‘ਆਮ ਮੰਤਰੀ ਨੂੰ ਚਾਹੀਦੈ ਖ਼ਾਸ ਦਫ਼ਤਰ’, ਚੇਤਨ ਜੌੜਾਮਾਜਰਾ ਨੇ 4 ਮਹੀਨਿਆਂ ’ਚ ਲਿਆ ‘ਤੀਜਾ ਦਫ਼ਤਰ’

5ਵੀਂ ਮੰਜ਼ਿਲ ਦਾ ਦਫ਼ਤਰ ਪਹਿਲਾਂ ਨਹੀਂ ਆਇਆ ਸੀ ਪਸੰਦ, ਹੁਣ 6ਵੀਂ ਮੰਜ਼ਿਲ ਦੇ ਦਫ਼ਤਰ ਤੋਂ ਵੀ ਭਰਿਆ ਦਿਲ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੂੰ ਕੁਝ ਜਿਆਦਾ ਹੀ ਖ਼ਾਸ ਦਫ਼ਤਰ ਚਾਹੀਦਾ ਹੈ। ਇਸ ਕਾਰਨ ਪਿਛਲੇ 4 ਮਹੀਨਿਆਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਵੱਲੋਂ ਤੀਜਾ ਦਫ਼ਤਰ ਅਲਾਟ ਕਰਵਾ ਲਿਆ ਗਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ’ਚ ਕੈਬਨਿਟ ਮੰਤਰੀ ਚੇਤਨ ਜੌੜਾਮਾਜਰਾ ਦੀ ਪਸੰਦ ਕੁਝ ਜਿਆਦਾ ਹੀ ਖ਼ਾਸ ਹੋ ਰਹੀ ਹੈ, ਇਸੇ ਕਰਕੇ ਇਸ ਤੋਂ ਪਹਿਲਾਂ ਅਲਾਟ ਹੋਏ ਦੋਵੇਂ ਦਫ਼ਤਰ ਕੈਬਨਿਟ ਮੰਤਰੀ ਚੇਤਨ ਜੋੜਾਮਾਜਰਾ ਨੂੰ ਪਸੰਦ ਨਹੀਂ ਆਏ ਹਨ।

ਹਾਲਾਂਕਿ 6ਵੀਂ ਮੰਜ਼ਿਲ ’ਤੇ ਦਫ਼ਤਰ ਨੰਬਰ 38 ਖ਼ੁਦ ਚੇਤਨ ਜੋੜਾਮਾਜਰਾ ਵੱਲੋਂ ਪਸੰਦ ਕਰਕੇ ਹੀ ਅਲਾਟ ਕਰਵਾਇਆ ਸੀ ਪਰ ਹੁਣ ਉਹ ਦਫ਼ਤਰ ਵੀ ਉਨ੍ਹਾਂ ਦੇ ਦਿਲੋਂ ਉਤਰ ਗਿਆ ਹੈ, ਜਿਸ ਕਾਰਨ ਹੁਣ ਉਨ੍ਹਾਂ ਵੱਲੋਂ ਦਫ਼ਤਰ ਨੰਬਰ 33 ਅਲਾਟ ਕਰਵਾ ਲਿਆ ਹੈ। ਇਸ ਦਫ਼ਤਰ ਨੰਬਰ 33 ’ਚ ਪਿਛਲੀ ਸਰਕਾਰ ਦੌਰਾਨ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਬੈਠਦੇ ਸਨ ਤੇ ਇਸ ਸਰਕਾਰ ’ਚ ਹੁਣ ਤੱਕ ਕਿਸੇ ਨੂੰ ਅਲਾਟ ਨਹੀਂ ਹੋਇਆ ਸੀ। ਹੁਣ 6ਵੀਂ ਮੰਜ਼ਿਲ ’ਤੇ ਸਥਿਤ ਦਫ਼ਤਰ ਨੰਬਰ 33 ਚੇਤਨ ਸਿੰਘ ਜੋੜਾਮਾਜਰਾ ਦਾ ਨਵਾਂ ਦਫ਼ਤਰੀ ਪਤਾ ਹੋਏਗਾ।

ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਕੈਬਨਿਟ ’ਚ 5 ਜੁਲਾਈ ਨੂੰ ਵਾਧਾ ਕਰਦੇ ਹੋਏ 5 ਕੈਬਨਿਟ ਮੰਤਰੀਆਂ ਨੂੰ ਸਹੁੰ ਚੁਕਵਾਈ ਗਈ ਸੀ ਤਾਂ ਇਸ 5 ਕੈਬਨਿਟ ਮੰਤਰੀਆਂ ਦੀ ਲਿਸਟ ’ਚ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਵੀ ਸ਼ਾਮਲ ਸਨ। ਕੈਬਨਿਟ ਮੰਤਰੀਆਂ ਨੂੰ ਸਹੁੰ ਚੁਕਵਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਹਤ ਵਿਭਾਗ ਤੇ ਮੈਡੀਕਲ ਸਿੱਖਿਆ ਵਰਗੇ ਵੱਡੇ ਵਿਭਾਗ ਚੇਤਨ ਸਿੰਘ ਜੋੜਾਮਾਜਰਾ ਨੂੰ ਦਿੱਤੇ ਤਾਂ ਉਨ੍ਹਾਂ ਨੂੰ ਪੰਜਾਬ ਸਿਵਲ ਸਕੱਤਰੇਤ ’ਚ ਬੈਠਣ ਲਈ 5ਵੀਂ ਮੰਜ਼ਿਲ ’ਤੇ ਦਫ਼ਤਰ ਨੰਬਰ 6 ਅਲਾਟ ਕੀਤਾ ਗਿਆ ਸੀ।

ਇਸ ਦਫ਼ਤਰ ’ਚ ਮੁਸ਼ਕਿਲ ਨਾਲ ਹਫ਼ਤਾ ਭਰ ਰਹਿੰਦੇ ਹੋਏ ਚੇਤਨ ਸਿੰਘ ਜੋੜਾਮਾਜਰਾ ਵੱਲੋਂ 6ਵੀ ਮੰਜ਼ਿਲ ‘ਤੇ ਵੱਡਾ ਦਫ਼ਤਰ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖ ਦਿੱਤਾ ਗਿਆ, ਜਿਸ ਨੂੰ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਹੀ ਮਨਜ਼ੂਰ ਵੀ ਕਰ ਲਿਆ ਹੈ। ਹੁਣ ਚੇਤਨ ਸਿੰਘ ਜੋੜਾਮਾਜਰਾ ਦਫ਼ਤਰ
ਨੰਬਰ 33 ’ਚ ਬੈਠਣਗੇ।

ਲਗਜ਼ਰੀ ਦਫ਼ਤਰ ਐ 38 ਨੰਬਰ, ਵੱਡੇ ਮੰਤਰੀਆਂ ਕੋਲ ਰਿਹਾ ਦਫ਼ਤਰ

ਚੇਤਨ ਸਿੰਘ ਜੌੜਾਮਾਜਰਾ ਜਿਹੜੇ ਦਫ਼ਤਰ ਨੰਬਰ 38 ਨੂੰ ਛੱਡ ਰਹੇ ਹਨ, ਉਹ ਬਾਕੀ ਦਫ਼ਤਰਾਂ ਨਾਲੋਂ ਘੱਟ ਨਹੀਂ ਹੈ। ਦਫ਼ਤਰ ਨੰਬਰ 38 ਲਗਜ਼ਰੀ ਹੋਣ ਦੇ ਨਾਲ ਹੀ ਹਰ ਤਰਾਂ ਦੀ ਸੁਖ ਸੁਵਿਧਾ ਨਾਲ ਲੈੱਸ ਹੈ। ਇਹ ਦਫ਼ਤਰ ਬਾਕੀ ਦਫ਼ਤਰਾਂ ਦੇ ਮੁਕਾਬਲੇ ਵੱਡਾ ਵੀ ਹੈ ਫਿਰ ਵੀ ਚੇਤਨ ਸਿੰਘ ਜੌੜਾਮਾਜਰਾ ਇਸ ਦਫ਼ਤਰ ਵਿੱਚ ਪੌਣੇ 4 ਮਹੀਨੇ ਰਹਿਣ ਤੋਂ ਬਾਅਦ ਇਸ ਨੂੰ ਬਦਲਣ ਜਾ ਰਹੇ ਹਨ। ਇਸ ਦਫ਼ਤਰ ਨੰਬਰ 38 ਵਿੱਚ ਪਿਛਲੀ ਸਰਕਾਰਾਂ ਦੌਰਾਨ ਕਈ ਵੱਡੇ ਮੰਤਰੀ ਬੈਠਦੇ ਰਹੇ ਹਨ। ਪਿਛਲੀ ਸਰਕਾਰ ਵਿੱਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾਂ ਸਿਹਤ ਵਿਭਾਗ ਅਤੇ ਸਥਾਨਕ ਸਰਕਾਰਾਂ ਵਿਭਾਗ ਇਸੇ ਦਫ਼ਤਰ ਵਿੱਚ ਬੈਠ ਕੇ 5 ਸਾਲ ਤੱਕ ਚਲਾ ਚੁੱਕੇ ਹਨ। ਅਕਾਲੀ-ਭਾਜਪਾ ਸਰਕਾਰ ਦੌਰਾਨ ਵੀ ਇਹ ਦਫ਼ਤਰ ਕਈ ਵੱਡੇ ਕੈਬਨਿਟ ਮੰਤਰੀਆਂ ਕੋਲ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ