ਪਰਜਾ ਮੰਡਲ ਲਹਿਰ ਦੇ ਮਹਾਨ ਸ਼ਹੀਦ ਸ੍ਰ. ਸੇਵਾ ਸਿੰਘ ਠੀਕਰੀਵਾਲਾ

Seva Singh Thikriwala Sachkahoon

ਬਰਸੀ ’ਤੇ ਵਿਸ਼ੇਸ਼

ਬਰਨਾਲਾ ਸ਼ਹਿਰ ਦੀ ਵੱਖੀ ’ਚ ਵੱਸੇ ਮਾਲਵੇ ਦੇ ਮਸ਼ਹੂਰ ਪਿੰਡ ਠੀਕਰੀਵਾਲਾ ’ਚ 24 ਅਗਸਤ 1886 ਨੂੰ ਮਾਤਾ ਹਰ ਕੌਰ ਦੀ ਕੁੱਖੋਂ ਪਿਤਾ ਸ੍ਰ. ਦੇਵਾ ਸਿੰਘ ਦੇ ਘਰ ਜਨਮੇ  (Seva Singh Thikriwala) ਸ੍ਰ. ਸੇਵਾ ਸਿੰਘ ਠੀਕਰੀਵਾਲਾ ਨੇ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਸਮੇਂ ਦੀ ਹਕੂਮਤ ਨਾਲ ਬੇਖੌਫ ਹੋ ਕੇ ਟੱਕਰ ਲਈ। ਪਿੰਡ ਠੀਕਰੀਵਾਲਾ ਉਸ ਸਮੇਂ ਪਟਿਆਲਾ ਰਿਆਸਤ ਦੇ ਅਧੀਨ ਆਉਂਦਾ ਸੀ। ਇਨ੍ਹਾਂ ਦੇ ਪਿਤਾ ਪਟਿਆਲਾ ਰਿਆਸਤ ਦੇ ਮਹਾਰਾਜੇ ਦੇ ਨਜ਼ਦੀਕੀ ਉੱਚ ਅਧਿਕਾਰੀਆਂ ਵਿੱਚੋਂ ਇੱਕ ਸਨ। ਪਰਿਵਾਰ ਦੀ ਰਿਹਾਇਸ਼ ਪਟਿਆਲਾ ਵਿਖੇ ਹੋਣ ਕਾਰਨ ਇਨ੍ਹਾਂ ਦੀ ਸਾਰੀ ਪੜ੍ਹਾਈ ਪਟਿਆਲਾ ਵਿਖੇ ਹੀ ਸੰਪੂਰਨ ਹੋਈ। ਇਹ ਪੰਜਾਬੀ, ਅੰਗਰੇਜੀ, ਉਰਦੂ ਅਤੇ ਫਾਰਸੀ ਭਾਸ਼ਾ ਦੇ ਚੰਗੇ ਗਿਆਤਾ ਸਨ। ਪੜ੍ਹਾਈ ਪੂਰੀ ਹੋਣ ਉਪਰੰਤ ਇਨ੍ਹਾਂ ਦੀ ਨਿਯੁਕਤੀ ਸਿਹਤ ਵਿਭਾਗ ਵਿੱਚ ਉੱਚ ਅਧਿਕਾਰੀ ਵਜੋਂ ਹੋ ਗਈ। ਇਨ੍ਹਾਂ ਨੇ ਬਤੌਰ ਸਿਹਤ ਅਫਸਰ ਬਰਨਾਲਾ ਵਿਖੇ ਸੇਵਾਵਾਂ ਨਿਭਾਉਂਦਿਆਂ ਹਜ਼ਾਰਾਂ ਲੋਕਾਂ ਨੂੰ ਪਲੇਗ ਦੇ ਜਾਨਲੇਵਾ ਰੋਗ ਤੋਂ ਮੁਕਤੀ ਦਿਵਾਈ।

ਅਮੀਰ ਪਰਿਵਾਰ ਵਿੱਚ ਪੈਦਾ ਹੋਣ ਦੇ ਬਾਵਜ਼ੂਦ  (Seva Singh Thikriwala) ਇਹ ਆਮ ਲੋਕਾਂ ਦੇ ਦਰਦਾਂ ਅਤੇ ਤਕਲੀਫਾਂ ਨੂੰ ਸਮਝਦਿਆਂ ਉਨ੍ਹਾਂ ਦੇ ਅਧਿਕਾਰਾਂ ਦੀ ਆਵਾਜ਼ ਬਣਦੇ ਰਹੇ। ਸਿੰਘ ਸਭਾ ਦੇ ਸਰਗਰਮ ਮੈਂਬਰ ਵਜੋਂ ਕੰਮ ਕਰਦਿਆਂ ਇਨ੍ਹਾਂ ਨੇ ਬਹੁਤ ਸਾਰੀਆਂ ਸਮਾਜ ਸੁਧਾਰਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਨਾਲ-ਨਾਲ ਸੈੈਕੜੇ ਨੌਜਵਾਨਾਂ ਨੂੰ ਅੰਮਿ੍ਰਤ ਛਕਣ ਲਈ ਪ੍ਰੇਰਿਤ ਕੀਤਾ। ਇਨ੍ਹਾਂ ਨੇ ਪਿੰਡ ਵਿੱਚ ਸਿੱਖਿਆ ਦੀ ਜੋਤ ਜਗਾਉਣ ਲਈ ਗੁਰਦੁਆਰਾ ਸਾਹਿਬ ਵਿਖੇ ਗੁਰਮੁਖੀ ਜਮਾਤਾਂ ਦਾ ਪ੍ਰਬੰਧ ਕੀਤਾ। ਸਮਾਜਿਕ ਗਤੀਵਿਧੀਆਂ ਅਤੇ ਅਧਿਕਾਰੀ ਪਦ ਵਿੱਚ ਤਾਲਮੇਲ ਨਾ ਬੈਠਣ ਕਾਰਨ ਇਨ੍ਹਾਂ ਨੇ ਸਰਕਾਰੀ ਅਹੁਦੇ ਦਾ ਤਿਆਗ ਕਰ ਦਿੱਤਾ। ਪਟਿਆਲਾ ਰਿਆਸਤ ਦੇ ਪਿੰਡ ਹੀਰੋ ਖੁਰਦ ਵਿਖੇ ਸਿੱਖਾਂ ਉੱਪਰ ਹੋਏ ਤਸ਼ੱਦਦ ਅਤੇ ਧੂਰੀ ਦੇ ਗੁਰਦੁਆਰਾ ਸੁਧਾਰ ਬਦਲੇ ਹੋਏ ਜ਼ਬਰ ਨੇ ਇਨ੍ਹਾਂ ਦੇ ਮਨ ਨੂੰ ਗਹਿਰਾ ਸਦਮਾ ਦਿੱਤਾ ਅਤੇ ਇਨ੍ਹਾਂ ਨੇ ਆਪਣੀ ਸਾਰੀ ਜਿੰਦਗੀ ਸਿੱਖੀ ਦੀ ਪ੍ਰਫੁੱਲਤਾ, ਸਮਾਜ ਸੁਧਾਰ, ਆਮ ਲੋਕਾਂ ਦੇ ਹੱਕਾਂ ਦੀ ਬਹਾਲੀ ਅਤੇ ਕੌਮੀ ਆਜ਼ਾਦੀ ਨੂੰ ਸਮਰਪਿਤ ਕਰਨ ਦਾ ਪ੍ਰਣ ਲਿਆ।

ਨਨਕਾਣਾ ਸਾਹਿਬ ਦੇ ਸਾਕੇ ਅਤੇ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਮੁਕਤੀ ਲਈ ਇਨ੍ਹਾਂ ਨੇ ਮੋਹਰੀ ਹੋ ਕੇ ਕੰਮ ਕੀਤਾ। ਪਿੰਡਾਂ ਦੇ ਲੋਕਾਂ ਨੂੰ ਇੱਕਮੁੱਠ ਕਰਦਿਆਂ ਇਨ੍ਹਾਂ ਨੇ ਅਨਿਆਂ ਵਿਰੁੱਧ ਆਵਾਜ਼ ਉਠਾਉਣ ਦਾ ਜਿਗਰਾ ਪੈਦਾ ਕਰ ਦਿੱਤਾ। ਇਨ੍ਹਾਂ ਦੀ ਹਰਮਨਪਿਆਰਤਾ ਅਤੇ ਸਮਾਜ ਸੁਧਾਰਕ ਗਤੀਵਿਧੀਆਂ ਸਮੇਂ ਦੇ ਸ਼ਾਸਕਾਂ ਨੂੰ ਰੜਕਣ ਲੱਗੀਆਂ। ਇਨ੍ਹਾਂ ਨੂੰ ਕਾਲੀ ਦਸਤਾਰ ਸਜਾਉਣ ਅਤੇ ਕਿਰਪਾਨ ਪਹਿਨਣ ਦੇ ਦੋਸ਼ ਹੇਠ ਗਿ੍ਰਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਇਨ੍ਹਾਂ ਦੀ ਜੇਲ੍ਹ ਯਾਤਰਾ ਦੌਰਾਨ ਹੀ ਬਾਬਾ ਖੜਕ ਸਿੰਘ ਨੇ ਪਰਜਾ ਮੰਡਲ ਦੀ ਸਥਾਪਨਾ ਕਰਕੇ ਇਨ੍ਹਾਂ ਨੂੰ ਪ੍ਰਧਾਨ ਦੀ ਜਿੰੰਮੇਵਾਰੀ ਸੌਂਪ ਦਿੱਤੀ। ਗੁਰਦੁਆਰਾ ਐਕਟ ਦੀ ਸਥਾਪਨਾ ਹੋਣ ’ਤੇ ਸਾਰੇ ਅਕਾਲੀ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ। ਪਰ ਪਟਿਆਲਾ ਰਿਆਸਤ ਦੀ ਪੁਲਿਸ ਨੇ ਇਨ੍ਹਾਂ ਨੂੰ ਗੜਵੀ ਚੋਰੀ ਕਰਨ ਦੇ ਝੂਠੇ ਕੇਸ ਵਿੱਚ ਫਸਾ ਕੇ ਮੁਕੱਦਮਾ ਦਰਜ਼ ਕਰਵਾ ਦਿੱਤਾ। ਦੋਸ਼ ਝਠੂਾ ਸਾਬਿਤ ਹੋਣ ’ਤੇ ਵੀ ਇਨ੍ਹਾਂ ਨੂੰ ਰਿਹਾਅ ਨਾ ਕੀਤਾ। ਬਾਬਾ ਖੜਕ ਸਿੰਘ ਵੱਲੋਂ ਇਨ੍ਹਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਵੱਲ ਵੀ ਪ੍ਰਸ਼ਾਸਨ ਨੇ ਕੋਈ ਧਿਆਨ ਨਾ ਦਿੱਤਾ। ਸੇਵਾ ਸਿੰਘ ਜੇਲ੍ਹ ਅਧਿਕਾਰੀਆਂ ਦੇ ਮਾੜੇ ਵਤੀਰੇ ਖਿਲਾਫ ਜੇਲ੍ਹ ਵਿੱਚ ਹੀ ਭੁੱਖ ਹੜਤਾਲ ’ਤੇ ਬੈਠ ਗਏ ਅਤੇ ਅਖੀਰ ਇਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਗਿਆ।

ਰਿਆਸਤੀ ਪਰਜਾ ਮੰਡਲ ਦੀਆਂ ਵਧਦੀਆਂ ਗਤੀਵਿਧੀਆਂ ਅਤੇ ਸੱਤਾ ਖਿਲਾਫ ਪੈਦਾ ਹੋ ਰਹੇ ਰੋਹ ਨੂੰ ਵੇਖਦਿਆਂ ਪਟਿਆਲਾ ਦੇ ਰਾਜੇ ਨੇ ਇਨ੍ਹਾਂ ਨੂੰ ਗੱਲਬਾਤ ਲਈ ਬੁਲਾਇਆ। ਇਨ੍ਹਾਂ ਵੱਲੋਂ ਰਾਜ ਵਿੱਚ ਆਜ਼ਾਦ ਚੋਣਾਂ ਦੀ ਮੰਗ ਰੱਖਣ ਕਾਰਨ ਗੱਲਬਾਤ ਕਿਸੇ ਤਣ-ਪੱਤਣ ਨਾ ਲੱਗ ਸਕੀ ਅਤੇ ਇਹ 1931 ਵਿੱਚ ਸ਼ਿਮਲਾ ਵਿਖੇ ਰਿਆਸਤੀ ਪਰਜਾ ਮੰਡਲ ਦੀ ਤੀਜੀ ਕਾਨਫਰੰਸ ਵਿੱਚ ਸ਼ਿਰਕਤ ਕਰਨ ਚਲੇ ਗਏ। ਜਿੱਥੇ ਉਹਨਾਂ ਰਾਜ ਦੇ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਮਹਾਤਮਾ ਗਾਂਧੀ ਨਾਲ ਵਿਚਾਰ-ਵਟਾਂਦਰਾ ਕੀਤਾ। ਇਨ੍ਹਾਂ ਨੇ ਸੰਗਰੂਰ ਜਿਲ੍ਹੇ ਦੇ ਪਿੰਡ ਖਡਿਆਲ ਵਿਖੇ ਹੋਈ ਅਕਾਲੀ ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਇਨਕਲਾਬੀ ਤਕਰੀਰ ਦਿੱਤੀ। ਉਪਰੰਤ ਇਨ੍ਹਾਂ ਨੇ ਦਿੱਲੀ ਵਿਖੇ ਹੋਈ ਰਿਆਸਤੀ ਪਰਜਾ ਮੰਡਲ ਦੀ ਚੌਥੀ ਕਾਨਫਰੰਸ ਵਿੱਚ ਜਬਰਦਸਤ ਤਰੀਕੇ ਨਾਲ ਆਜ਼ਾਦੀ ਦੀ ਗੱਲ ਰੱਖੀ। ਅੰਮਿ੍ਰਤਸਰ ਸਾਹਿਬ ਵਿਖੇ ਹੋਈ ਰਿਆਸਤੀ ਪਰਜਾ ਮੰਡਲ ਦੀ ਕਾਨਫਰੰਸ ਦੌਰਾਨ ਲਾਹੌਰ ਵਿਖੇ ਜੱਥੇ ਭੇਜਣ ਦਾ ਫੈਸਲਾ ਕੀਤਾ ਗਿਆ। ਸਮੇਂ ਦੀ ਨਾਜ਼ੁਕਤਾ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਅੰਮਿ੍ਰਤਸਰ ਸ਼ਹਿਰ ਛੱਡਣ ਦਾ ਆਦੇਸ਼ ਦਿੰਦਿਆਂ ਦੋ ਮਹੀਨੇ ਤੱਕ ਇਨ੍ਹਾਂ ਦੇ ਅੰਮਿ੍ਰਤਸਰ ਅਤੇ ਲਾਹੌਰ ਜਿਲ੍ਹੇ ਵਿੱਚ ਦਾਖਲੇ ’ਤੇ ਪਾਬੰਦੀ ਲਾ ਦਿੱਤੀ।

ਉਪਰੰਤ ਆਪਣੇ ਜੱਦੀ ਪਿੰਡ ਠੀਕਰੀਵਾਲਾ ਵਿਖੇ ਪੁੱਜਣ ’ਤੇ ਪਟਿਆਲਾ ਰਿਆਸਤ ਦੀ ਪੁਲਿਸ ਵੱਲੋਂ ਇਨ੍ਹਾਂ ਨੂੰ ਮੁੜ ਗਿ੍ਰਫਤਾਰ ਕਰ ਲਿਆ ਗਿਆ ਅਤੇ ਇਨ੍ਹਾਂ ਨੇ ਆਪਣੇ ਬਚਾਅ ਲਈ ਕੁੱਝ ਵੀ ਕਹਿਣ ਅਤੇ ਕਰਨ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਨੂੰ ਖਡਿਆਲ ਦੀ ਅਕਾਲੀ ਕਾਨਫਰੰਸ ਦੇ ਕੇਸ ਵਿੱਚ ਤਿੰਨ ਸਾਲ ਦੀ ਕੈਦ ਅਤੇ ਪੰਜ ਸੌ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ। ਤਕਰੀਬਨ ਛੇ ਮਹੀਨੇ ਜੇਲ੍ਹ ਵਿੱਚ ਬਿਤਾਉਣ ਉਪਰੰਤ ਇਹ ਜੇਲ੍ਹ ਅਧਿਕਾਰੀਆਂ ਦੇ ਮਾੜੇ ਸਲੂਕ ਖਿਲਾਫ ਭੁੱਖ ਹੜਤਾਲ ’ਤੇ ਬੈਠ ਗਏ। ਪ੍ਰਸ਼ਾਸਨ ਦੀ ਬੇਧਿਆਨੀ ਦੀ ਵਜ੍ਹਾ ਦੇ ਚੱਲਦਿਆਂ ਤਕਰੀਬਨ ਨੌਂ ਮਹੀਨਿਆਂ ਦੀ ਭੁੱਖ ਹੜਤਾਲ ਉਪਰੰਤ ਇਹ 20 ਜਨਵਰੀ 1935 ਨੂੰ ਜੇਲ੍ਹ ਵਿੱਚ ਹੀ ਸ਼ਹੀਦੀ ਪਾ ਗਏ। ਰਾਜ ਅਧਿਕਾਰੀਆਂ ਵੱਲੋਂ ਆਪ ਦੀਆਂ ਅਸਥੀਆਂ ਪੁਲਿਸ ਨਿਗਰਾਨੀ ਹੇਠ ਪਟਿਆਲਾ ਦੇ ਗੁਰਦੁਆਰਾ ਸਾਹਿਬ ਨਿਹੰਗਾਂ ਦੀ ਬਗੀਚੀ ਵਿੱਚ ਰੱਖੀਆਂ ਗਈਆਂ। ਪਟਿਆਲਾ ਰਿਆਸਤ ਦੇ ਰਾਜੇ ਮਹਾਰਾਜਾ ਯਾਦਵਿੰਦਰ ਸਿੰਘ ਨੇ 1938 ਵਿੱਚ ਇਨ੍ਹਾਂ ਦੀਆਂ ਅਸਥੀਆਂ ਪੂਰੇ ਸਰਕਾਰੀ ਸਨਮਾਨਾਂ ਨਾਲ ਉਹਨਾਂ ਦੇ ਜੱਦੀ ਪਿੰਡ ਠੀਕਰੀਵਾਲ ਵਿਖੇ ਭੇਜੀਆਂ। ਇਸ ਮਹਾਨ ਕੌਮੀ ਪਰਵਾਨੇ ਦੀ ਸ਼ਹਾਦਤ ਨੂੰ ਸਜਦਾ ਕਰਨ ਲਈ ਉਹਨਾਂ ਦੀ ਬਰਸੀ ਹਰ੍ਹ ਵਰ੍ਹੇ ਉਹਨਾਂ ਦੇ ਪਿੰਡ ਠੀਕਰੀਵਾਲ (ਬਰਨਾਲਾ) ਵਿਖੇ 18, 19 ਅਤੇ 20 ਜਨਵਰੀ ਨੂੰ ਮਨਾਈ ਜਾਂਦੀ ਹੈ।

ਬਿੰਦਰ ਸਿੰਘ ਖੁੱਡੀ ਕਲਾਂ
ਸ਼ਕਤੀ ਨਗਰ, ਬਰਨਾਲਾ।
ਮੋ. 98786-05965

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ