ਵਿੱਤ ਵਿਭਾਗ ਨੇ ਪਨਬਸ ਦੀਆਂ 371 ਕਰਜ਼ਾ ਮੁਕਤ ਬੱਸਾਂ ਦੇ ਪੰਜਾਬ ਰੋਡਵੇਜ਼ ਵਿੱਚ ਰਲੇਵੇਂ ਨੂੰ ਦਿੱਤੀ ਮਨਜ਼ੂਰੀ : ਹਰਪਾਲ ਸਿੰਘ ਚੀਮਾ
- ਸਾਲ 2023-24 ਦੌਰਾਨ ਇਸ ਲਈ ਲੋੜੀਂਦੇ 73 ਕਰੋੜ ਰੁਪਏ ਦੇ ਬਜਟ ਨੂੰ ਵੀ ਦਿੱਤੀ ਮਨਜ਼ੂਰੀ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਵਿੱਤ ਵਿਭਾਗ ਨੇ ਪਨਬਸ ( Punbus Bus) ਦੀਆਂ 371 ਕਰਜ਼ਾ ਮੁਕਤ ਬੱਸਾਂ ਨੂੰ ਪੰਜਾਬ ਰੋਡਵੇਜ਼ ਦੇ ਬੇੜੇ ਵਿੱਚ ਰਲੇਵੇਂ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨਾਂ ਦੱਸਿਆ ਕਿ ਵਿਭਾਗ ਵੱਲੋਂ ਇਸ ਵਿੱਤੀ ਵਰੇ ਦੌਰਾਨ ਇਸ ਫੈਸਲੇ ਕਾਰਨ ਆਉਣ ਵਾਲੇ 73 ਕਰੋੜ ਰੁਪਏ ਦੇ ਖਰਚੇ ਨੂੰ ਪੂਰਾ ਕਰਨ ਲਈ ਬਜਟ ਨੂੰ ਵੀ ਮਨਜ਼ੂਰ ਕੀਤਾ ਗਿਆ ਹੈ।
ਰਲੇਵੇਂ ਨਾਲ ਬੱਸਾਂ ਦੀ ਗਿਣਤੀ ਹੋਈ 486 ( Punbus Bus)
ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਿਆ ਗਿਆ ਹੈ, ਜੋ ਪੰਜਾਬ ਰੋਡਵੇਜ਼ ਨੂੰ ਮੁੜ ਵਿਕਾਸ ਦੀਆਂ ਲੀਹਾਂ ’ਤੇ ਲਿਆਉਣ ਲਈ ਵਚਨਬੱਧ ਹਨ। ਉਨਾਂ ਕਿਹਾ ਕਿ ਪੰਜਾਬ ਰੋਡਵੇਜ਼ ਦੇ ਫਲੀਟ ਵਿੱਚ ਸਿਰਫ਼ 115 ਬੱਸਾਂ ਰਹਿ ਗਈਆਂ ਸਨ ਅਤੇ ਇਸ ਰਲੇਵੇਂ ਨਾਲ ਇਹ ਗਿਣਤੀ 486 ਹੋ ਜਾਵੇਗੀ।
ਫੈਸਲੇ ਨਾਲ ਪੰਜਾਬ ਰੋਡਵੇਜ਼ ਨੂੰ ਇਸ ਵਿੱਤੀ ਸਾਲ ਦੌਰਾਨ 90 ਕਰੋੜ ਰੁਪਏ ਦੀ ਆਮਦਨ ਹੋਵੇਗੀ
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਰੋਡਵੇਜ਼ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਹੋਵੇਗਾ। ਉਨਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਦੀ ਤਜਵੀਜ਼ ਵਿੱਚ ਸ਼ਾਮਲ ਅਨੁਮਾਨਾਂ ਅਨੁਸਾਰ ਪੂਰੇ ਵਿੱਤੀ ਸਾਲ 2023-24 ਲਈ ਪੰਜਾਬ ਰੋਡਵੇਜ਼ ਵੱਲੋਂ ਇਨਾਂ 371 ਬੱਸਾਂ ਨੂੰ ਚਲਾਉਣ ’ਤੇ 138.70 ਕਰੋੜ ਰੁਪਏ ਦੀ ( Punbus Bus) ਆਮਦਨ ਦੇ ਨਾਲ 109.61 ਕਰੋੜ ਰੁਪਏ ਦਾ ਅਨੁਮਾਨਤ ਖਰਚਾ ਹੋਣ ਦੀ ਸੰਭਾਵਨਾ ਸੀ। ਉਨਾਂ ਕਿਹਾ ਕਿ ਇਸ ਵਿੱਤੀ ਸਾਲ ਦੇ ਬਾਕੀ ਰਹਿੰਦੇ 8 ਮਹੀਨਿਆਂ ਦੇ ਸੰਸ਼ੋਧਿਤ ਅਨੁਮਾਨਾਂ ਅਨੁਸਾਰ, ਪੰਜਾਬ ਰੋਡਵੇਜ਼ ਨੂੰ 90 ਕਰੋੜ ਰੁਪਏ ਦੀ ਕਮਾਈ ਅਤੇ 73 ਕਰੋੜ ਰੁਪਏ ਦੇ ਖਰਚੇ ਕੱਢਣ ਉਪਰੰਤ 17 ਕਰੋੜ ਰੁਪਏ ਦਾ ਮੁਨਾਫਾ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਖਤਮ ਹੋਇਆ ਇੰਤਜ਼ਾਰ, ਖਾਤੇ ’ਚ ਆਉਣ ਵਾਲੇ ਹਨ ਰੁਪਏ 2 ਹਜ਼ਾਰ!
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਉਨਾਂ ਸਾਰੇ ਵਿਭਾਗਾਂ ਨੂੰ ਜੋ ਕਦੇ ਸੂਬੇ ਦਾ ਮਾਣ ਸਨ, ਨੂੰ ਮੁੜ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿੱਤ ਵਿਭਾਗ ਇਸ ਸਬੰਧੀ ਰਣਨੀਤੀ ਉਲੀਕਣ ਲਈ ਅਜਿਹੇ ਪ੍ਰਮੁੱਖ ਵਿਭਾਗਾਂ ਨਾਲ ਲਗਾਤਾਰ ਮੀਟਿੰਗਾਂ ਕਰ ਰਿਹਾ ਹੈ।