯੂਪੀ ‘ਚ ਡਾਵਾਂਡੋਲ ਕਾਨੂੰਨ ਪ੍ਰਬੰਧ

lawless,  law, Arrangement, UP

ਭੜਕੀ ਭੀੜ ਵੱਲੋਂ ਹਿੰਸਾ ਦੀਆਂ ਘਟਨਾਵਾਂ ‘ਚ ਉੱਤਰ ਪ੍ਰਦੇਸ਼ ਸੁਰਖੀਆਂ ‘ਚ ਰਿਹਾ ਹੈ ਸੁਪਰੀਮ ਕੋਰਟ ਦੀ ਸਖ਼ਤੀ ਦੇ ਬਾਵਜੂਦ ਇਸ ਸੂਬੇ ‘ਚ ਹੌਲਨਾਕ ਘਟਨਾਵਾਂ ਵਾਪਰ ਰਹੀਆਂ ਹਨ ਤਾਜ਼ਾ ਘਟਨਾ ਜ਼ਿਲ੍ਹਾ ਗਾਜੀਪੁਰ ਦੀ ਹੈ।

ਜਿੱਥੇ ਭੀੜ ਨੇ ਪ੍ਰਧਾਨ ਮੰਤਰੀ ਦੀ ਰੈਲੀ ਦੀ ਡਿਊਟੀ ਤੋਂ ਵਾਪਸ ਪਰਤ ਰਹੀ ਪੁਲਿਸ ਟੀਮ ‘ਤੇ ਹਮਲਾ ਕਰ ਦਿੱਤਾ ਤੇ ਇੱਕ ਸਿਪਾਹੀ ਦੀ ਮੌਤ ਹੋ ਗਈ ਪੁਲਿਸ ਮੁਲਾਜ਼ਮ ਇੱਕ ਵਰਗ ਵਿਸ਼ੇਸ਼ ਦੇ ਲੋਕਾਂ ਵੱਲੋਂ ਲਾਏ ਹੋਏ ਜਾਮ ਨੂੰ ਖੁਲਵਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਜੇ ਥੋੜ੍ਹੇ ਦਿਨਾਂ ਦੀ ਗੱਲ ਹੈ ਕਿ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ‘ਚ  ਇੱਕ ਪੁਲਿਸ ਇੰਸਪੈਕਟਰ ਨੂੰ ਭੜਕੀ ਭੀੜ ਹੱਥੋਂ ਜਾਨ ਗਵਾਉਣੀ ਪੈ ਗਈ ਅਜਿਹਾ ਲੱਗਦਾ ਹੈ ਜਿਵੇਂ ਸੂਬੇ ‘ਚ ਕਾਨੂੰਨ ਨਾਂਅ ਦੀ ਕੋਈ ਚੀਜ਼ ਨਾ ਹੋਵੇ ਹੈਰਾਨੀ ਹੈ ਕਿ ਯੋਗੀ ਸਰਕਾਰ ਸੂਬੇ ‘ਚ ਮੌਬ ਲਿੰਚਿੰਗ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ, ਉਹ ਹਜ਼ੂਮੀ ਹਿੰਸਾ ਨੂੰ ਘਟਨਾ ਕਰਾਰ ਦੇ ਰਹੇ ਹਨ ਦਰਅਸਲ ਪਿਛਲੇ ਦੋ ਸਾਲਾਂ ‘ਚ ਦੇਸ਼ ਅੰਦਰ ਵਾਪਰੀਆਂ ਹਜ਼ੂਮੀ ਹਿੰਸਾ (ਮੌਬ ਲਿੰਚਿੰਗ) ਦੀਆਂ ਘਟਨਾਵਾਂ ਨੇ ਕੱਟੜ ਲੋਕਾਂ ‘ਚ ਇਹ ਸੋਚ ਪੈਦਾ ਕਰ ਦਿੱਤੀ ਹੈ ਕਿ ਉਹ ਕੁਝ ਵੀ ਕਰਨ ਸਰਕਾਰ ਉਹਨਾਂ ਖਿਲਾਫ਼ ਕੁਝ ਵੀ ਨਹੀਂ ਕਰੇਗੀ ਅਜਿਹੇ ਮਾਮਲੇ ਏਨੇ ਉਲਝਣ ਭਰੇ ਹੁੰਦੇ ਹਨ ਕਿ ਮੁਲਜ਼ਮਾਂ ਖਿਲਾਫ਼ ਕਾਰਵਾਈ ਕਰਨੀ ਔਖੀ ਹੁੰਦੀ ਹੈ ਤੇ ਕੱਟੜਪੰਥੀ ਸਮੂਹ ਮੁਲਜ਼ਮਾਂ ਨੂੰ ਬਚਾਉਣ ਲਈ ਸਰਕਾਰ ‘ਤੇ ਦਬਾਅ ਪਾਉਂਦੇ ਹਨ ਕਹਿਣ ਨੂੰ ਮੁੱਖ ਮੰਤਰੀ ਅਦਿੱਤਿਆਨਾਥ ਯੋਗੀ ਅਪਰਾਧੀਆਂ ਨੂੰ ਨੱਥ ਪਾਉਣ ਦੇ ਦਾਅਵੇ ਕਰਦੇ ਹਨ ਪਰ ਅਸਲੀਅਤ ਹੈ ਕਿ ਸੂਬੇ ‘ਚ ਧਰਮ, ਜਾਤ, ਖੇਤਰ ਦੇ ਨਾਂਅ ‘ਤੇ ਸਿਰਫ਼ ਕੱਟੜਤਾ ਤੇ ਇੱਕਜੁਟਤਾ ਵਧੀ ਹੈ ।

ਇਹ ਗੱਲ ਚਿੰਤਾਜਨਕ ਹੈ ਕਿ ਖੁਦ ਮੁੱਖ ਮੰਤਰੀ ਅਦਿੱਤਿਆਨਾਥ ਅਜਿਹੇ ਬਿਆਨ ਦੇਂਦੇ ਰਹਿੰਦੇ ਹਨ ਜੋ ਵੱਖ-ਵੱਖ ਵਰਗਾਂ ‘ਚ ਟਕਰਾਓ ਦਾ ਕਾਰਨ ਬਣਦੇ ਹਨ ਕੱਟੜ ਸੰਗਠਨਾਂ ਦੇ ਲੋਕ ਆਪਣੇ ਨਾਲ ਸਬੰਧਿਤ ਮੁਲਜ਼ਮਾਂ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕਰਦੇ ਹਨ ਹਾਲਾਤ ਇੱਥੋਂ ਤੱਕ ਪੁੱਜ ਗਏ ਹਨ ਕਿ ਜਿਹੜੀ ਪੁਲਿਸ ਅਮਨ-ਕਾਨੂੰਨ ਦੀ ਸੁਰੱਖਿਆ ਦੀ ਗਾਰੰਟੀ ਦਿੰਦੀ ਹੈ, ਉਹ ਖੁਦ ਹੀ ਅਪਰਾਧੀਆਂ ਦੀ ਸ਼ਿਕਾਰ ਬਣਦੀ ਜਾ ਰਹੀ ਹੈ ਸਰਕਾਰੀ ਸੰਸਥਾਵਾਂ ਭੀੜ ਅੱਗੇ ਲਾਚਾਰ ਹੁੰਦੀਆਂ ਹਨ।

ਸਰਕਾਰ ਦੀ ਨੀਅਤ ‘ਤੇ ਹੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਦੇਸ਼ ਅੰਦਰ ਸੰਪ੍ਰਦਾਇਕ ਤਣਾਓ ਬਹੁਤ ਵੱਡੀ ਸਮੱਸਿਆ ਹੈ ਅਜਿਹੇ ਹਾਲਾਤਾਂ  ‘ਚ ਅਪਰਾਧੀਆਂ ਖਿਲਾਫ਼ ਪੁਲਿਸ ਕਾਰਵਾਈ ਦੀ ਆਸ ਨਹੀਂ ਰੱਖੀ ਜਾ ਸਕਦੀ ਉੱਤਰ ਪ੍ਰਦੇਸ਼ ਅਜ਼ਾਦੀ ਵੇਲੇ ਤੋਂ ਸੰਪ੍ਰਦਾਇਕ ਟਕਰਾਓ ਦਾ ਸ਼ਿਕਾਰ ਰਿਹਾ ਹੈ ਜੇਕਰ ਅਪਰਾਧੀ ਤੱਤ ਇਸੇ ਤਰ੍ਹਾਂ ਕਾਨੂੰਨ ਨੂੰ ਛਿੱਕੇ ‘ਤੇ ਟੰਗਦੇ ਰਹੇ ਤਾਂ ਸੂਬੇ ‘ਚ ਸਥਿਤੀ  ਹੋਰ ਜ਼ਿਆਦਾ ਵਿਗੜ ਸਕਦੀ ਹੈ ਸਰਕਾਰ ਅਮਨ ਤੇ ਭਾਈਚਾਰੇ ਨੂੰ ਬਰਕਰਾਰ ਰੱਖਣ ਲਈ ਅਪਰਾਧੀਆਂ ਖਿਲਾਫ਼ ਠੋਸ ਕਾਰਵਾਈ ਕਰੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।